ਐਸ.ਏ.ਐੱਸ. ਨਗਰ, ਨਵੰਬਰ 27 : ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ.) ਨੇ 27 ਨਵੰਬਰ, 2020 ਨੂੰ ਆਪਣਾ 53ਵਾਂ ਸਲਾਨਾ ਦਿਵਸ ਮਨਾਇਆ। ਮੌਜੂਦਾ ਕੋਵਿਡ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ, ਇਹ ਪ੍ਰੋਗਰਾਮ ਇਕ ਆਨਲਾਈਨ ਢੰਗ ਨਾਲ ਆਯੋਜਿਤ ਕੀਤਾ ਗਿਆ।
ਪ੍ਰੋ. ਲਿਨੀ ਮੈਥਿਊ ਨੇ ਸਾਰੇ ਨੁਮਾਇੰਦਿਆਂ ਦਾ ਸਵਾਗਤ ਕੀਤਾ ਅਤੇ ਐਨ.ਆਈ.ਟੀ.ਟੀ.ਟੀ.ਆਰ. ਦੇ ਡਾਇਰੈਕਟਰ ਨੂੰ ਸਾਲਾਨਾ ਰਿਪੋਰਟ ਪੇਸ਼ ਕਰਨ ਲਈ ਸੱਦਾ ਦਿੱਤਾ।
ਐਨ.ਆਈ.ਟੀ.ਟੀ.ਟੀ.ਆਰ. ਦੇ ਡਾਇਰੈਕਟਰ ਪ੍ਰੋ. ਐਸ.ਐਸ. ਪਟਨਾਇਕ ਨੇ ਇੰਸਟੀਚਿਊਟ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਆਪਣੀ ਸਲਾਨਾ ਰਿਪੋਰਟ ਵਿਚ ਡਾ. ਪਟਨਾਇਕ ਨੇ ਇਹ ਜ਼ਿਕਰ ਕੀਤਾ ਕਿ ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਦੇਸ਼ ਦੀ ਇਕ ਪ੍ਰਮੁੱਖ ਸੰਸਥਾ ਹੈ ਜੋ ਤਕਨੀਕੀ ਅਧਿਆਪਕਾਂ ਦੀ ਸਿਖਲਾਈ ਅਤੇ ਸਿੱਖਿਆ ਵਿਚ ਉੱਤਮਤਾ ਲਿਆਉਣ ਵਿਚ ਮਾਹਰ ਹੈ ਜਿਸ ਵਿਚ ਕਈ ਤਰ੍ਹਾਂ ਦੀਆਂ ਵਿਸ਼ੇਸ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਗਿਆਨ ਸਬੰਧੀ ਸਹੂਲਤਾਂ ਉਪਲੱਬਧ ਹਨ। 1967 ਵਿਚ ਇਸ ਦੀ ਸਥਾਪਨਾ ਤੋਂ ਬਾਅਦ, ਇਸ ਸੰਸਥਾ ਨੇ ਭਾਰਤ ਅਤੇ ਹੋਰਨਾਂ ਦੇਸ਼ਾਂ ਨੂੰ ਅਧਿਆਪਕ ਅਤੇ ਹੋਰ ਪੇਸ਼ੇਵਰ ਮਾਹਰ ਦੇਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਡਾ. ਪਟਨਾਇਕ ਨੇ ਸੰਸਥਾ ਦੀਆਂ ਕੁਝ ਸ਼ਾਨਦਾਰ ਉਪਲੱਬਧੀਆਂ ਜਿਵੇਂ ਕਿ ਟ੍ਰੇਨਿੰਗ, ਬੁਨਿਆਦੀ ਢਾਂਚਾ, ਪਾਠਕ੍ਰਮ ਇੰਸਟ੍ਰਕਸ਼ਨਲ ਮਟੀਰੀਅਲ ਅਤੇ ਖੋਜ ਤੇ ਵਿਕਾਸ ਬਾਰੇ ਚਾਨਣਾ ਪਾਇਆ।
ਸਿੱਖਿਆ ਮੰਤਰਾਲੇ (ਉੱਚ ਸਿੱਖਿਆ ਵਿਭਾਗ), ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਸ੍ਰੀ ਮਧੂ ਰੰਜਨ ਕੁਮਾਰ ਨੇ ਇੰਸਟੀਚਿਊਟ ਦੇ ਸਲਾਨਾ ਦਿਵਸ ਮੌਕੇ ਈ-ਸੋਵੀਨਰ ਜਾਰੀ ਕੀਤਾ। ਸ੍ਰੀ ਮਧੂ ਰੰਜਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਸਥਾ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੱਸਿਆ ਕਿ ਕੋਵਿਡ-19 ਦੌਰਾਨ ਸੰਸਥਾ ਨੇ ਦੇਸ਼ ਭਰ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ ਫੈਕਲਟੀ ਨੂੰ ਸਿਖਲਾਈ ਦੇਣ ਲਈ ਸ਼ਾਨਦਾਰ ਕਾਰਜ ਕੀਤਾ ਹੈ। ਉਨ੍ਹਾਂ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਪਟਨਾਇਕ ਦੀ ਗਤੀਸ਼ੀਲ ਅਗਵਾਈ ਹੇਠ ਪਿਛਲੇ ਤਿੰਨ ਸਾਲਾਂ ਦੌਰਾਨ ਸੰਸਥਾ ਵੱਲੋਂ ਬਹੁਪੱਖੀ ਦਿਸ਼ਾ ਵਿੱਚ ਕੀਤੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ।
ਨੈਸ਼ਨਲ ਬੋਰਡ ਆਫ ਐਕ੍ਰੀਡੇਸ਼ਨ (ਐਨ.ਬੀ.ਏ.) ਦੇ ਚੇਅਰਮੈਨ ਪ੍ਰੋ. ਕੇ.ਕੇ. ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਅਗਰਵਾਲ ਨੇ ਸਮਾਰਟ ਕਲਾਸਰੂਮ ਅਤੇ ਆਡੀਓ ਵਿਜ਼ੂਅਲ ਏਡਜ਼ ਦੀਆਂ ਨਵੀਨਤਮ ਸਹੂਲਤਾਂ ਵਾਲੇ 80 ਤੋਂ ਵੱਧ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਨਾਲ ਨਵੇਂ ਵਿਕਸਤ ਕੀਤੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ। ਉਨ੍ਹਾਂ ਐਨ.ਆਈ.ਟੀ.ਟੀ.ਆਰ., ਚੰਡੀਗੜ੍ਹ ਨੂੰ ਇਸ ਵਿਸ਼ੇਸ਼ ਦਿਨ ਦੀ ਵਧਾਈ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਸੀ.ਐਸ.ਆਈ.ਆਰ.-ਸੀ.ਐਸ.ਆਈ.ਓ., ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਐਸ. ਅਨੰਥਾ ਰਾਮਕ੍ਰਿਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
‘ਨਵੀਂ ਸਿੱਖਿਆ ਨੀਤੀ (ਐਨਈਪੀ 2020)’ 'ਤੇ ਇੱਕ ਖੁੱਲ੍ਹੇ ਮੰਚ 'ਤੇ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਫੈਕਲਟੀ ਮੈਂਬਰਾਂ ਨੇ ਇਸ ਦੇ ਲਾਗੂਕਰਨ ਲਈ ਤਰੀਕਿਆਂ ਅਤੇ ਰਣਨੀਤੀਆਂ ਦਾ ਸੁਝਾਅ ਦਿੱਤਾ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਨੀਤੀ ਵਿੱਚ ਸੁਝਾਏ ਉੱਚ ਸਿੱਖਿਆ ਵਿੱਚ ਬਦਲਾਅ ਸ਼ਾਮਲ ਹਨ। ਇਸ ਵਿਚਾਰ ਵਟਾਂਦਰੇ ਦਾ ਸੰਚਾਲਨ ਕਰਦਿਆਂ, ਸੰਸਥਾ ਪ੍ਰਸ਼ਾਸਨ ਦੇ ਫੈਕਲਟੀ ਇੰਚਾਰਜ ਪ੍ਰੋ. ਪ੍ਰਮੋਦ ਕੁਮਾਰ ਸਿੰਗਲਾ ਨੇ ਐਨਈਪੀ 2020 ਦੇ ਕੁਝ ਮਹੱਤਵਪੂਰਨ ਪਹਿਲੂ ਉਜਾਗਰ ਕੀਤੇ। ਇਸ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਇੱਕ ਵਧੀਆ ਨੀਤੀ ਹੈ ਕਿਉਂਕਿ ਇਸ ਦਾ ਉਦੇਸ਼ 21ਵੀਂ ਸਦੀ ਦੀਆਂ ਲੋੜਾਂ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਸੰਪੂਰਨ, ਲਚਕਦਾਰ ਅਤੇ ਬਹੁ-ਅਨੁਸ਼ਾਸਨੀ ਬਣਾਉਣਾ ਹੈ। ਇਸ ਨੀਤੀ ਦਾ ਉਦੇਸ਼ ਕਈ ਤਰੀਕਿਆਂ ਨਾਲ ਆਦਰਸ਼ਕ ਪ੍ਰਤੀਤ ਹੁੰਦਾ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ। ਐਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹ ਨੂੰ ਐਨ.ਈ.ਪੀ. 2020 ਦੇ ਸਫਲਤਾਪੂਰਵਕ ਲਾਗੂਕਰਨ ਲਈ ਮੁੱਖ ਭੂਮਿਕਾ ਨਿਭਾਉਣੀ ਪਏਗੀ।
ਡਾ. ਮੀਨਾਕਸ਼ੀ ਸੂਦ, ਪ੍ਰੋ. ਅਸ਼ੋਕ, ਪ੍ਰੋ. ਬਲਵਿੰਦਰ ਰਾਜ ਅਤੇ ਪ੍ਰੋ. ਮਾਲਾ ਕਾਲੜਾ ਦੀ ਇਕ ਟੀਮ ਨੇ ਐਨਈਪੀ 2020 ਨੂੰ ਲਾਗੂ ਕਰਨ ਦੀਆਂ ਰਣਨੀਤੀਆਂ ਦੀ ਰੂਪ ਰੇਖਾ ਬਾਰੇ ਇਕ ਰਿਪੋਰਟ ਤਿਆਰ ਕੀਤੀ।
ਸੰਸਥਾ ਦੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਵਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦਾ ਸੰਚਾਲਨ ਪ੍ਰੋ. ਅਜੈ ਕੇ. ਦੁੱਗਲ ਅਤੇ ਪ੍ਰੋ. ਰਿਤੁਲਾ ਠਾਕੁਰ ਨੇ ਕੀਤਾ।
ਇਸ ਮੌਕੇ ਪ੍ਰੋ. ਮੈਤਰੀਯ ਦੱਤਾ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।
No comments:
Post a Comment