ਅਸ਼ਵਨੀ ਸ਼ਰਮਾ ਦੇ ਸੱਦੇ 'ਤੇ ਪੰਜਾਬ ਭਰ 'ਚ ਭਾਜਪਾ ਵਰਕਰਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ।
ਮੋਹਾਲੀ, 05 ਅਪ੍ਰੈਲ : ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ 12 ਤੋਂ 14 ਘੰਟੇ ਦੇ ਬਿਜਲੀ ਕੱਟ ਲੱਗਣ ਕਾਰਨ ਦੁਖੀ ਜਨਤਾ ਅਤੇ ਕਿਸਾਨਾਂ ਦੀ ਆਵਾਜ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿੱਤੇ ਸੱਦੇ 'ਤੇ ਸੂਬੇ ਭਰ ਦੇ ਭਾਜਪਾ ਵਰਕਰ ਲੋਕਾਂ ਦੇ ਹੱਕਾਂ ਲਈ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰ ਰਹੇ ਹਨ। ਇਸੇ ਕੜੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ ਡੀਸੀ ਦਫਤਰ ਮੋਹਾਲੀ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਭਗਵੰਤ ਮਾਨ ਨੇ ਸਰਕਾਰ ਖਿਲਾਫ ਧਰਨਾ ਦਿੱਤਾ।
ਰਾਣਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਗਠਜੋੜ ਸਰਕਾਰ ਵੇਲੇ ਪੰਜਾਬ ਵਿੱਚ ਵਾਧੂ ਬਿਜਲੀ ਸੀ ਅਤੇ ਅਸੀਂ ਦੂਜੇ ਰਾਜਾਂ ਨੂੰ ਬਿਜਲੀ ਦਿੰਦੇ ਸਾਂI ਪਰ ਅਜਿਹਾ ਕੀ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਪੰਜਾਬ ਵਿੱਚ ਬਿਜਲੀ ਦਾ ਇੰਨਾ ਵੱਡਾ ਸੰਕਟ ਪੈਦਾ ਹੋ ਗਿਆ? ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਖਬਾਰਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਹੀ ਦੇਖ ਰਹੇ ਹਨ। ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਅਤੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬਿਜਲੀ ਮਿਲ ਰਹੀ ਸੀ, ਉਹ ਵੀ ਖੋਹ ਲਈ ਹੈ। ਲੋਕਾਂ ਨੂੰ ਪੈਸੇ ਦੇ ਕੇ ਵੀ ਬਿਜਲੀ ਨਹੀਂ ਮਿਲ ਰਹੀ। ਸ਼ਹਿਰਾਂ ਅਤੇ ਪਿੰਡਾਂ ਵਿੱਚ 12 ਤੋਂ 14 ਘੰਟੇ ਦੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ। ਉਪਰੋਂ ਮੌਸਮ ਵਿੱਚ ਆਏ ਅਚਾਨਕ ਬਦਲਾਅ ਕਾਰਨ ਤੇਜ਼ ਗਰਮੀ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਅਜਿਹੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਲਾਏ ਜਾ ਰਹੇ ਬਿਜਲੀ ਕੱਟਾਂ ਨੇ ਲੋਕਾਂ ਦਾ ਤੇਲ ਕੱਢ ਦਿੱਤਾ ਹੈ। ਕਿਸਾਨਾਂ ਨੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖਿਲਾਫ਼ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਅਤੇ ਸੜਕਾਂ ਜਾਮ ਕਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋ ਕੇ ਦੁਖੀ ਜਨਤਾ ਦੀ ਆਵਾਜ਼ ਨੂੰ ਭਗਵੰਤ ਮਾਨ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਜਨਤਕ ਸਮਰਥਨ ਨਾਲ ਪ੍ਰਦਰਸ਼ਨ ਕੀਤਾ ਹੈ।
ਸ਼ੁਸ਼ੀਲ ਰਾਣਾ ਨੇ ਕਿਹਾ ਕਿ ਜੇਕਰ ਪੰਜਾਬ 'ਚ ਇਸੇ ਹਿਸਾਬ ਨਾਲ ਬਿਜਲੀ ਦੇ ਕੱਟ ਜਾਰੀ ਰਹੇ ਤਾਂ 600 ਯੂਨਿਟ ਜੋ ਕਿ ਮੁਫਤ ਮਿਲਨੇ ਹਨ, ਆਉਣ ਵਾਲੀ ਦੀਵਾਲੀ ਤੱਕ ਵੀ ਪੂਰੇ ਨਹੀਂ ਹੋਣਗੇ। ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਲੋਕ ਵੀ ਹੁਣ ਕਹਿਣ ਲੱਗ ਪਏ ਹਨ ਕਿ ‘ਹੋਰ ਦੇਵੋ ਇੱਕ ਆਪ ਨੂੰ, ਨਾ ਬੱਤੀ ਦਿਨ ਨੂੰ, ਤੇ ਨਾ ਬੱਤੀ ਰਾਤ ਨੂੰ’।
ਸ਼ੁਸ਼ੀਲ ਰਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਕਹਿੰਦੇ ਸਨ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ 1 ਅਪ੍ਰੈਲ ਤੋਂ ਬਾਅਦ ਪੰਜਾਬ ਵਿੱਚ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ। ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਕਿਸਾਨ ਖੁਦਕੁਸ਼ੀਆਂ ਕੀਤੀ ਜਾ ਚੁੱਕੀ ਹੈ। ਪਰ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸੇ ਵੀ ਆਗੂ ਨੇ ਇਨ੍ਹਾਂ ਪੀੜਤ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ, ਉਹਨਾਂ ਦੀ ਸਾਰ ਵੀ ਨਹੀਂ ਪੂਛੀI ਪੰਜਾਬ 'ਚ ਜਦੋਂ ਉਕਤ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਤੋਂ ਆਪਣੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮੰਗਿਆ ਤਾਂ ਉਹਨਾਂ ਕਿਸਾਨਾਂ 'ਤੇ ਭਗਵੰਤ ਮਾਨ ਸਰਕਾਰ ਵੱਲੋਂ ਲਾਠੀਚਾਰਜ ਕੀਤਾ ਗਿਆ, ਜਿਸ 'ਚ ਕਈ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਤੋਂ ਬਾਅਦ ਕਿਸਾਨਾਂ ਨੂੰ ਸੰਮਨ ਭੇਜੇ ਗਏ, ਜਿਸ ਕਾਰਨ ਕਿਸਾਨ ਬੁਰੀ ਤਰ੍ਹਾਂ ਡਰੇ ਹੋਏ ਹਨ। ਇੰਨਾ ਹੀ ਨਹੀਂ ਹੁਣ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੋਂ ਬਿਜਲੀ ਦੇ ਬਿੱਲਾਂ ਦੀ ਵਸੂਲੀ ਵੀ ਸ਼ੁਰੂ ਕਰ ਦਿੱਤੀ ਹੈ।
ਸ਼ੁਸ਼ੀਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇ ਮੁੱਖ ਮੰਤਰੀ ਬਣਨ ਤੋਂ ਦੋ ਦਿਨ ਬਾਅਦ ਉਸ ਦੇ ਘਰ ਦੇ ਬਾਹਰ ਪੱਕਾ ਧਰਨਾ ਲੱਗ ਗਿਆ ਹੋਵੇ। ਜੀ ਹਾਂ, ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਦੋ ਦਿਨ ਬਾਅਦ ਹੀ ਧੋਖੇ ਦਾ ਪੁਲਿਸ ਭਰਤੀ ਦੇ ਨਾਂ 'ਤੇ ਸ਼ਿਕਾਰ ਹੋਏ ਪੁਲਿਸ ਮੁਲਾਜ਼ਮਾਂ ਵੱਲੋਂ ਭਗਵੰਤ ਮਾਨ ਦੇ ਘਰ ਦੇ ਬਾਹਰ ਪੱਕਾ ਧਰਨਾ ਲਾਇਆ ਗਿਆ ਹੈ ਅਤੇ ਇਹ ਅੱਜ ਤੱਕ ਜਾਰੀ ਹੈ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਪੁਲਿਸ ਦੇ ਨੱਕ ਹੇਠ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਡੇਢ ਮਹੀਨੇ 'ਚ 5 ਕਬੱਡੀ ਖਿਡਾਰੀਆਂ ਸਮੇਤ 35 ਤੋਂ ਵੱਧ ਲੋਕਾਂ ਦਾ ਬੇਖੌਫ ਅਪਰਾਧੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ ਅਤੇ ਅਪਰਾਧੀ ਪੁਲਸ ਦੀ ਪਹੁੰਚ ਤੋਂ ਦੂਰ ਹਨ।
ਸ਼ੁਸ਼ੀਲ ਰਾਣਾ ਨੇ ਕਿਹਾ ਕਿ ਪਟਿਆਲਾ ਹਿੰਸਾ 'ਚ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਇਸ ਹਿੰਸਾ ਨੂੰ ਭਾਜਪਾ ਅਤੇ ਕਾਂਗਰਸ ਦੀ ਸਰਪ੍ਰਸਤੀ ਵਲੋਂ ਪ੍ਰਾਯੋਜਿਤ ਦੱਸ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਣਾ ਨੇ ਸਵਾਲ ਕੀਤਾ ਕਿ ਜਦੋਂ ਆਮ ਆਦਮੀ ਪਾਰਟੀ 'ਤੇ ਸ਼ੁਰੂ ਤੋਂ ਹੀ ਖਾਲਿਸਤਾਨੀਆਂ ਨਾਲ ਸੰਪਰਕ ਅਤੇ ਫੰਡਿੰਗ ਦੇ ਦੋਸ਼ ਲੱਗ ਰਹੇ ਹਨ ਅਤੇ ਖਾਲਿਸਤਾਨੀ ਪੰਨੂੰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਤਾਂ ਭਗਵੰਤ ਮਾਨ ਜਾਂ ਕੇਜਰੀਵਾਲ ਇਸ 'ਤੇ ਆਪਣਾ ਸਪੱਸ਼ਟੀਕਰਨ ਜਨਤਾ ਦੇ ਸਾਹਮਣੇ ਕਿਉਂ ਨਹੀਂ ਦਿੰਦੇ? ਦੋਨੋਂ ਆਪਣਾ ਮੂੰਹ ਕਿਉਂ ਲੁਕਾਉਂਦੇ ਹਨ? ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਨਾਕਾਮੀਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣਾ ਕੇਜਰੀਵਾਲ ਦੀ ਬਹੁਤ ਪੁਰਾਣੀ ਆਦਤ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਕੇਜਰੀਵਾਲ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਨ। ਕੇਜਰੀਵਾਲ ਸਰਕਾਰ ਨਾਲ ‘ਗਿਆਨ ਸਮਝੌਤਾ’ ਕਰਕੇ ਭਗਵੰਤ ਮਾਨ ਨੇ ਪੰਜਾਬ ਨੂੰ ਦਿੱਲੀ ਨੂੰ ਵੇਚ ਦਿੱਤਾ ਹੈ।
ਰਾਣਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜਨਤਾ ਲਈ ਕਰਦੀ ਤਾਂ ਕੁਝ ਨਹੀਂ, ਉਹ ਸਿਰਫ ਝੂਠੇ ਵਾਅਦੇ ਅਤੇ ਲਾਲਚ ਦੇ ਕੇ ਜਨਤਾ ਨੂੰ ਮੂਰਖ ਬਣਾ ਰਹੀ ਹੈ। ਪਰ ਭਾਰਤੀ ਜਨਤਾ ਪਾਰਟੀ ਜਨਤਾ ਨਾਲ ਧੋਖਾ ਨਹੀਂ ਹੋਣ ਦੇਵੇਗੀ। ਭਾਜਪਾ ਦਾ ਇੱਕੋ ਇੱਕ ਟੀਚਾ ਹੈ, 'ਸਬਕਾ ਸਾਥ, ਸਬਕਾ ਵਿਸ਼ਵਾਸ ਅਤੇ ਸਬਕਾ ਵਿਕਾਸ' ਅਤੇ ਇਸ ਟੀਚੇ ਨੂੰ ਲੈ ਕੇ ਭਾਜਪਾ ਦੇ ਵਰਕਰ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸ ਮੌਕੇ ਸੂਬਾ ਜਨਰਲ ਸਕੱਤਰ ਭਾਜਪਾ ਪੰਜਾਬ ਡਾਕਟਰ ਸੁਭਾਸ਼ ਸ਼ਰਮਾ, ਪ੍ਰਦੇਸ਼ ਪ੍ਰਧਾਨ ਯੂਵਾ ਮੋਰਚਾ ਭਾਨੂੰ ਪ੍ਰਤਾਪ, ਜੱਸੀ ਜਸਰਾਜ, ਸੂਬਾ ਕਾਰਜਕਾਰਨੀ ਮੈਂਬਰ, ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸੀਸਟ, ਐਨ ਕੇ ਵਰਮਾ, ਲਖਵਿੰਦਰ ਕੌਰ ਗਰਚਾ, ਖੁਸ਼ਵੰਤ ਰਾਏ ਗੀਗਾ,ਸੰਜੀਵ ਖੰਨਾ, ਕਮਲਦੀਪ ਸੈਣੀ, ਨਰਿੰਦਰ ਸਿੰਘ ਰਾਣਾ, ਜਿਲ੍ਹਾ ਜਨਰਲ ਸਕੱਤਰ ਰਾਜੀਵ ਸ਼ਰਮਾ, ਜਗਦੀਪ ਜੱਗੀ ਔਜਲਾ, ਮੰਡਲ ਪ੍ਰਧਾਨ ਪਵਨ ਮਨੋਚਾ, ਰਾਜਪਾਲ ਰਾਣਾ, ਭੁਪਿੰਦਰ ਸਿੰਘ ਭੁਪੀ, ਅਨਿਲ ਗੁੱਡੂ, ਅਭਿਸ਼ੇਕ ਗੁਪਤਾ, ਸ਼ਿਵ ਕੁਮਾਰ ਟੋਨੀ, ਜਸਵਿੰਦਰ ਸਿੰਘ, ਰਾਕੇਸ਼ ਖੈਰ, ਚੰਦਰਮਾ ਮਿਸ਼ਰਾ, ਨਵੀਨ ਸਾਗਵਾਨ, ਅੰਕੁਸ਼ ਉਪਲ,ਸੋਹਨ ਸਿੰਘ, ਜੋਗਿੰਦਰ ਪਾਲ, ਉਮਾਕਾਤ ਤਿਵਾੜੀ, ਮਦਨ ਸ਼ੌਕੀ, ਰੰਜਨਾ ਮਿਸ਼ਰਾ, ਕੁਲਵੀਰ ਕਪੂਰ, ਮੋਨੀਕਾ ਸ਼ਰਮਾ, ਸ਼ਰਮੀਲਾ ਠਾਕੁਰ, ਰੂਪਾ ਸਾਰਦਾ, ਕੁਲਵਿੰਦਰ ਕੌਰ, ਸ਼ਿਵਾਨੀ ਖੇਰ, ਦਲੀਪ ਸਿੰਘ, ਜਸਮੇਰ ਸਿੰਘ ਰਾਣਾ, ਦਵਿੰਦਰ ਸਿੰਘ ਖਰੜ, ਚੰਪਾ ਰਾਣਾ, ਜਸਵੀਰ ਮਹਿਤਾ, ਆਦਿ ਵੀ ਹਾਜ਼ਰ ਸਨ।
No comments:
Post a Comment