ਐਸ.ਏ.ਐਸ ਨਗਰ, 20 ਅਪ੍ਰੈਲ : ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮੁਹਿੰਮ ਤਹਿਤ ਬੂਥਗੜ੍ਹ ਦੇ ਪ੍ਰਾਇਮਰੀ ਹੈਲਥ ਸੈਂਟਰ-ਪੀ.ਐਚ-ਸੀ, ਵਿਖੇ 21 ਅਪ੍ਰੈਲ ਨੂੰ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਸਿਹਤ ਮੇਲੇ ਦਾ ਉਦਘਾਟਨ ਹਲਕਾ ਖਰੜ੍ਹ ਦੇ ਵਿਧਾਇਕ ਅਨਮੋਲ ਗਗਨ ਮਾਨ ਅਪਣੇ ਕਰ-ਕਮਲਾਂ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੇਲਾ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਚੱਲੇਗਾ।
ਉਨ੍ਹਾਂ ਦਸਿਆ ਕਿ ਇਨ੍ਹਾਂ ਮੇਲਿਆਂ ਵਿਚ ਵੱਖ ਵੱਖ ਸਟਾਲ ਲਗਾ ਕੇ ਲੋਕਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ ਮੌਕੇ ’ਤੇ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਸਿਹਤ ਯੋਜਨਾਵਾਂ, ਪ੍ਰੋਗਰਾਮਾਂ ਅਤੇ ਵੱਖ-ਵੱਖ ਬੀਮਾਰੀਆਂ, ਲੱਛਣਾਂ, ਇਲਾਜ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਅੰਗ ਦਾਨ, ਖ਼ੁਰਾਕ ਸੁਰੱਖਿਆ, ਗ਼ੈਰ-ਸੰਚਾਰੀ ਬੀਮਾਰੀਆਂ ਦੀ ਜਾਂਚ, ਕੌਮੀ ਸਿਹਤ ਪ੍ਰੋਗਰਾਮਾਂ ਆਦਿ ਸਬੰਧੀ ਸੇਵਾਵਾਂ ਅਤੇ ਜਾਣਕਾਰੀ ਵੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਮੇਲੇ ਵਿਚ ਫ਼ੂਡ ਸੇਫ਼ਟੀ ਵੈਨ ਉਪਲਭਧ ਹੋਵੇਗੀ ਜਿਥੇ ਲੋਕ ਦੁੱਧ, ਜੂਸ, ਪਾਣੀ, ਕੋਲਡ ਡਰਿੰਕ, ਕੁਝ ਮਿਰਚ ਮਸਾਲਿਆਂ ਆਦਿ ਦੇ ਮਿਆਰ ਦੀ ਜਾਂਚ ਕਰਵਾ ਸਕਣਗੇ ਜਿਸ ਦੀ ਸਰਕਾਰੀ ਫ਼ੀਸ ਪ੍ਰਤੀ ਵਸਤੂ 50 ਰੁਪਏ ਹੋਵੇਗੀ ਅਤੇ ਮੌਕੇ ’ਤੇ ਹੀ ਸੈਂਪਲ ਦੀ ਰੀਪੋਰਟ ਦਿਤੀ ਜਾਵੇਗੀ। ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ ਮੌਕੇ ’ਤੇ ਮੁਫ਼ਤ ਦਿਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਮੇਲੇ ਵਿਚ ਵੱਖ-ਵੱਖ ਵਿਭਾਗ ਵੀ ਹਿੱਸਾ ਲੈਣਗੇ ਜਿਹੜੇ ਆਪੋ-ਅਪਣੀਆਂ ਸੇਵਾਵਾਂ ਅਤੇ ਪੇਸ਼ਕਾਰੀਆਂ ਦੇਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿਚ ਪਹੁੰਚ ਕੇ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ।
No comments:
Post a Comment