SBP GROUP

SBP GROUP

Search This Blog

Total Pageviews

ਡਿਪਟੀ ਕਮਿਸ਼ਨਰ ਵੱਲੋਂ ਮੱਛਰਾਂ ਦੇ ਖ਼ਤਰੇ ਨੂੰ ਰੋਕਣ ਲਈ ਸਵੇਰੇ ਅਤੇ ਸ਼ਾਮ ਵੇਲੇ ਸਰਗਰਮੀ ਨਾਲ ਫੌਗਿੰਗ ਮੁਹਿੰਮ ਚਲਾਉਣ ਦੇ ਆਦੇਸ਼

ਐਸ.ਏ.ਐਸ ਨਗਰ, 20 ਅਪ੍ਰੈਲ : ਕਿਸੇ ਵੀ ਸਥਿਤੀ ਵਿੱਚ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਖਾਤਮੇ ਲਈ ਚੱਲ ਰਹੀ ਲੜਾਈ ਵਿੱਚ ਕੋਈ ਢਿੱਲ ਨਾ ਦਿੱਤੀ ਜਾਵੇ। ਇਹ ਗੱਲ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਜ਼ਿਲ੍ਹਾ ਸਿਹਤ ਵਿਭਾਗ, ਸਥਾਨਕ ਸਰਕਾਰਾਂ ਅਤੇ ਵੱਖ –ਵੱਖ ਵਿਭਾਗਾਂ ਨੂੰ ਮੱਛਰਾਂ ਦੇ ਖਤਰੇ ਨੂੰ ਰੋਕਣ ਲਈ ਸਰਗਰਮੀ ਨਾਲ ਫੌਗਿੰਗ ਮੁਹਿੰਮ ਚਲਾਉਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਵਿਭਾਗ,ਸਿਹਤ ਵਿਭਾਗ ਅਤੇ  ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਪੈਡਿੰਗ ਪਏ ਕੰਮਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਪੈਂਡਿੰਗ ਕੇਸਾਂ ਦੇ ਜਲਦ ਨਿਪਟਾਰੇ ਲਈ ਹਰ ਅਧਿਕਾਰੀ ਦੇ ਫੋਨ ਤੇ  ਰੋਜ਼ਾਨਾ ਅਲਰਟ ਮੈਸਿਜ ਭੇਜਣ ਦੀ ਵਿਧੀ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ । 


ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਸਮ ਵਿੱਚ ਬਦਲਾਅ ਨਾਲ ਮੱਛਰਾਂ ਦਾ ਖ਼ਤਰਾ ਵਧ ਰਿਹਾ ਹੈ। ਇਸ ਲਈ ਉਨ੍ਹਾਂ ਘਰਾਂ ਦੀ ਚਲਾਨਿੰਗ ਦੇ ਨਾਲ ਫੌਗਿੰਗ ਅਤੇ ਘਰ -ਘਰ ਕੰਟੇਨਰ ਸਰਵੇਖਣ ਤੇਜ਼ ਕੀਤਾ ਜਾਵੇ, ਜਿੱਥੇ ਮੱਛਰਾਂ ਦਾ ਲਾਰਵਾ ਪਾਇਆ ਜਾਂਦਾ ਹੈ। ਹਰੇਕ ਫੌਗਿੰਗ ਵਾਹਨ ਨੂੰ ਦਿਨ ਵਿੱਚ ਸਿਰਫ਼ ਇੱਕ ਵਾਰ ਚਾਲੂ ਕਰਨ ਦੀ ਬਜਾਏ, ਉਨ੍ਹਾਂ ਨੂੰ ਦੋ ਵਾਰ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਸਵੇਰ ਅਤੇ ਸ਼ਾਮ ਨੂੰ ਫੌਗਿੰਗ ਉਤੇ ਵੱਧ ਜ਼ੋਰ ਦਿੱਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਖੇਤਰਾਂ ਨੂੰ ਨਿਯਮਤ ਰੂਪ ਵਿੱਚ ਕਵਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਣੀ ਦੇ ਟੈਕਰਾਂ ਦੀ ਸਾਫ- ਸਫਾਈ ਕਰਵਾਈ ਜਾਵੇ ਅਤੇ ਪਾਣੀ ਦੇ ਸੈਂਪਲ ਇਕੱਤਰ ਕੀਤੇ ਜਾਣ। । ਉਨ੍ਹਾਂ ਅੱਗੇ ਕਿਹਾ ਕਿ ਨਾਲੀਆਂ ਦੇ ਨੇੜੇ ਮੈਡੀਸਨਲ ਪਾਊਡਰ ਦਾ ਛਿੜਕਾਅ ਕੀਤਾ ਜਾਵੇ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ, ਝੁੱਗੀਆਂ ਅਤੇ ਤੰਗ ਗਲੀਆਂ ਵਿੱਚ ਲਗਾਤਾਰ ਰੋਗਾਣੂ ਮੁਕਤ ਕਰਨ ਲਈ ਛਿੜਕਾਅ ਮੁਹਿੰਮ ਚਲਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਵਿਭਾਗਾਂ ਨੂੰ ਕਿਹਾ ਕਿ ਜੇਕਰ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਂਣ ਦੀ ਲੋੜ ਹੈ ਤਾਂ  ਲਿਖਤੀ ਰੂਪ ਵਿੱਚ ਦਿੱਤਾ ਜਾਵੇ । 

ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਅਸਲਾ ਲਾਇਸੰਸ ਅਤੇ ਅਸਲਾ ਵੈਰੀਫਿਕੇਸ਼ਨ ਸਬੰਧੀ ਬਕਾਇਆ ਕੇਸਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕਰਨ ਦੀ ਹਦਾਇਤ ਕੀਤੀ ।  ਇਸ ਤੋਂ ਇਲਾਵਾਂ ਉਨ੍ਹਾਂ ਸਥਾਨਕ ਸਰਕਾਰਾਂ ਨੂੰ ਜਨਮ ਅਤੇ ਮੌਤ ਸਬੰਧੀ ਸਰਟੀਫਿਕੇਟਾ ਦੇ ਪੈਡਿੰਗ ਕੇਸਾਂ ਨੂੰ ਜਲਦ ਨਿਪਟਾਉਣ ਦੇ ਹੁਕਮ ਦਿੱਤੇ । ਸ੍ਰੀ ਅਮਿਤ ਤਲਵਾਰ ਨੇ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਕੋਈ ਢਿੱਲ ਨਾ ਕੀਤੀ ਜਾਵੇ। 

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਅਤੇ ਮਲੇਰੀਆ  ਵਿਰੁੱਧ ਲੜਾਈ ਵਿੱਚ ਸਹਿਯੋਗ ਦੇਣ ਕਿਉਂਕਿ ਡੇਂਗੂ ਲਈ ਜ਼ਿੰਮੇਵਾਰ ਏਡੀਜ਼ ਮੱਛਰ ਸਿਰਫ ਤਾਜ਼ੇ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ। ਉਨ੍ਹਾਂ ਕਿਹਾ ਕਿ ਕੂਲਰਾਂ, ਟਾਇਰਾਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਅਤੇ ਟੁੱਟੀਆਂ ਫੁੱਟੀਆਂ ਵਸਤੂਆਂ ਵਿੱਚ ਮੱਛਰਾਂ ਦਾ ਵੱਧ ਪ੍ਰਜਨਨ ਹੁੰਦਾ ਹੈ। ਇਸ ਲਈ ਇਨ੍ਹਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ  ਸ੍ਰੀਮਤੀ ਕੋਮਲ ਮਿੱਤਲ,ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਤਰਸੇਮ ਚੰਦ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

No comments:


Wikipedia

Search results

Powered By Blogger