ਧੂਰੀ (ਸੰਗਰੂਰ), 12 ਫਰਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ- ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਦੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿਚੋਂ ਮਾਫੀਆ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਚਿਟਫੰਡ ਕੰਪਨੀਆਂ (ਪਰਲ ਅਤੇ ਕਰਾਊਨ) ਤੋਂ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਜਾਵੇਗਾ।
ਭਗਵੰਤ ਮਾਨ ਨੇ ਸ਼ਨੀਵਾਰ ਨੂੰ ਧੂਰੀ ਵਿੱਚ ਚੋਣ ਪ੍ਰਚਾਰ ਦੌਰਾਨ ਵੱਖ- ਵੱਖ ਥਾਂਵਾਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਸਾਥੀ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦਾ ਵਿਸ਼ਵ ਪ੍ਰਸਿੱਧ ਗੀਤ 'ਚੜਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇਹੜੇ' ਗਾ ਕੇ ਲੋਕਾਂ ਨੂੰ ਪੰਜਾਬ 'ਚ 10 ਮਾਰਚ ਨੂੰ 'ਨਵਾਂ ਸੂਰਜ' (ਆਮ ਆਦਮੀ ਪਾਰਟੀ ਦੀ ਸਰਕਾਰ) ਦਾ ਚੜਾਉਣ ਦੀ ਅਪੀਲ ਕੀਤੀ। ਮਾਨ ਨੇ ਸੰਬੋਧਨ ਕਰਦਿਆਂ ਕਿਹਾ, ''10 ਮਾਰਚ ਨੂੰ ਪੰਜਾਬ ਵਿੱਚ ਅਹਿਜਾ ਸੂਰਜ ਚੜੇਗਾ, ਜਿਹੜਾ ਹਰ ਘਰ ਵਿੱਚ ਚਾਨਣ ਕਰੇੇਗਾ। ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕਰੇਗਾ। ਹਰ ਨੌਜਵਾਨ ਨੂੰ ਰੋਜ਼ਗਾਰ ਦੇਵੇਗਾ। ਹਰ ਘਰ ਵਿੱਚ ਸੁੱਖਾਂ ਦਾ ਪ੍ਰਸਾਰਾ ਕਰੇਗਾ।''
ਭਗਵੰਤ ਮਾਨ ਨੇ ਧੂਰੀ ਦੇ ਲੋਕਾਂ ਨੂੰ ਕਿਹਾ ਕਿ ਇਸ ਇਲਾਕੇ ਨੇ ਪੰਜਾਬ ਸਰਕਾਰ ਦਾ ਧੁਰਾ ਬਣਨਾ ਹੈ। ਪੰਜਾਬ ਦੀ ਸਰਕਾਰ ਧੂਰੀ ਦੇ ਲੋਕਾਂ ਦੁਆਲੇ ਘੁੰਮੇਗੀ। ਇਸ ਲਈ 20 ਫਰਵਰੀ ਦੀ ਤਰੀਕ ਨਵੀਂ ਕਿਸਮਤ ਲਿਖਣ ਦਾ ਮੌਕਾ ਹੈ। ਜਿਨਾਂ ਨੂੰ ਲੋਕਾਂ ਨੇ ਪਹਿਲਾਂ ਲਿਖ ਕੇ ਆਪਣੀ ਕਿਸਮਤ ਦਿੱਤੀ ਸੀ, ਉਨਾਂ ਨੇ ਆਪਣੇ ਮਹਿਲ ਉਸਾਰ ਲਏ। ਕਈ- ਕਈ ਪੁਸ਼ਤਾਂ ਲਈ ਜਾਇਦਾਦ ਇੱਕਠੀ ਕਰ ਲਈ, ਪਰ ਆਮ ਲੋਕ ਗਰੀਬ ਹੋ ਗਏ। ਮਾਨ ਨੇ ਕਿਹਾ ਕਿ ਪੰਜਾਬ ਦੀ ਹਾਲਤ ਇਹ ਹੈ, ''ਜੇ ਘਰ ਵਿੱਚ ਚੁੱਲਾ ਹੈ ਤਾਂ ਅੱਗ ਨਹੀਂ, ਜੇ ਪਰਾਤ ਹੈ ਤਾਂ ਆਟਾ ਨਹੀਂ। ਸੋ ਵੀਰੋ ਚੁੱਲਿਆਂ ਵਿੱਚ ਅੱਗ ਬਾਲਣੀ ਹੈ ਅਤੇ ਸਿਵਿਆਂ ਦੀ ਅੱਗ ਠਾਰਨੀ ਹੈ।''
ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਲੋਕਾਂ ਦਾ ਪੈਸਾ ਲੁੱਟਣ ਵਾਲੀਆਂ ਚਿੱਟਫੰਡ ਕੰਪਨੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਲ ਅਤੇ ਕਰਾਊਨ ਜਿਹੀਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਆਮ ਲੋਕਾਂ ਦਾ ਇੱਕ- ਇੱਕ ਪੈਸਾ ਉਨਾਂ ਨੂੰ ਵਾਪਸ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਮ ਲੋਕ ਆਪਣੇ ਪੈਸੇ ਨੂੰ ਦੁਗਣਾ ਕਰਾਉਣ ਲਈ ਚਿੱਟਫੰਡ ਕੰਪਨੀਆਂ ਕੋਲ ਫਸ ਜਾਂਦੇ ਹਨ ਅਤੇ ਇਹ ਕੰਪਨੀਆਂ ਲੋਕਾਂ ਦਾ ਪੈਸਾ ਲੈ ਕੇ ਭੱਜ ਜਾਂਦੀਆਂ ਹਨ। ਮਾਨ ਨੇ ਹਾਮੀ ਭਰੀ ਕਿ ਉਹ ਆਮ ਲੋਕਾਂ ਦਾ ਪੈਸਾ ਦੁਗਣਾ- ਤਿੱਗਣਾ ਕਰਕੇ ਦੇਵੇਗਾ। ਉਨਾਂ ਕਿਹਾ ਕਿ ਚੰਗੀ ਸਿੱਖਿਆ ਤੇ ਇਲਾਜ, ਸਸਤੀ ਬਿਜਲੀ, ਮੁਫ਼ਤ ਪਾਣੀ, ਬੀਬੀਆਂ- ਭੈਣਾਂ ਲਈ ਮਹੀਨਾਵਾਰ ਭੱਤੇ ਜਿਹੀਆਂ ਸਹੂਲਤਾਂ ਦੇ ਕੇ ਹਰ ਘਰ ਵਿੱਚ ਪੈਸੇ ਦੀ ਬੱਚਤ ਹੋਵੇਗੀ ਅਤੇ ਲੋਕਾਂ ਦਾ ਪੈਸਾ ਦੁੱਗਣਾ- ਤਿੱਗਣਾ ਹੋ ਜਾਵੇਗਾ।
ਇਸ ਮੌਕੇ ਉਘੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਆਪਣੀ ਇੱਕ- ਇੱਕ ਵੋਟ ਭਗਵੰਤ ਮਾਨ ਨੂੰ ਪਾਉਣ ਦੀ ਅਪੀਲ ਕੀਤੀ। ਅਨਮੋਲ ਨੇ ਕਿਹਾ ਕਿ ਕਾਲਜਾਂ ਦੇ ਮੁਕਾਬਲਿਆਂ ਵਿੱਚ ਮਾਨ ਅਤੇ ਕਰਮਜੀਤ ਨੇ ਬਹੁਤ ਸਾਰੀਆਂ ਟਰਾਫੀਆਂ ਜਿੱਤੀਆਂ ਹਨ, ਪਰ ਧੂਰੀ ਦੇ ਲੋਕ ਜਿੱਤ ਦੀ ਟਰਾਫੀ ਭਗਵੰਤ ਮਾਨ ਨੂੰ ਹੀ ਦੇਣਗੇ।
No comments:
Post a Comment