ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੰਡੀਗੜ੍ਹ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਅਮਿੱਟ ਯਾਦਾਂ ਛੱਡਦਾ ਸੰਪੰਨ
ਵੋਟ ਬੈਂਕ ਲਈ ਸਿਆਸਤਦਾਨਾਂ ਵੱਲੋਂ ਅਪਣਾਈ ਚੋਣਵੀਂ ਧਰਮ ਨਿਰਪੱਖਤਾ, ਸਿਆਸੀ ਫਾਇਦੇ ਦੇਸ਼ ਲਈ ਨੁਕਸਾਨਦਾਇਕ ਸਾਬਤ ਹੋਣਗੇ: ਅਗਨੀਹੋਤਰੀ
ਮੋਹਾਲੀ 22 ਅਪ੍ਰੈਲ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚੱਲ ਰਹੇ ਦੋ ਰੋਜ਼ਾ ਚੰਡੀਗੜ੍ਹ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦੇ ਦੂਜੇ ਦਿਨ ਵਿਸ਼ੇਸ਼ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਉਘੇ ਭਾਰਤੀ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਨੇ ਕਸ਼ਮੀਰੀ ਹਿੰਦੂਆਂ ਦੀ ਨਸਲਕੁਸ਼ੀ ਦੀ ਸੱਚਾਈ ਦੁਨੀਆਂ ਸਨਮੁੱਖ ਰੱਖਣ ਦੀ ਹਿੰਮਤ ਕੀਤੀ ਹੈ, ਜਿਸ ਨੂੰ ਕਸ਼ਮੀਰ ’ਤੇ ਬਣੀਆਂ ਬਹੁਤ ਸਾਰੀਆਂ ਫ਼ਿਲਮਾਂ ’ਚ ਨਜ਼ਰ ਅੰਦਾਜ਼ ਕੀਤਾ ਗਿਆ ਸੀ।‘ਪ੍ਰਚਲਤ ਚੋਣਵੀਂ ਧਰਮ ਨਿਰਪੱਖਤਾ’ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ ਨੂੰ ਵੱਡੇ ਪੱਧਰ ’ਤੇ ਨੁਕਸਾਲ ਪਹੁੰਚਾ ਰਿਹਾ ਹੈ। ਇਸ ਦੌਰਾਨ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚੱਲ ਰਹੇ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦੇ ਦੂਜੇ ਦਿਨ ਆਯੋਜਿਤ ਟਾਕ ਸ਼ੋਅ ਵਿਚ ਭਾਰਤੀ ਪੱਤਰਕਾਰ, ਲੇਖਿਕਾ ਅਤੇ ਫ਼ਿਲਮ ਆਲੋਚਕ ਕਾਵੇਰੀ ਬਾਮਜ਼ਈ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਪ੍ਰਸਿੱਧ ਅਦਾਕਾਰਾ ਪਲਵੀ ਜੋਸ਼ੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ੍ਰਚਾਂਸਲਰ ਡਾ. ਆਰ. ਐਸ. ਬਾਵਾ ਵੀ ਮੌਜੂਦ ਸਨ। ਇਸ ਦੌਰਾਨ ਵਿਵੇਕ ਅਗਨੀਹੋਤਰੀ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਫ਼ਿਲਮ ਐਂਡ ਮੀਡੀਆ ਸਟੱਡੀਜ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਫ਼ਿਲਮ ਇੰਡਸਟਰੀ ਵਿੱਚ ਆਪਣੇ ਪੈਰ ਜਮਾਉਣ ਅਤੇ ਮੌਜੂਦਾ ਰੁਝਾਨਾਂ ਲਈ ਮਾਰਗਦਰਸ਼ਨ ਕੀਤਾ।
ਇਸ ਮੌਕੇ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਪੰਜਾਬ ਨੇ ਦੂਜਿਆਂ ਸੂਬਿਆਂ ਦੀ ਤੁਲਨਾ ’ਚ ਸੱਭ ਤੋਂ ਵੱਧ ਖੂਨ-ਖਰਾਬਾ ਦੇਖਿਆ ਹੈ। ਉਨ੍ਹਾਂ ਕਿਹਾ ਕਿ ‘ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਜ਼ੀਰੋ ਟੋਲਰੈਂਸ’ ਦੀ ਨੀਤੀ ਹੀ ਅੱਤਵਾਦ ਦੇ ਖਤਰੇ ਦਾ ਇੱਕਮਾਤਰ ਹੱਲ ਹੈ। ਅਗਨੀਹੋਤਰੀ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਨੂੰ ਅੱਤਵਾਦੀ ਕਹਿਣਾ ਗ਼ਲਤ ਹੈ ਅਤੇ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਦੁਨੀਆ ਨੂੰ ਵਿਖਾਉਣ ਕਿ ਉਹ ਅੱਤਵਾਦ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖਤਾ ਭਾਰਤ ਦੇ ਡੀਐਨਏ ਵਿੱਚ ਸੀ ਅਤੇ ਰਹੇਗਾ, ਪਰ ਦੇਸ਼ ਵਿੱਚ ਪ੍ਰਚਲਿਤ ‘ਚੋਣਵੀਂ ਧਰਮ ਨਿਰਪੱਖਤਾ’ ਦੇਸ਼ ਲਈ ਚੰਗੀ ਨਹੀਂ ਹੈ। ਧਰਮ ਨਿਰਪੱਖਤਾ ਇੱਕ ਮਹਾਨ ਚੀਜ਼ ਹੈ, ਜਿੱਥੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਲੂਕ ਅਤੇ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ, ਪਰ ਭਾਰਤ ਵਿੱਚ ਚੋਣਵੇਂ ਧਰਮ ਨਿਰਪੱਖਤਾ ਦਾ ਇੱਕ ਖ਼ਤਰਨਾਕ ਰੁਝਾਨ ਪ੍ਰਚਲਿਤ ਹੈ, ਜਿੱਥੇ ਸਿਆਸਤਦਾਨ ਆਪਣੀ ਜ਼ਰੂਰਤ ਮੁਤਾਬਕ ਇਸ ਸ਼ਬਦ ਦੀ ਵਰਤੋਂ ਕਰਦੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਕਹਾਣੀ ਦਾ ਇੱਕ ਪਹਿਲੂ ਯਾਨੀ ਕਸ਼ਮੀਰੀ ਮੁਸਲਮਾਨਾਂ ਦੀ ਕਹਾਣੀ ਦਿ ਕਸ਼ਮੀਰ ਫਾਈਲਾਂ ਵਿੱਚ ਨਹੀਂ ਦਰਸਾਈ ਗਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ’ਤੇ ਅਤੀਤ ’ਚ ਬਣੀਆਂ ਅੱਧੀ ਦਰਜਨ ਫ਼ਿਲਮਾਂ ’ਚ ਵੀ ਕਸ਼ਮੀਰੀ ਹਿੰਦੂ ਨਸਲਕੁਸ਼ੀ ਨੂੰ ਆਸਾਨੀ ਨਾਲ ਅਣਡਿੱਠ ਕੀਤਾ ਗਿਆ ਸੀ ਅਤੇ ਉਨ੍ਹਾਂ ਦਲੇਰੀ ਨਾਲ ’ਕਸ਼ਮੀਰ ਫਾਈਲਜ਼’ ਦੇ ਮਾਧਿਅਮ ਰਾਹੀਂ ਕਹਾਣੀ ਦਾ ਦੂਜਾ ਪੱਖ ਦਿਖਾਉਣ ਦੀ ਹਿੰਮਤ ਕੀਤੀ ਹੈ।ਅਗਨੀਹੋਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਲਗਭਗ ਹਰ ਹਿੱਸੇ ਨੇ ਵੱਖ-ਵੱਖ ਸਮਿਆਂ ’ਤੇ ਖੂਨ-ਖਰਾਬਾ ਦੇਖਿਆ ਹੈ ਅਤੇ ਬਦਕਿਸਮਤੀ ਨਾਲ ਪੂਰਾ ਦੇਸ਼ ਕਿਸੇ ਵੀ ਸਮੇਂ ਪੀੜਤਾਂ ਲਈ ਇਕੱਠੇ ਨਹੀਂ ਖੜ੍ਹਾ ਹੋਇਆ। ਅੱਤਵਾਦ ਕਾਰਨ ਜੋ ਖੂਨ-ਖਰਾਬਾ ਹੋਇਆ ਹੈ, ਉਹ ਕਸ਼ਮੀਰ ਵਿੱਚ ਹੋਇਆ ਹੈ, ਝਾਰਖੰਡ ਵਿੱਚ, ਬੰਗਾਲ ਵਿੱਚ, ਇੱਥੋਂ ਤੱਕ ਕਿ ਪੰਜਾਬ ਦੀ ਧਰਤੀ ਨੇ ਵੀ ਸਭ ਤੋਂ ਲੰਬਾ ਖੂਨ-ਖਰਾਬਾ ਦੇਖਿਆ ਹੈ, ਜੋ ਕਿ ਹੋਰਨਾਂ ਖੇਤਰਾਂ ਨਾਲੋਂ ਕਿਤੇ ਵੱਧ ਸੀ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਤਰੇ ਦਾ ਹੱਲ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਜ਼ੀਰੋ ਟੋਲਰੈਂਸ ਦੀ ਸਖ਼ਤ ਨੀਤੀ ਹੈ।
ਇਸ ਤੋਂ ਪਹਿਲਾਂ, ਪ੍ਰਸਿੱਧ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਸੌਰਭ ਸ਼ੁਕਲਾ ਨੇ ਅਦਾਕਾਰੀ ਦੀਆਂ ਬਾਰੀਕੀਆਂ, ਪਾਤਰਾਂ ਦੀ ਬਣਤਰ ਅਤੇ ਕਹਾਣੀ ਸੁਣਾਉਣ ਦੀ ਕਲਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਅਭਿਨੇਤਾ ਲਈ ਸੱਭ ਤੋਂ ਮਹੱਤਵਪੂਰਨ ਚੀਜ਼ ਉਸ ਦੀ ਕਲਪਨਾ ਹੁੰਦੀ ਹੈ ਅਤੇ ਇੱਕ ਅਦਾਕਾਰ ਨੂੰ ਲਿਖਣਾ ਵੀ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਲਪਨਾ ਕਰਕੇ ਲਿਖਣਾ ਅਤੇ ਅਦਾਕਾਰੀ ਰਾਹੀਂ ਕਿਸੇ ਪਾਤਰ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਇੱਕੋ ਗੱਲ ਹੈ।ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਕਹਾਣੀਕਾਰ ਨੂੰ ਖੁਦ ਸਮਝਣਾ ਚਾਹੀਦਾ ਹੈ ਕਿ ਉਹ ਕੀ ਕਹਿ ਰਿਹਾ ਹੈ, ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਅਜਿਹਾ ਕੋਈ ਕਾਰਨ ਨਹੀਂ ਜਾਪਦਾ ਕਿ ਲੋਕ ਉਸ ਨੂੰ ਜਾਂ ਉਸਦੀ ਅਦਾਕਾਰੀ ਨੂੰ ਨਾ ਸਮਝਣ।
ਅਭਿਨੇਤਾ ਅਖਿਲੇਂਦਰ ਮਿਸ਼ਰਾ ਨੇ ਵਿਦਿਆਰਥੀਆਂ ਨਾਲ ਅਭਿਨੇਤਾ ਦੇ ਤੌਰ ’ਤੇ ਆਵਾਜ਼ ਅਤੇ ਯਾਦਦਾਸ਼ਤ ਬਾਰੇ ਕੀਮਤੀ ਸੁਝਾਅ ਅਤੇ ਜੁਗਤਾਂ ਸਾਂਝੀਆਂ ਕੀਤੀਆਂ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਸ਼ਾ ਅਤੇ ਉਚਾਰਨ ਅਦਾਕਾਰਾਂ ਲਈ ਸਭ ਤੋਂ ਵੱਡੀ ਸੰਪਤੀ ਹਨ।ਪ੍ਰਸਿੱਧ ਨਿਰਦੇਸ਼ਕ ਅਭਿਸ਼ੇਕ ਦੁਹਈਆ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਿਹਨਤ ਅਤੇ ਲਗਨ ਉਦਯੋਗ ਵਿੱਚ ਅੱਗੇ ਵਧਣ ਲਈ ਮੁੱਖ ਕੁੰਜੀਆਂ ਹਨ। ਉਸ ਨੇ ਤਾਕੀਦ ਕੀਤੀ ਕਿ ਤੁਸੀਂ ਪਰਦੇ ਦੇ ਪਿੱਛੇ ਜਿੰਨੀ ਮਿਹਨਤ ਕਰੋਗੇ, ਪਰਦੇ ’ਤੇ ਤੁਸੀਂ ਓਨੀ ਹੀ ਤੇਜ਼ੀ ਨਾਲ ਸਫ਼ਲਤਾ ਵੱਲ ਜਾਉਗੇ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆਯੋਜਿਤ ਦੋ ਰੋਜ਼ਾ ਫੈਸਟੀਵਲ ਵਿੱਚ ਫ਼ਿਲਮ ਪ੍ਰੇਮੀਆਂ, ਵਿਦਿਆਰਥੀਆਂ ਅਤੇ ਉਭਰਦੇ ਫ਼ਿਲਮ ਨਿਰਮਾਤਾਵਾਂ ਦੀ ਵੱਡੀ ਸ਼ਮੂਲੀਅਤ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।ਵਰਨਣਯੋਗ ਹੈ ਕਿ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਲਈ 150 ਤੋਂ ਵੱਧ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਸਨ, ਜਿਸ ਤਹਿਤ ਵੱਖ-ਵੱਖ ਫ਼ੀਚਰ ਫ਼ਿਲਮਾਂ, ਲਘੂ ਫਿਲਮਾਂ, ਐਨੀਮੇਟਡ ਫ਼ਿਲਮਾਂ ਨੇ ਦਰਸ਼ਕਾਂ ਨੂੰ ਇੱਕ ਵਿਲੱਖਣ ਅਨੁਭਵ ਦਿੱਤਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਫ਼ਿਲਮ ਫੈਸਟੀਵਲ ਦੌਰਾਨ ਡਾਇਰੈਕਟਰ, ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਸੌਰਭ ਸ਼ੁਕਲਾ, ਦਿਲੀਪ ਸੇਨ, ਅਖਿਲੇਂਦਰ ਮਿਸ਼ਰਾ, ਸ਼ਾਹਿਦ ਮਾਲਿਆ, ਸਪਨਾ ਚੌਧਰੀ, ਕੇ.ਸੀ. ਬੋਕਾਡੀਆ, ਪ੍ਰੀਤੀ ਸ਼ਾਪਰੂ, ਅਭਿਸ਼ੇਕ ਦੁਧੀਆ, ਗੈਵੀ ਚਹਿਲ, ਸਤਿੰਦਰ ਸੱਤੀ, ਅਰਜੁਮਨ ਮੁਗਲ, ਰਾਣਾ ਜੁਗਨਾ ਸਮੇਤ ਹੋਰ ਪ੍ਰਮੁੱਖ ਹਸਤੀਆਂ ਕੈਂਪਸ ਵਿੱਚ ਪਹੁੰਚੀਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
No comments:
Post a Comment