ਭੁਲੱਥ (ਕਪੂਰਥਲਾ), 21 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ
ਕਿਹਾ, ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਅਤੇ ਗੁਟਕਾ ਸਾਹਿਬ ਦੀ
ਝੂਠੀ ਸਹੁੰ ਚੁੱਕਣ ਵਾਲੇ ਅੱਜ ਰੁਲ਼ਦੇ ਫਿਰਦੇ ਹਨ। ਰੱਬ ਜਦੋਂ ਮਾਰਦਾ ਤਾਂ ਮੱਤ ਹੀ
ਮਾਰਦਾ। ਗੁਰੂ ਨਾਲ ਧੋਖਾ ਕਾਰਨ ਵਾਲਿਆਂ ਕੋਲ ਹੁਣ ਕੋਈ ਤਾਕੀ ਖੋਲ੍ਹਣ ਵਾਲਾ ਨਹੀਂ।
ਇਨ੍ਹਾਂ ’ਤੇ ਯਕੀਨ ਨਾ ਕਰਿਓ।’’
ਮਾਨ ਮੰਗਲਵਾਰ ਨੂੰ ਦੁਆਬੇ ਦੀ ਸਰਜ਼ਮੀਂ ’ਤੇ ਵਿਧਾਨ ਸਭਾ ਹਲਕਾ ਭੁਲੱਥ ਵਿਖੇ ‘ਆਪ’ ਵੱਲੋਂ
ਕਰਵਾਈ ਗਈ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ
ਕਿਹਾ ਕਿ ਜੇ ਕਿਸਮਤ ਬਦਲਣੀ ਹੈ ਤਾਂ ਵੋਟਾਂ ਵਾਲੀ ਮਸ਼ੀਨ ਦਾ ਬਟਨ ਬਦਲ ਲਵੋ। ਇਸ ਵਾਰ
‘ਝਾੜੂ’ ਵਾਲਾ ਬਟਨ ਦੱਬ ਲਵੋ, ਫਿਰ ਬਾਕੀ ਸਾਰਿਆਂ ਨੂੰ ਭੁੱਲ ਜਾਵੋਂਗੇ।
ਭਗਵੰਤ ਮਾਨ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘‘2017 ਦੀਆਂ ਚੋਣਾ ਵੇਲੇ ਪੰਜਾਬ
ਵਾਸੀਆਂ ਨੇ ਜਿਹੜਾ ਫ਼ਤਵਾ ਦਿੱਤਾ ਸੀ, ਅਸੀਂ ਉਸ ਨੂੰ ਸਿਰ ਮੱਥੇ ਲਾਇਆ ਹੈ, ਪਰ ਹੁਣ ਲੋਕ
ਜਿੱਤਣ ਵਾਲਿਆਂ ਤੋਂ ਹਿਸਾਬ ਜ਼ਰੂਰ ਮੰਗਣ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੱਕੀ ਸੀ ਕਿ ਉਹ ਨਸ਼ਾ ਦਾ ਲੱਕ ਤੋੜਨਗੇ ਅਤੇ
ਘਰ ਘਰ ਨੌਕਰੀ ਦੇਵੇਗਾ। ਪਰ ਕੈਪਟਨ ਸਿਸਵਾ ਵਾਲੇ ਮਹੱਲ ਵਿੱਚ ਹੀ ਆਰਾਮ ਫਰਮਾਉਂਦਾ ਰਿਹਾ।
ਨਾ ਨਸ਼ੇ ਦੇ ਸੁਦਾਗਰਾਂ ਦਾ ਲੱਕ ਟੁੱਟਿਆਂ ਅਤੇ ਨਾ ਹੀ ਨੌਜਵਾਨਾਂ ਨੂੰ ਕੋਈ ਨੌਕਰੀ
ਮਿਲੀ।’’ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ
ਕੈਪਟਨ ਅਤੇ ਸੁਖਬੀਰ ਬਾਦਲ ਦੋਵੇਂ ਰਲ਼ੇ ਹੋਏ ਸਨ ਅਤੇ ਹੁਣ ਦੋਵੇਂ ਰੁਲ਼ ਰਹੇ ਹਨ। ਸੁਖਬੀਰ
ਬਾਦਲ ਨੇ ਬੇਅਦਬੀ ਕਰਵਾਈ। ਹੁਣ ਉਨ੍ਹਾਂ ਕੋਲ ਤਾਕੀ ਖੋਲ੍ਹਣ ਵਾਲਾ ਭਾਵ ਸਰਕਾਰੀ ਅਮਲਾ
ਫੈਲਾ ਨਹੀਂ ਹੈ।
ਸੱਤਾਧਾਰੀ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਲੋਚਨਾ ਕਰਦਿਆਂ ਭਗਵੰਤ
ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ ਅਤੇ ਹੋਰ ਆਗੂ ਆਪਸ ਵਿੱਚ ਲੜਦੇ
ਰਹਿੰਦੇ ਹਨ। ਮੁੱਖ ਮੰਤਰੀ ਦਾਅਵੇ ਕਰਦੇ ਹਨ ਕਿ ਉਹ ਇਹ ਵੀ ਕਰ ਲੈਂਦੇ ਹਨ। ਇਹ ਹੀ ਕਰਦਾ
ਹੁੰਦਾ ਸੀ। ਪੰਜਾਬ ਵਿੱਚ ਸਰਕਾਰ ਨਹੀਂ ਕਾਂਗਰਸ ਦੀ ਸਰਕਸ ਚੱਲ ਰਹੀ ਹੈ। ਉਨ੍ਹਾਂ ਕਿਹਾ
ਮੁੱਖ ਮੰਤਰੀ ਕੋਲ ਆਪਣੇ ਲੋਕਾਂ ਲਈ ਦੂਰਦਰਸ਼ੀ ਵਿਜ਼ਿਨ ਜਾਂ ਕੋਈ ਨੀਤੀ ਹੋਣੀ ਚਾਹੀਦੀ ਹੈ,
ਨਾ ਕਿ ਹਵਾਈ ਵਾਅਦੇ ਦਾਗਣੇ ਚਾਹੀਦੇ ਹਨ।
‘ਆਪ’ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਸਖ਼ਤ ਅਲੋਚਨਾ
ਕਰਦਿਆਂ ਕਿਹਾ, ‘‘ਸਿਲੇਬਸ ਦੇ ਰਾਹੀਂ ਹੀ ਸਾਨੂੰ ਦੱਬ ਕੇ ਰੱਖਿਆ ਜਾਂਦਾ ਹੈ। ਅਣਖ ਨਾਲ
ਜਿਊਣਾ ਨਹੀਂ ਸਿਖਾਇਆ ਜਾਂਦਾ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪਹਿਲਾਂ ਹੀ
ਝੂਠ ਬੋਲਣ ਅਤੇ ਮੁਆਫ਼ੀ ਮੰਗਣ ਲਈ ਪੜ੍ਹਾਇਆ ਤੇ ਸਿਖਾਇਆ ਜਾਂਦਾ ਹੈ। ਕਦੇ ਫ਼ੀਸ ਮੁਆਫ਼ੀ
ਅਤੇ ਜੁਰਮਾਨਾ ਮੁਆਫ਼ੀ। ਫਿਰ ਅੱਗੇ ਚੱਲ ਕੇ ਕਰਜ਼ਾ ਮੁਆਫ਼ੀ ਬਣ ਜਾਂਦਾ ਹੈ।’’ ਉਨ੍ਹਾਂ ਕਿਹਾ
ਕਿ ਇਹ ਨਿਜ਼ਾਮ ਬਦਲਣਾ ਹੈ ਅਤੇ ਇਸ ਦੀ ਸ਼ੁਰੂਆਤ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ
ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰ ਦਿੱਤੀ ਹੈ। ਕੇਜਰੀਵਾਲ ਨੇ ਸਿੱਧ ਕਰ ਦਿੱਤਾ ਕਿ ਜਦੋਂ
ਆਮ ਲੋਕਾਂ ਕੋਲ ਸੱਤਾ ਆ ਜਾਂਦੀ ਹੈ ਤਾਂ ਸਭ ਕੁੱਝ ਸੁਧਾਰਿਆਂ ਜਾ ਸਕਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਵੀ ਵਾਅਦੇ ਕਰਦੀ ਹੈ, ਉਨ੍ਹਾਂ ਦਾ
ਪੂਰਾ ਪ੍ਰਬੰਧ ਵੀ ਕਰਦੀ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ
ਧੀਆਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗੱਲ ਕੀਤੀ ਤਾਂ ਇਸ ਦੇ ਲਈ ਪੈਸੇ ਦਾ ਪ੍ਰਬੰਧ
ਵੀ ਕੀਤਾ ਹੈ। ਮਾਨ ਨੇ ਦੱਸਿਆ ਕਿ ਔਰਤਾਂ ਨੂੰ 1000 ਰੁਪਏ ਦੇਣ ਲਈ ਕੇਵਲ 8200 ਕਰੋੜ
ਰੁਪਏ ਦੀ ਲੋੜ ਹੈ, ਜਿਹੜਾ ਕੇਵਲ ਰੇਤ ਮਾਫ਼ੀਆਂ ਬੰਦ ਕਰਨ ’ਤੇ ਮਿਲ ਜਾਵੇਗਾ ਕਿਉਂਕਿ ਰੇਤ
ਮਾਫ਼ੀਆ ਵੱਲੋਂ 20 ਹਜ਼ਾਰ ਕਰੋੜ ਰੁਪਏ ਦੀ ਚੋਰੀ ਕੀਤੀ ਜਾਂਦੀ ਅਤੇ ਇਹ ਪੈਸੇ ਕਾਂਗਰਸੀਆਂ
ਦੀਆਂ ਜੇਬਾਂ ਵਿੱਚ ਜਾਂਦਾ ਹੈ।
ਭਗਵੰਤ ਮਾਨ ਨੇ ਕਹਾਣੀ ਸੁਣਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਤਾ ਦੀ ਚਾਦਰ ਚੋਰਾਂ (ਕਾਂਗਰਸੀ, ਬਾਦਲਾਂ ਅਤੇ ਭਾਜਪਾਈਆਂ) ਤੋਂ ਛੁਡਵਾ ਕੇ ਇਮਾਨਦਾਰ ਲੋਕਾਂ ‘ਆਪ’ ਦੇ ਹੱਥ ਫੜਾ ਦੇਵੋ ਚੋਰੀਆਂ ਅਤੇ ਭ੍ਰਿਸ਼ਟਾਚਾਰ ਬੰਦ ਹੋ ਜਾਵੇਗਾ। ਕਾਂਗਰਸ ਅਤੇ ਅਕਾਲੀ ਦਲ- ਭਾਜਪਾ ਨੂੰ ਵਾਰ- ਵਾਰ ਪਰਖ ਕੇ ਦੇਖ ਲਿਆ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦੇ ਕੇ ਦੇਖੋ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 70 ਸਾਲ ਕਾਂਗਰਸੀਆਂ ਅਤੇ ਅਕਾਲੀਆਂ ਕੋਲੋਂ ਇਲਾਜ ਕਰਵਾਇਆ, ਪਰ ਕਰਜ਼, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ੇ ਦਾ ਰੋਗ ਠੀਕ ਨਹੀਂ ਹੋਇਆ, ਇਸ ਲਈ ਇੱਕ ਵਾਰ ‘ਆਪ’ ਵੱਲੋਂ ‘ਥੌਲ਼ਾ ਜਾਂ ਝਾੜਾ’ ਕਰਾਉਣ ਲਈ ‘ਝਾੜੂ’ ਵਾਲਾ ਬਟਨ ਦੱਬ ਦਿਓ, ਫਿਰ ਤੁਹਾਨੂੰ ਮੁੜ ਕੇ ਕਿਸੇ ਕੋਲੋਂ ਇਲਾਜ ਕਰਾਉਣ ਦੀ ਲੋੜ ਨਹੀਂ ਪਵੇਗੀ।
No comments:
Post a Comment