ਪ੍ਰਧਾਨ ਮੰਤਰੀ ਮੋਦੀ ਭੁੱਲ ਗਏ ਕਿ ਜਿਹੜੇ ਲੋਕ ਕੁਰਸੀ ’ਤੇ ਬੈਠਾਉਂਦੇ ਹਨ, ਉਹ ਕੁਰਸੀ ਤੋਂ ਉਤਾਰ ਵੀ ਦਿੰਦੇ ਹਨ: ਹਰਪਾਲ ਸਿੰਘ ਚੀਮਾ
ਚੰਡੀਗੜ, 03 ਅਪ੍ਰੈਲ : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜੇ ਆਉਣ ਤੋਂ ਬਾਅਦ ਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ 11ਵੇਂ ਦਿਨ ਵਾਧਾ ਕਰਨ ’ਤੇ ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਦੀ ਸਖਤ ਅਲੋਚਨਾ ਕੀਤੀ ਹੈ ਅਤੇ ਕੀਮਤਾਂ ਦੇ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਤੋਂ ਠੀਕ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਕੇ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ।
ਚੀਮਾ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਮੋਦੀ ਸਰਕਾਰ ਆਮ ਲੋਕਾਂ ਨੂੰ ਕੰਗਾਲ ਕਰ ਰਹੀ ਹੈ ਅਤੇ ਉਸ ਪੈਸੇ ਨਾਲ ਆਪਣੇ ਕਾਰਪੋਰੇਟ ਮਿਤਰਾਂ ਦੀਆਂ ਜੇਬਾਂ ਭਰ ਰਹੀ ਹੈ। ਦੇਸ਼ ਦੇ ਆਮ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਕਰੋੜਾਂ ਲੋਕ ਆਪਣੀਆਂ ਅਹਿਮ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ। ਪਰ ਬੇਹੱਦ ਦੁੱਖ ਦੀ ਗੱਲ ਹੈ ਕਿ ਅਜਿਹੇ ਸਮੇਂ ’ਚ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਦੀ ਪ੍ਰੇਸ਼ਾਨੀ ਵਧਾ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੇਸ਼ ਕਿਸੇ ਵੀ ਤਰਾਂ ਲੋਕਾਂ ਦਾ ਬੇਵਕੂਫ਼ ਬਣਾ ਕੇ ਚੋਣ ਜਿੱਤਣਾ ਹੈ। ਸਿਰਫ਼ ਆਪਣੇ ਚੋਣਾਵੀਂ ਭਾਸ਼ਣਾਂ ਵਿੱਚ ਹੀ ਉਹ ਲੋਕ ਭਲਾਈ ਦੀਆਂ ਗੱਲਾਂ ਕਰਦੇ ਹਨ। ਵਿਧਾਨ ਸਭਾ ਚੋਣਾ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਤੇਲ ਕੰਪਨੀਆਂ ’ਤੇ ਕੀਮਤਾਂ ਨਾ ਵਧਾਉਣ ਦਾ ਦਬਾਅ ਪਾਇਆ ਅਤੇ ਇਸ ਦਾ ਚੋਣਾ ’ਚ ਲਾਭ ਚੁਕਿਆ। ਹੁਣ ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਆਪਣਾ ਅਸਲੀ ਰੰਗ ਦਿਖਾ ਰਹੇ ਹਨ।
ਚੀਮਾ ਨੇ ਕਿਹਾ ਕਿ ਮਹਿੰਗਾਈ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਮਹਿੰਗਾਈ ਨੂੰ ਇਤਿਹਾਸਕ ਰੂਪ ਵਿੱਚ ਵਧਾ ਰਹੀ ਹੈ ਅਤੇ ਲੋਕਾਂ ਨੂੰ ਆਪਸ ’ਚ ਲੜਾ ਕੇ ਮਹਿੰਗਾਈ ਦੇ ਮੁੱਦੇ ਤੋਂ ਭਟਕਾ ਰਹੀ ਹੈ। ਉਨਾਂ ਕਿਹਾ ਕਿ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਇਹ ਭੁੱਲ ਰਹੇ ਹਨ ਕਿ ਜਿਹੜੇ ਲੋਕ ਕੁਰਸੀ ’ਤੇ ਬੈਠਾ ਦਿੰਦੇ ਹਨ, ਉਹ ਕੁਰਸੀ ਤੋਂ ਉਤਾਰਨਾ ਵੀ ਜਾਣਦੇ ਹਨ। ਚਲਾਕੀ ਅਤੇ ਚਾਲਬਾਜੀ ਨਾਲ ਲੋਕਾਂ ਨੂੰ ਜ਼ਿਆਦਾ ਦਿਨਾਂ ਤੱਕ ਬੇਵਕੂਫ ਨਹੀਂ ਬਣਾਇਆ ਜਾ ਸਕਦਾ।
No comments:
Post a Comment