ਕੁਰਾਲੀ , 16 ਦਸੰਬਰ : ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਨਿਰੀਖਣ ਲਈ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਬੂਥਗੜ੍ਹ, ਕੁਰਾਲੀ ਅਤੇ ਘੜੂੰਆਂ ਦੀਆਂ ਸਿਹਤ ਸੰਸਥਾਵਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਉਨ੍ਹਾਂ ਨੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ, ਕਮਿਊਨਿਟੀ ਹੈਲਥ ਸੈਂਟਰ ਕੁਰਾਲੀ ਅਤੇ ਪ੍ਰਾਇਮਰੀ ਹੈਲਥ ਸੈਂਟਰ ਘੜੂੰਆਂ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਮੁਆਇਨਾ ਕੀਤਾ ਅਤੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਿਆ। ਉਨ੍ਹਾਂ ਨੇ ਉਚੇਚੇ ਤੌਰ ’ਤੇ ਕੋਵਿਡ ਸੈਂਪਲਿੰਗ ਅਤੇ ਟੀਕਾਕਰਨ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ। ਸਿਵਲ ਸਰਜਨ ਨੇ ਐਮਰਜੈਂਸੀ ਵਾਰਡ, ਲੇਬਰ ਰੂਮ, ਲੈਬ ਆਦਿ ਵਿਚ ਜਾ ਕੇ ਵੀ ਨਿਰੀਖਣ ਕੀਤਾ ਅਤੇ ਜ਼ਰੂਰੀ ਦਵਾਈਆਂ ਦੀ ਉਪਲਭਧਤਾ ਬਾਰੇ ਜਾਣਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੌਰੇ ਦਾ ਮੰਤਵ ਜਿਥੇ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੇ ਮੁਕਾਬਲੇ ਲਈ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਨਾ ਸੀ, ਉਥੇ ਇਨ੍ਹਾਂ ਸੰਸਥਾਵਾਂ ਵਿਚ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਅਤੇ ਵੱਖ-ਵੱਖ ਸਿਹਤ ਯੋਜਨਾਵਾਂ ਦੇ ਲਾਗੂਕਰਨ ਦੀ ਪ੍ਰਗਤੀ ਬਾਰੇ ਵੀ ਜਾਣਨਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਸਿਹਤ ਸੰਸਥਾਵਾਂ ਵਿਚ ਤਮਾਮ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੁਹਰਾਇਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਸੈਂਪਲਿੰਗ ਅਤੇ ਟੀਕਾਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਸਮੇਂ ਸਿਰ ਕੋਵਿਡ ਜਾਂਚ ਕਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬੀਮਾਰੀ ਦਾ ਸ਼ੁਰੂਆਤ ਵਿਚ ਹੀ ਪਤਾ ਲਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਜਿੰਨੀ ਜ਼ਿਆਦਾ ਜਾਂਚ ਅਤੇ ਸੈਂਪਲਿੰਗ ਹੋਵੇਗੀ, ਓਨਾ ਜ਼ਿਆਦਾ ਅਸੀਂ ਇਸ ਬੀਮਾਰੀ ਦਾ ਫੈਲਾਅ ਰੋਕਣ ਵਿਚ ਕਾਮਯਾਬ ਹੋਵਾਂਗੇ। ਕਈ ਵਾਰ ਮਰੀਜ਼ ਹਾਲਤ ਜ਼ਿਆਦਾ ਵਿਗੜਨ ਮਗਰੋਂ ਹੀ ਹਸਪਤਾਲਾਂ ਵਿਚ ਪੁੱਜਦੇ ਹਨ। ਇਸ ਲਈ ਹਲਕੇ ਲੱਛਣ ਦਿਸਣ ਜਾਂ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ’ਤੇ ਕੋਵਿਡ ਦੀ ਜਾਂਚ ਕਰਾਉਣੀ ਚਾਹੀਦੀ ਹੈ ਜੋ ਵਿਅਕਤੀ ਦੇ ਅਪਣੇ ਅਤੇ ਸਮੁੱਚੇ ਤੌਰ ’ਤੇ ਸਮਾਜ ਦੇ ਭਲੇ ਵਾਲੀ ਗੱਲ ਹੈ।’ ਸਿਵਲ ਸਰਜਨ ਨੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪੋ ਅਪਣੇ ਏਰੀਏ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਗਤੀਵਿਧੀਆਂ ਤੇਜ਼ ਕਰਨ।
ਸਿਵਲ ਸਰਜਨ ਨੇ ਲੋਕਾਂ ਨੂੰ ਮੁੜ ਬੇਨਤੀ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਸਮਾਜਕ ਦੂਰੀ ਕਾਇਮ ਰੱਖੀ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ, ਡਾ. ਰਾਜਿੰਦਰ ਭੂਸ਼ਣ, ਡਾ. ਸੁਰਿੰਦਰਪਾਲ ਕੌਰ ਸਮੇਤ ਹੋਰ ਸਟਾਫ਼ ਮੌਜੂਦ ਸੀ।
No comments:
Post a Comment