ਚੰਡੀਗੜ੍ਹ, 17 ਜਨਵਰੀ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ
'ਤੇ ਦਲਿਤ ਵੋਟ ਲਈ ਮੁੱਖ ਮੰਤਰੀ ਚੰਨੀ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ। ਸੋਮਵਾਰ ਨੂੰ
ਮੀਡਿਆ ਨੂੰ ਸੰਬੋਧਿਤ ਕਰਦੇ ਹੋਏ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ
ਲਿਸਟ ਵਿੱਚ ਪੰਜਾਬ ਵਿੱਚ ਆਪਣੇ ਸਾਰੇ ਵੱਡੇ ਨੇਤਾਵਾਂ ਦੇ ਪਰਿਵਾਰਾਂ ਦੇ ਮੈਬਰਾਂ ਅਤੇ
ਰਿਸ਼ਤੇਦਾਰਾਂ ਨੂੰ ਟਿਕਟ ਦਿੱਤੀ, ਲੇਕਿਨ ਮੁੱਖ ਮੰਤਰੀ ਚੰਨੀ ਦੇ ਭਰਾ ਦੀ ਟਿਕਟ ਕੱਟ
ਦਿੱਤੀ। ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਨੇ ਦਲਿਤ ਭਾਈਚਾਰੇ ਦੀ ਵੋਟ ਲਈ ਚੰਨੀ
ਨੂੰ 'ਯੂਜ ਐਂਡ ਥਰੋ' ਕੀਤਾ ਹੈ ।
ਚੱਢਾ ਨੇ ਟਿਕਟ ਪਾਉਣ ਵਾਲੇ ਕਾਂਗਰਸੀ ਨੇਤਾਵਾਂ ਦੇ ਪਰਿਵਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ
ਕਿ ਕਾਂਗਰਸ ਨੇ ਫਤਿਹਗੜ੍ਹ ਸਾਹਿਬ ਦੇ ਸੰਸਦ ਅਮਰ ਸਿੰਘ ਦੇ ਬੇਟੇ ਨੂੰ ਰਾਇਕੋਟ ਤੋਂ,
ਅਵਤਾਰ ਹੇਨਰੀ ਦੇ ਬੇਟੇ ਨੂੰ ਜਲੰਧਰ ਤੋਂ, ਬ੍ਰਹਮ ਮਹਿੰਦਰਾ ਦੇ ਬੇਟੇ ਨੂੰ ਪਟਿਆਲਾ
ਦੇਹਾਤੀ ਤੋਂ ਅਤੇ ਸੁਨੀਲ ਜਾਖੜ ਦੇ ਭਤੀਜੇ ਨੂੰ ਟਿਕਟ ਦਿੱਤੀ ਹੈ। ਲੇਕਿਨ ਜਨਤਕ ਤੌਰ 'ਤੇ
ਚੋਣ ਲੜਨ ਦੀ ਇੱਛਾ ਜਤਾਉਣ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਟਿਕਟ ਨਹੀਂ
ਦਿੱਤੀ। ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਚੰਨੀ ਦੀ ਬਿਲਕੁੱਲ ਵੀ ਨਹੀਂ
ਚਲਦੀ। ਕਾਂਗਰਸ ਨੇ ਸਿਰਫ਼ ਦਲਿਤ ਭਾਈਚਾਰੇ ਦੀ ਵੋਟ ਲੈਣ ਲਈ ਚੰਨੀ ਨੂੰ ਕੁੱਝ ਦਿਨਾਂ ਲਈ
ਮੁੱਖ ਮੰਤਰੀ ਬਣਾਕੇ ਉਨ੍ਹਾਂ ਦਾ ਇਸਤੇਮਾਲ ਕੀਤਾ।
ਚੱਢਾ ਨੇ ਕਿਹਾ ਕਿ ਓਬੀਸੀ- ਐਸਸੀ ਨੇਤਾਵਾਂ ਦੇ ਨਾਮ 'ਤੇ ਚੋਣ ਵਿੱਚ ਵੋਟ ਲੈ ਕੇ ਮੁੱਖ ਮੰਤਰੀ ਬਦਲਣ ਦਾ ਕਾਂਗਰਸ ਦਾ ਇਤਹਾਸ ਰਿਹਾ ਹੈ। ਮਹਾਰਾਸ਼ਟਰ ਵਿੱਚ ਵੀ ਕਾਂਗਰਸ ਅਜਿਹਾ ਕਰ ਚੁੱਕੀ ਹੈ। ਉੱਥੇ ਵੀ ਕਾਂਗਰਸ ਨੇ ਚੰਨੀ ਦੀ ਤਰ੍ਹਾਂ ਹੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਇਸਤੇਮਾਲ ਕੀਤਾ ਸੀ। ਚੋਣਾਂ ਤੋਂ ਕੁੱਝ ਦਿਨਾਂ ਪਹਿਲਾਂ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਅਤੇ ਉਨ੍ਹਾਂ ਦੇ ਨਾਮ 'ਤੇ ਵੋਟ ਲੈ ਕੇ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਦਲ ਦਿੱਤਾ। ਮਹਾਰਾਸ਼ਟਰ ਦੀ ਤਰ੍ਹਾਂ ਹੀ ਹੁਣ ਪੰਜਾਬ ਵਿੱਚ ਕਾਂਗਰਸ ਚੰਨੀ ਦਾ ਇਸਤੇਮਾਲ 'ਨਾਈਟ-ਵਾਚਮੈਨ' ਦੇ ਰੂਪ ਵਿੱਚ ਕਰ ਰਹੀ ਹੈ।
ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਈ ਨੇਤਾ ਮੁੱਖ ਮੰਤਰੀ ਚੰਨੀ ਦੀ ਇੱਜਤ ਨਹੀਂ ਕਰਦੇ ਹਨ। ਸਿੱਧੂ ਦੇ ਕਾਨਫਰੰਸ ਵਾਲੇ ਪੋਸਟਰਾਂ ਵਿੱਚ ਚੰਨੀ ਦੀ ਤਸਵੀਰ ਗਾਇਬ ਹੁੰਦੀ ਹੈ। ਸਿੱਧੂ ਲਗਾਤਾਰ ਚੰਨੀ ਸਰਕਾਰ ਉੱਤੇ ਭ੍ਰਿਸ਼ਟਾਚਾਰ ਅਤੇ ਮਾਫੀਆ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਇਸਦਾ ਮਤਲਬ ਸਾਫ਼ ਹੈ ਕਿ ਚੰਨੀ ਦਾ ਕਾਂਗਰਸ ਵਿੱਚ ਕੋਈ ਮਹੱਤਵ ਨਹੀਂ ਹੈ। ਕਾਂਗਰਸ ਦਾ ਮਕਸਦ ਚੰਨੀ ਦੇ ਰੂਪ ਵਿੱਚ ਨੁਮਾਇੰਦਗੀ ਦੇਣਾ ਨਹੀਂ ਸੀ। ਉਸਦਾ ਮਕਸਦ ਸਿਰਫ਼ ਚੰਨੀ ਦੇ ਨਾਮ ਦਾ ਇਸਤੇਮਾਲ ਕਰਨਾ ਸੀ।
No comments:
Post a Comment