ਮੋਹਾਲੀ, 11 ਜਨਵਰੀ : ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਵਿਕਾਸ ਦੇ ਦਮਗਜ਼ੇ ਮਾਰਨ ਵਾਲੇ ਕਾਂਗਰਸੀ ਆਗੂ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਹਲਕੇ ਦੇ ਲੋਕਾਂ ਨੂੰ ਦੱਸਣ ਕਿ ਜਦੋਂ ਉਹ ਖ਼ੁਦ ਪੰਜਾਬ ਦੇ ਸਿਹਤ ਮੰਤਰੀ ਸਨ ਤਾਂ ਉਨ੍ਹਾਂ ਨੂੰ ਆਪਣਾ ਕਰੋਨਾ ਹੋਣ ਉਪਰੰਤ ਇਲਾਜ ਪ੍ਰਾਈਵੇਟ ਹਸਪਤਾਲ ਵਿੱਚ ਕਿਉਂ ਕਰਵਾਉਣਾ ਪਿਆ। ਇਹ ਸਵਾਲ ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਅਤੇ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਹੋਣ ਵਜੋਂ ਬਲਬੀਰ ਸਿੰਘ ਸਿੱਧੂ ਆਪਣੇ ਉੱਤੇ ਕਰੋਨਾ ਦਵਾਈਆਂ ਅਤੇ ਪੀ.ਪੀ.ਈ. ਕਿੱਟਾਂ ਦੇ ਘੋਟਾਲੇ ਸਬੰਧੀ ਲੱਗੇ ਦੋਸ਼ਾਂ ਦੇ ਸਹੀ ਜਵਾਬ ਅੱਜ ਤੱਕ ਨਹੀਂ ਦੇ ਸਕੇ। ਇਹੋ ਕਾਰਨ ਰਹੇ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਉਨ੍ਹਾਂ ਨੂੰ ਮੰਤਰੀ ਵਜੋਂ ਹਟਾ ਦਿੱਤਾ ਅਤੇ ਅੱਜ ਸਿਰਫ਼ ਵਿਧਾਇਕ ਬਣ ਕੇ ਫਿਰ ਉਹੀ ਵਿਕਾਸ ਕਰਨ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਪੁਰਾਣੇ ਝੂਠ ਤੂਫ਼ਾਨ ਵਾਲੇ ਬਿਆਨ ਦਾਗ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਜੁਟ ਗਏ ਹਨ।
ਉਨ੍ਹਾਂ ਕਿਹਾ ਕਿ ਮੰਤਰੀ
ਸਿੱਧੂ ਦੇ ਉਸ ਸਮੇਂ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਬਜਾਇ ਆਪਣਾ ਇਲਾਜ
ਪ੍ਰਾਈਵੇਟ ਹਸਪਤਾਲ ਵਿੱਚੋਂ ਕਰਵਾਉਣ ਦਾ ਮਤਲਬ ਸਾਫ਼ ਸੀ ਕਿ ਸਿੱਧੂ ਦੇ ਸਿਹਤ ਮੰਤਰੀ
ਹੁੰਦਿਆਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਮਾਡ਼ੀ ਹਾਲਤ ਰਹੀ
ਹੋਵੇਗੀ। ਇਸ ਲਈ ਹੁਣ ਸਿੱਧੂ ਦੇ ਹੱਥ ਅਜਿਹੀ ਕਿਹਡ਼ੀ ਗਿੱਦਡ਼ਸਿੰਗੀ ਆ ਜਾਵੇਗੀ ਜਿਹਡ਼ੀ
ਮੋਹਾਲੀ ਹਲਕੇ ਦਾ ਸੁਧਾਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਬਲਬੀਰ
ਸਿੰਘ ਸਿੱਧੂ ਨੂੰ ਖ਼ੁਦ ਉਨ੍ਹਾਂ ਦੀ ਹੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਮੰਤਰੀ ਦੇ
ਅਹੁਦੇ ਤੋਂ ਹਟਾ ਕੇ ਇਸ ਗੱਲ ਉਤੇ ਮੋਹਰ ਲਗਾਈ ਸੀ ਕਿ ਸਿਹਤ ਮਹਿਕਮੇ ਦਾ ਭੱਠਾ ਬਿਠਾਉਣ
ਵਿੱਚ ਉਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
ਕੁਲਵੰਤ ਸਿੰਘ ਨੇ ਹਲਕਾ
ਮੋਹਾਲੀ ਦੇ ਹਰ ਪੇਂਡੂ ਅਤੇ ਸ਼ਹਿਰੀ ਵੋਟਰ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਚੋਣਾਂ ਵਿੱਚ
ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇ ਕੇ ਪਰਖਣ ਤਾਂ ਜੋ ਪੰਜਾਬ ਦਾ ਭਲਾ ਕਰਨ ਲਈ
ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਮੋਹਾਲੀ ਹਲਕੇ ਦਾ ਵੀ ਯੋਗਦਾਨ ਪਾਇਆ ਜਾ ਸਕੇ।
No comments:
Post a Comment