ਖਰੜ, 18 ਜਨਵਰੀ : ਦੇਸ਼ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ
ਦੇ ਰਿਸ਼ਤੇਦਾਰਾਂ ਤੇ ਕੀਤੀ ਛਾਪੇਮਾਰੀ ਨੂੰ ਲੈਕੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਨੇ
ਤਿੱਖਾ ਪ੍ਤੀਕਰਮ ਪ੍ਗਟ ਕਰਦਿਆਂ ਕਿਹਾ ਕਿ ਇਹ ਛਾਪੇਮਾਰੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ
ਮੰਤਰੀਆਂ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਹੈ ਪਰੰਤੂ ਪੰਜਾਬੀ ਕਦੇ ਦਬਣਗੇ ਨਹੀਂ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ
ਪੱਛਮੀ ਬੰਗਾਲ ਦੀਆਂ ਚੋਣਾਂ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉੱਥੋਂ ਦੀ ਮੁੱਖ
ਮੰਤਰੀ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਤੇ ਵੀ ਅਜਿਹੀ ਹੀ ਛਾਪੇਮਾਰੀ ਕੀਤੀ ਗਈ ਸੀ
ਪਰੰਤੂ ਨਤੀਜਾ ਸਾਰਿਆਂ ਦੇ ਸਾਹਮਣੇ ਹੈ
ਅਤੇ ਉੱਥੋ ਦੇ ਲੋਕਾਂ ਨੇ ਮਮਤਾ ਬੈਨਰਜੀ ਦਾ ਡਟਕੇ
ਸਾਥ ਦਿੱਤਾ ਅਤੇ ਉਨ੍ਹਾਂ ਨੇ ਮੁੜ ਮੁੱਖ ਮੰਤਰੀ ਦਾ ਆਹੁਦਾ ਸੰਭਾਲਿਆ। ਸ: ਚੰਨੀ ਨੇ
ਕਿਹਾ ਕਿ ਉਸੀ ਤਰਜ ਤੇ ਹੁਣ ਪੰਜਾਬ ਦੀਆਂ ਚੋਣਾਂ ਨੂੰ ਦੇਖਦਿਆਂ ਪੰਜਾਬ ਵਿੱਚ ਵੀ
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕਰਕੇ ਉਨ੍ਹਾਂ ਨੂੰ, ਉਨਾ ਦੇ ਮੰਤਰੀਆਂ
ਨੂੰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਭੈਭੀਤ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਮੀਡੀਆ
ਰਿਪੋਰਟਾਂ ਅਨੁਸਾਰ ਇਹ ਮਾਮਲਾ ਸਾਲ 2018 ਦਾ ਹੈ, ਜਦਕਿ ਉਹ ਉਸ ਸਮੇਂ ਮੁੱਖ ਮੰਤਰੀ
ਨਹੀਂ ਸਨ। ਇਸ ਛਾਪੇਮਾਰੀ ਨੂੰ ਰਾਜਸੀ ਬਦਲਾਖੋਰੀ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ
ਵਿੱਚ ਸ: ਚੰਨੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਵਾਪਰੀਆਂ ਹਨ, ਉਨਾ
ਕਾਰਨ ਹੀ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਕੇ ਈਡੀ ਵੱਲੋਂ
ਅਜਿਹੀ ਛਾਪੇਮਾਰੀ ਕੀਤੀ ਗਈ ਹੈ ਪਰੰਤੂ ਉਹ ਅਤੇ ਕਾਂਗਰਸ ਦੇ ਆਗੂ/ ਵਰਕਰ ਦਬਣਗੇ ਨਹੀਂ
ਸਗੋਂ ਹਰ ਤਰ੍ਹਾਂ ਦੀ ਧੱਕੇਸ਼ਾਹੀ ਦਾ ਡਟਕੇ ਮੁਕਾਬਲਾ ਕਰਨਗੇ ਅਤੇ ਕਾਂਗਰਸ ਦੀ ਚੋਣ
ਮੁਹਿੰਮ ਨੂੰ ਅੱਗੇ ਵਧਾਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਉਨ੍ਹਾਂ
ਨੂੰ ਅਤੇ ਕਾਂਗਰਸ ਦੇ ਵਰਕਰਾਂ/ਆਗੂਆਂ ਨੂੰ ਜਿੰਨੀਆਂ ਮਰਜ਼ੀ ਪੇ੍ਸ਼ਾਨੀਆਂ ਦੇਣ, ਉਹ
ਸਾਰੀਆਂ ਝੱਲਣਗੇ, ਪਰੰਤੂ ਕਦੇ ਦਬਣਗੇ ਨਹੀਂ।
No comments:
Post a Comment