ਅੰਮ੍ਰਿਤਸਰ, 15 ਦਸੰਬਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ''ਪੰਜਾਬ ਯੋਧਿਆਂ ਅਤੇ ਸ਼ਹੀਦਾਂ ਦੀ ਧਰਤੀ ਹੈ। ਇੱਥੇ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ ਹੈ। ਸਾਡੀ ਜਲੰਧਰ ਵਾਲੀ ਤਿਰੰਗਾ ਯਾਤਰਾ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸਮਰਪਿਤ ਹੈ।'' ਕੇਜਰੀਵਾਲ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਰਹੇ ਸਨ ਅਤੇ ਅੱਜ ਉਹ ਜਲੰਧਰ ਵਿਖੇ 'ਆਪ' ਦੀ ਹੋਣ ਵਾਲੀ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇ ਸਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਭਗਤੀ 'ਚ ਪੰਜਾਬ ਨੇ ਹਮੇਸ਼ਾ ਮੋਹਰੀ ਭੂਮਿਕਾ ਅਦਾ ਕੀਤੀ ਹੈ। ਬਾਹਰੀ ਹਮਲਾਵਰਾਂ ਅੱਗੇ ਪੰਜਾਬ ਸਦੀਆਂ ਤੋਂ ਚੱਟਾਨ ਵਾਂਗ ਡੱਟਦਾ ਆਇਆ ਹੈ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਅਤੇ ਪੰਜਾਬੀਆਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ। ਅੱਜ ਵੀ ਸਰਹੱਦਾਂ ਦੀ ਰਾਖੀ ਕਰਦੇ ਹੋਏ ਕੁਰਬਾਨੀਆਂ ਦੇਣ 'ਚ ਪੰਜਾਬ ਦੇ ਸੂਰਬੀਰ ਮੁਹਰਲੀ ਕਤਾਰ ਵਿੱਚ ਆਉਂਦੇ ਹਨ। ਐਨਾਂ ਹੀ ਨਹੀਂ ਦੇਸ਼ ਨੂੰ ਭੁੱਖਮਰੀ 'ਚੋਂ ਕੱਢਣ ਲਈ ਪੰਜਾਬ ਦਾ ਬੇਮਿਸਾਲ ਯੋਗਦਾਨ ਹੈ। ਇਸ ਲਈ ਪੰਜਾਬ ਦੀ ਸਰਜ਼ਮੀਂ ਉਤੇ ਤਿਰੰਗਾ ਮਾਰਚ ਕਰਨਾ ਜਿੱਥੇ ਯੋਧਿਆਂ ਨੂੰ ਸਲਾਮ ਹੈ, ਉਥੇ ਨਵੀਆਂ ਪੀੜੀਆਂ 'ਚ ਦੇਸ਼ ਭਗਤੀ ਦਾ ਜਜ਼ਬਾ ਜਗਾਉਣ ਦਾ ਜ਼ਰੀਆ ਵੀ ਹੈ। ਉਨਾਂ ਕਿਹਾ ਕਿ 'ਆਪ' ਵੱਲੋਂ ਜਲੰਧਰ 'ਚ ਅੱਜ ਦੀ ਤਿਰੰਗਾ ਯਾਤਰਾ ਪੰਜਾਬ ਦੀ ਤਰੱਕੀ ਅਤੇ ਚੰਗੇ ਭਵਿੱਖ ਲਈ ਕੀਤੀ ਜਾ ਰਹੀ।
ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਕੁੰਵਰ ਵਿਜੈ ਪ੍ਰਤਾਪ ਸਿੰਘ, ਜੀਵਨਜੋਤ ਕੌਰ, ਸੀਮਾ ਸੋਢੀ, ਪ੍ਰਭਜੀਤ ਬਰਾੜ, ਇਕਬਾਲ ਸਿੰਘ ਭੁੱਲਰ, ਜਗਦੀਪ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਅਰਵਿੰਦ ਕੇਜਰੀਵਾਲ ਦਾ 'ਗੁਰੂ ਕੀ ਨਗਰੀ' ਏਅਰਪੋਰਟ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ।
No comments:
Post a Comment