ਚੰਡੀਗੜ, 08 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਦੋਸ਼ ਲਾਇਆ ਕਿ ਹੋਮਗਾਰਡ ਜਵਾਨਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਾ ਕਰਕੇ ਸੂਬੇ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ 'ਚ ਅਹਿਮ ਯੋਗਦਾਨ ਪਾਉਣ ਵਾਲੇ ਜਵਾਨਾਂ ਨੂੰ ਧੋਖ਼ਾ ਦਿੱਤਾ ਹੈ। ਉਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹੋਮਗਾਰਡ ਜਵਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਉਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨ ਅਤੇ ਕਾਂਗਰਸ ਪਾਰਟੀ ਦਾ ਚੋਣ ਵਾਅਦਾ ਪੂਰਾ ਕਰਨ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਕਿਹਾ, ''ਪੰਜਾਬ ਹੋਮਗਾਰਡਜ਼ ਦੇ ਜਵਾਨ ਪਿੱਛਲੇ 30-32 ਸਾਲਾਂ ਤੋਂ ਪੰਜਾਬ ਵਿੱਚ ਕਾਨੂੰਨ- ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪੁਲੀਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪੰਜਾਬ ਦੇ ਕਾਲ਼ੇ ਦੌਰ 'ਚ ਇਨਾਂ ਜਵਾਨਾਂ ਵਿੱਚੋਂ ਹਜ਼ਾਰਾਂ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਪ੍ਰੰਤੂ ਪੰਜਾਬ 'ਚ ਸੱਤਾ 'ਤੇ ਕਾਬਜ ਰਹੀਆਂ ਸਰਕਾਰਾਂ ਨੇ ਇਨਾਂ ਹੋਮਗਾਰਡਜ਼ ਜਵਾਨਾਂ ਦੇ ਬੁਢਾਪੇ ਅਤੇ ਭਵਿੱਖ ਲਈ ਕਦੇ ਵੀ ਕੁੱਝ ਨਹੀਂ ਕੀਤਾ।'' ਉਨਾਂ ਦੱਸਿਆ ਕਿ ਮੌਜ਼ੂਦਾ ਸੱਤਾਧਾਰੀ ਕਾਂਗਰਸ ਪਾਰਟੀ ਨੇ ਸਾਲ 2017 ਦੀਆਂ ਚੋਣਾ ਵੇਲੇ ਹੋਮਗਾਰਡਜ਼ ਜਵਾਨਾਂ ਨੂੰ ਪੱਕੇ ਕਰਨ ਅਤੇ ਪੰਜਾਬ ਪੁਲੀਸ ਦੀ ਤਰਾਂ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਨੂੰ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਦਰਜ ਕੀਤਾ ਸੀ।
ਮੀਤ ਹੇਅਰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ 'ਚ ਆਪਣੀ ਸਰਕਾਰ ਬਣਾ ਕੇ ਹੋਰਨਾਂ ਵਾਅਦਿਆਂ ਦੀ ਤਰਾਂ ਹੋਮਗਾਰਡਜ਼ ਜਵਾਨਾਂ ਨਾਲ ਕੀਤੇ ਵਾਅਦੇ ਨੂੰ ਵੀ ਭੁਲਾ ਦਿੱਤਾ। ਕਾਂਗਰਸ ਸਰਕਾਰ ਨੇ ਨਾ ਹੋਮਗਾਰਡਜ਼ ਜਵਾਨਾਂ ਨੂੰ ਪੱਕਾ (ਰੈਗੂਲਰ) ਕੀਤਾ ਅਤੇ ਨਾ ਹੀ ਉਨਾਂ ਦੀ ਕਦੇ ਖ਼ਬਰਸਾਰ ਲਈ ਹੈ।
'ਆਪ' ਆਗੂ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਆਪਣੇ ਜ਼ਿਲੇ ਰੋਪੜ 'ਚ ਹੋਮਗਾਰਡਜ਼ ਦੇ ਜਵਾਨ ਪਿੱਛਲੇ 4 ਸਾਲਾਂ ਤੋਂ ਰੋਪੜ- ਚੰਡੀਗੜ ਮਾਰਗ 'ਤੇ ਸੋਲਖੀਆਂ ਟੋਲ ਪਲਾਜਾ (ਰੋਪੜ) 'ਤੇ ਧਰਨਾ ਲਾਈ ਬੈਠੇ ਹਨ ਅਤੇ ਮੰਗ ਕਰ ਰਹੇ ਹਨ, ਪ੍ਰੰਤੂ ਲੋਕਾਂ ਦਾ ਮੁੱਖ ਮੰਤਰੀ ਹੋਣ ਦਾ ਦਿਖਾਵਾ ਕਰਨ ਵਾਲੇ ਮੁੱੱਖ ਮੰਤਰੀ ਚੰਨੀ ਨੂੰ ਉਮਰ ਦੇ ਪਿੱਛਲੇ ਪੜਾਅ 'ਚ ਸੰਘਰਸ਼ ਕਰਨ ਵਾਲੇ ਇਹ ਹੋਮਗਾਰਡਜ਼ ਜਵਾਨ ਨਜ਼ਰ ਨਹੀਂ ਆ ਰਹੇ।
ਮੀਤ ਹੇਅਰ ਨੇ ਕਿਹਾ ਕਿ ਹੋਮਗਾਰਡ ਜਵਾਨਾਂ ਦੀਆਂ ਮੰਗਾਂ ਬਿਲਕੁੱਲ ਜਾਇਜ਼ ਹਨ ਕਿ ਪੰਜਾਬ ਸਰਕਾਰ ਸੂਬੇ 'ਚ ਸੇਵਾਵਾਂ ਨਿਭਾ ਰਹੇ ਕਰੀਬ 13 ਹਜ਼ਾਰ ਹੋਮਗਾਰਡਜ਼ ਜਵਾਨਾਂ ਨੂੰ ਪੁਲੀਸ ਦੀ ਤਰਜ਼ 'ਤੇ ਪੱਕੇ ਕੀਤਾ ਜਾਵੇ ਅਤੇ ਸੇਵਾ ਮੁਕਤ (ਰਿਟਾਇਰਡ) ਹੋ ਚੁੱਕੇ 2 ਹਜ਼ਾਰ ਜਵਾਨਾਂ ਨੂੰ ਭਵਿੱਖ ਦੇ ਜੀਵਨ ਬਸਰ ਲਈ ਪੈਨਸ਼ਨ ਅਤੇ ਹੋਰ ਸਹੂਲਤਾਂ ਦੇਵੇ।
ਵਿਧਾਇਕ ਮੀਤ ਹੇਅਰ ਨੇ ਹੋਮਗਰਾਡ ਦੇ ਇਹਨਾਂ ਸੰਘਰਸ਼ਸੀਲ ਜਾਵਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕਾਂਗਰਸ ਆਪਣੇ ਚੋਣ ਵਾਅਦੇ 'ਤੇ ਖਰੀ ਨਹੀਂ ਉੁਤਰਦੀ ਤਾਂ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵਾਅਦੇ ਪੂਰੇ ਕਰੇਗੀ।
No comments:
Post a Comment