ਐਸ.ਏ.ਐਸ. ਨਗਰ, 28 ਅਪ੍ਰੈਲ : ਮੋਹਾਲੀ ਸਥਿਤ ਇਕ ਫਿਲਮ ਪ੍ਰੋਡਿਊਸਰ ਵਲੋਂ ਇਕ ਵਿਅਕਤੀ ਖ਼ਿਲਾਫ਼ ਜਾਨੋਂ ਮਾਰਨ ਦੀ ਧਮਕੀ ਅਤੇ ਦਫ਼ਤਰ ਵਿਚ ਆਪਣੇ ਸਾਥੀਆਂ ਸਮੇਤ ਭੰਨ-ਤੋੜ ਕਰਨ ਦੇ ਦੋਸ਼ ਲਗਾਏ ਗਏ ਹਨ।
ਅੱਜ ਇਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਪੀੜਤ ਜਗਦੀਪ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਬੀਐਮਡਬਲਿਊ ਕਾਰ ਰਛਪਾਲ ਸਿੰਘ ਨੂੰ ਦੋ ਸਾਲ ਪਹਿਲਾਂ 8 ਲੱਖ 25 ਹਜ਼ਾਰ ਰੁਪਏ ਦੀ ਵੇਚੀ ਸੀ, ਜਿਸ ਵਿਚ ਉਸ ਨੇ 5 ਲੱਖ ਦਾ ਚੈਕ ਦਿੱਤਾ ਸੀ ਅਤੇ ਬਾਕੀ ਪੈਸੇ ਬਾਅਦ ਵਿਚ ਦੇਣ ਦਾ ਸਮਝੌਤਾ ਹੋਇਆ ਸੀ। ਜਗਦੀਪ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਵਲੋਂ ਦਿੱਤਾ ਚੈਕ ਕਲੀਅਰ ਨਹੀਂ ਹੋਇਆ ਅਤੇ ਨਾ ਹੀ ਉਸ ਨੇ ਮੇਰੇ ਬਾਕੀ ਪੈਸੇ ਦਿੱਤੇ। ਮੇਰੇ ਵਲੋਂ ਵਾਰ ਵਾਰ ਫੋਨ ਕਰਕੇ ਪੈਸੇ ਮੰਗਣ ਉਤੇ ਉਸ ਨੇ ਮੈਨੂੰ ਬੀਤੇ ਦੋ ਸਾਲਾਂ ਤੋ ਲਗਾਤਾਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਅਤੇ ਕੋਰਟ ਵਿਚ ਕੀਤੇ ਕੇਸ ਵਾਪਸ ਲੈਣ ਲਈ ਮੇਰੇ ਉਪਰ ਦਬਾਅ ਪਾਉਦਾ ਰਿਹਾ। ਪੁਲਿਸ ਵਲੋਂ ਕੋਈ ਸਮੇਂ ਸਿਰ ਕੋਈ ਕਾਰਵਾਈ ਨਾ ਹੋਣ ਕਾਰਨ ਆਖ਼ਰ ਮੈਂ ਇਨਸਾਫ਼ ਲਈ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ।
ਜਗਦੀਪ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ 26 ਅਪ੍ਰੈਲ ਨੂੰ ਉਕਤ ਵਿਅਕਤੀ ਨੇ ਮੈਨੂੰ ਕੋਰਟ ਵਿਚ ਸਬੰਧਤ ਕੇਸ ਦੀ ਤਰੀਕ ਦੌਰਾਨ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਸ਼ਾਮ ਨੂੰ ਆਪਣੇ ਸਾਥੀਆਂ ਸਮੇਤ 4 ਗੱਡੀਆਂ ਵਿਚ 10 ਦੇ ਕਰੀਬ ਵਿਅਕਤੀ ਪਿਸਟਲ ਅਤੇ ਤੇਜ਼ਧਾ ਹਥਿਆਰਾਂ ਸਮੇਤ ਮੇਰੇ ਦਫ਼ਤਰ ਵਿਚ ਦਰਵਾਜ਼ੇ ਭੰਨ ਕੇ ਦਾਖਲ ਹੋਏ ਅਤੇ ਦਫ਼ਤਰ ਦੀ ਭੰਨ-ਤੋੜ ਕੀਤੀ। ਮੈਂ ਮੁਸ਼ਕਿਲ ਨਾਲ ਆਪਣੀ ਪਤਨੀ ਸਮੇਤ ਜਾਨ ਬਚਾ ਕੇ ਪਿਛਲੇ ਦਰਵਾਜ਼ੇ ਤੋਂ ਭੱਜਿਆ। ਰਛਪਾਲ ਸਿੰਘ ਵਲੋਂ ਮੇਰੇ ਦਫ਼ਤਰ ਵਿਚੋਂ ਲੈਪਟਾਪ ਅਤੇ 2 ਲੱਖ 85 ਹਜ਼ਾਰ ਰੁਪਏ ਦੀ ਰਕਮ ਵੀ ਚੁੱਕ ਕੇ ਲੈ ਗਿਆ, ਜਿਸ ਦੀ ਮੈਂ ਸੀਸੀ ਟੀਵੀ ਫੁਟੇਜ਼ ਵੀ ਪੁਲਿਸ ਨੂੰ ਦਿੱਤੀ ਹੈ। ਉਕਤ ਹਮਲਾਵਰ ਮੇਰੇ ਦਫ਼ਤਰ ਦੇ ਸੀਸੀ ਟੀਵੀ ਕੈਮਰੇ ਦੇ ਡੀਬੀਆਰ ਵੀ ਚੁੱਕ ਕੇ ਲੈ ਗਏ ਤਾਂ ਕਿ ਕੋਈ ਸਬੂਤ ਨਾ ਰਹੇ। ਇਹ ਫੁਟੇਜ਼ ਵੀ ਮੈਨੂੰ ਮੇਰੇ ਗੁਆਂਢੀਆਂ ਵਲੋਂ ਮੁਹੱਈਆ ਕਰਵਾਈ ਗਈ।
ਇਸ ਦੌਰਾਨ ਜਗਦੀਪ ਸਿੰਘ ਨੇ ਮੋਹਾਲੀ ਪੁਲਿਸ ਤੋਂ ਆਪਣੀ ਜਾਨ-ਮਾਲ ਦੀ ਰਾਖੀ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਉਕਤ ਵਿਅਕਤੀ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਸਥਾਨਕ ਐਸਐਸਪੀ, ਡੀਐਸਪੀ ਅਤੇ ਪੁਲਿਸ ਚੌਂਕੀ ਇੰਚਾਰਜ ਸਨੇਟਾ ਦੀ ਹੋਵੇਗੀ।
ਇਥੇ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਐਸਐਸਪੀ ਮੋਹਾਲੀ ਨੂੰ ਦੋ ਵਾਰ ਸ਼ਿਕਾਇਤ ਨੰ: 1879469 ਮਿਤੀ 18.9.2020 ਅਤੇ 2082836 ਮਿਤੀ 15.7.2021 ਵੀ ਕਰ ਚੁੱਕਿਆ ਹੈ, ਪਰ ਇਹਨਾਂ ਦੋਵਾਂ ਸ਼ਿਕਾਇਤਾਂ ਉਪਰ ਪੁਲਿਸ ਵਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਕੀ ਕਹਿਣਾ ਸਨੇਟਾ ਚੌਂਕੀ ਇੰਚਾਰਜ ਦਾ
ਸਨੇਟਾ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨਾਲ ਜਦੋਂ ਅਸੀਂ ਰਾਬਤਾ ਕਾਇਮ ਕੀਤਾ ਤਾਂ ਉਸ ਨੇ ਕੇਸ ਸਬੰਧੀ ਇਹ ਜਾਣਕਾਰੀ ਦਿੱਤੀ ਕਿ ਅਜੇ ਤਾਂ ਸਾਡੀ ਜਾਂਚ ਚੱਲ ਰਹੀ ਹੈ। ਜੋ ਸ਼ਿਕਾਇਤ ਸਾਡੇ ਕੋਲ ਆਈ ਹੈ, ਉਸ ਮੁਤਾਬਕ ਜੋ ਸਮਾਨ ਦੀ ਲੁੱਟ ਕੀਤੀ ਗਈ ਹੈ, ਉਸ ਦੇ ਸਬੂਤ ਅਜੇ ਅਸੀਂ ਜਾਂਚ ਰਹੇ ਹਾਂ। ਉਸ ਤੋਂ ਬਾਅਦ ਹੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
No comments:
Post a Comment