SBP GROUP

SBP GROUP

Search This Blog

Total Pageviews

ਪੰਚਾਇਤੀ/ਸ਼ਾਮਲਾਟ ਜ਼ਮੀਨ ’ਤੇ ਨਜਾਇਜ਼ ਕਬਜ਼ਾਧਾਰੀ ਵੱਡੇ ਮਗਰਮੱਛਾਂ ਉਤੇ ਵੀ ਪਹਿਲ ਦੇ ਆਧਾਰ ’ਤੇ ਹੋਵੇ ਕਾਰਵਾਈ : ਬਲਦੇਵ ਸਿੰਘ ਸਿਰਸਾ, ਡਾ. ਸਵਰਨ ਸਿੰਘ

 ਡੇਰੇ ਵਲੋਂ ਬਾਬਾ ਬਕਾਲਾ ਸਾਹਿਬ ਤਹਿਸੀਲ ’ਚੋਂ ਕਾਨੂੰਨ ਛਿੱਕੇ ਟੰਗ ਕੇ ਇੱਕ ਵੱਖਰੀ ਸਬ ਤਹਿਸੀਲ ਬਣਾਈ
ਮੋਹਾਲੀ, 21 ਮਈ  :
ਸਿੱਖਿਆ ਵਿਭਾਗ ਵਲੋਂ 10+2 ਇਤਿਹਾਸ ਦੀਆਂ ਪੁਸਤਕਾਂ ਵਿਚ ਗੁਰੂ ਸਾਹਿਬਾਨ ਬਾਰੇ ਕੀਤੀਆਂ ਗਲਤ ਟਿੱਪਣੀਆਂ ਨੂੰ ਉਜਾਗਰ ਕਰਨ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਡਾ. ਸਵਰਨ ਸਿੰਘ ਨੇ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ ਵਿੱਢੀ ਨਜਾਇਜ਼ ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਡੇਰਾ ਰਾਧਾ ਸੁਆਮੀ ਵਲੋਂ ਦੱਬੀਆਂ ਨਜਾਇਜ਼ ਜ਼ਮੀਨਾਂ ਦਾ ਖੁਲਾਸਾ ਮੀਡੀਆ ਸਾਹਮਣੇ ਉਜਾਗਰ ਕੀਤਾ ਹੈ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ. ਬਲਦੇਵ ਸਿੰਘ ਸਿਰਸਾ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਡਾ. ਸਵਰਨ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੀ ਪੰਚਾਇਤੀ ਜ਼ਮੀਨ ਉਤੇ ਨਜਾਇਜ਼ ਕਬਜ਼ਾਧਾਰੀਆਂ ਤੋਂਂ ਕਬਜ਼ਾ ਛੁਡਾਉਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹਾਂ। ਪਰ ਨਜਾਇਜ਼ ਕਬਜ਼ੇਧਾਰੀ ਵੱਡੇ-ਵੱਡੇ ਮੱਗਰਮੱਛਾਂ ਵਿਰੁੱਧ ਕਾਰਵਾਈ ਪਹਿਲ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਇਨ੍ਹਾਂ ਮੱਗਰਮੱਛਾਂ ਵਿਚ ਜਿੱਥੇ ਬਹੁਤ ਸਾਰੇ ਕਦਾਵਾਰ ਰਾਜਨੀਤਕ ਆਗੂ, ਉਨ੍ਹਾਂ ਦੇ ਚੇਲੇ ਚਾਟੜੇ, ਅਫਸਰਸ਼ਾਹੀ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਉਹਨਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਆਬਾਦਕਾਰ ਹਮਾਤੜ ਲੋਕਾਂ ਨੂੰ ਜ਼ਮੀਨ ਐਕਵਾਇਰ ਨੀਤੀ ਵਿੱਚ ਬਣਦੀ ਛੋਟ ਦੇ ਕੇ ਰਾਹਤ ਦਿੱਤੀ ਜਾਣੀ ਵੀ ਬਹੁਤ ਜ਼ਰੂਰੀ ਹੈ ਤਾਂ ਆਮ ਲੋਕ ਉਜਾੜੇ ਤੋਂ ਬਚ ਸਕਣ।



ਇਸ ਦੌਰਾਨ ਸ. ਸਿਰਸਾ ਅਤੇ ਡਾ. ਸਵਰਨ ਸਿੰਘ ਨੇ ਪੰਜਾਬ ਵਿਚ ਡੇਰਾਬਾਦ ਵਲੋਂ ਨਜਾਇਜ਼ ਤੌਰ ’ਤੇ ਕਬਜ਼ੇ ਕਰਕੇ ਦੱਬੀਆਂ ਜ਼ਮੀਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਡੇਰਾ ਰਾਧਾ ਸੁਆਮੀ ਬਿਆਸ ਵੀ ਹੜੱਪੂ ਮਾਫੀਆ ਲਾਣੇ ਵਿੱਚ ਸ਼ਾਮਲ ਹੈ। ਇਸ ਅਖੌਤੀ ਡੇਰੇ ਵੱਲੋਂ ਜ਼ਿਲ੍ਹਾ ਅੰਮਿ੍ਰਤਸਰ ਅਤੇ ਕਪੂਰਥਲਾ ਦੇ ਕਰੀਬ 22 ਪਿੰਡਾਂ ਦੀ ਪੰਚਾਇਤੀ/ਸ਼ਾਮਲਾਟਾਂ, ਆਮ ਹਮਾਤੜ ਲੋਕਾਂ ਦੀ ਮਾਲਕੀ, ਧਾਰਮਿਕ ਸਥਾਨਾਂ ਤੇ ਰਾਹਾਂ/ਪਹਿਆਂ/ਰਸਤਿਆਂ ਆਦਿ ਹਜ਼ਾਰਾਂ ਏਕੜ ਦੀ ਜ਼ਮੀਨ ਜ਼ਬਰਦਸਤੀ ਪਿਛਲੇ ਲੰਮੇ ਸਮੇਂ ਤੋਂ ਦੱਬੀ ਹੋਈ ਹੈ ਤੇ ਇਹ ਧੱਕੇਸ਼ਾਹੀ ਅੱਜ ਵੀ ਲਗਾਤਾਰ ਜਾਰੀ ਹੈ। ਜ਼ਿਕਰਯੋਗ ਹੈ ਕਿ ਜਮ੍ਹਾਂਬੰਦੀਆਂ ਵਿਚ ਉਕਤ ਨੱਪੀ ਜ਼ਮੀਨ ਨੂੰ ਬੰਜਰ ਕਦੀਮੀ, ਝੰਗੀ, ਰੱਖਾਂ (ਦਰੱਖਤ ਝੁੰਡ), ਗੈਰ ਮੁਮਕਿਨ, ਦਰਿਆ ਆਦਿ ਦੇ ਰੂਪ ਵਿਚ ਦਰਜ ਹੈ ਜਦਕਿ ਹਕੀਕਤ ਵਿਚ ਉਕਤ ਸਭ ਕੁਝ ਹੈ ਹੀ ਨਹੀਂ। ਜਮ੍ਹਾਂਬੰਦੀਆਂ ਵਿਚ ਉਕਤ ਗਲਤ ਇੰਦਰਾਜ ਇਸ ਕਰਕੇ ਰੱਖੇ ਗਏ ਹਨ ਕਿ ਅਦਾਲਤੀ ਕੇਸਾਂ ਦੌਰਾਨ ਮੁਆਵਜ਼ਾ ਆਦਿ ਨਾ ਭਰਨਾ ਪਵੇ।
ਉਹਨਾਂ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮਿ੍ਰਤਸਰ ਦੇ ਦਰਜਨ ਕੁ ਪਿੰਡਾਂ ਦੀ ਹੜੱਪੀ ਜ਼ਮੀਨ ਦਾ ਜਮ੍ਹਾਂਬੰਦੀਆਂ ਅਨੁਸਾਰ ਰਿਕਾਰਡ ਅੰਕੜਾ ਦਿੰਦਿਆਂ ਕਿਹਾ ਕਿ ਪਿੰਡ ਬੁੱਢਾ ਥੇ (ਰਕਬਾ 3794 ਕਨਾਲ 01 ਮਰਲਾ), ਵੜੈਚ (ਰਕਬਾ 3200 ਕਨਾਲ), ਬਲਸਰਾਏ (ਰਕਬਾ 3300 ਕਨਾਲ 10 ਮਰਲੇ), ਯੋਧੇ (ਰਕਬਾ 1752 ਕਨਾਲ 10), ਜਲੂਵਾਲ (ਰਕਬਾ 1519 ਕਨਾਲ 16 ਮਰਲੇ), ਖਾਨਪੁਰ (ਰਕਬਾ 157 ਕਨਾਲ 07 ਮਰਲੇ), ਸੇਰੋਂ ਨਿਗਾਹ (ਰਕਬਾ 617 ਕਨਾਲ 08 ਮਰਲੇ), ਸੇਰੋਂ ਬਾਘਾ (ਰਕਬਾ 1619 ਕਨਾਲ 16 ਮਰਲੇ), ਬਤਾਲਾ (ਰਕਬਾ 140 ਕਨਾਲ 19 ਮਰਲੇ), ਡੇਰਾ ਬਾਬਾ ਜੈਮਲ ਸਿੰਘ (ਰਕਬਾ 3200 ਕਨਾਲ 03 ਮਰਲੇ) ਆਦਿ ਕਰੀਬ ਢਾਈ ਹਜਾਰ ਦੇ ਰਕਬੇ ਤੇ ਕਬਜ਼ਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਪਿੰਡਾਂ ਦਾ ਕਾਫੀ ਪੰਚਾਇਤੀ ਰਕਬਾ ਵੀ ਨਜਾਇਜ਼ ਦੱਬਿਆ ਹੋਇਆ ਹੈ।
ਉਕਤ ਧੱਕੇਸ਼ਾਹੀ ਤੋਂਂ ਇਲਾਵਾ ਇਸ ਡੇਰੇ ਵੱਲੋਂ ਦਰਿਆ ਦਾ ਕੁਦਰਤੀ ਵਹਾਅ ਨੂੰ ਇੱਕ ਮਜ਼ਬੂਤ ਬੰਨ੍ਹ ਲਾ ਕੇ ਦੂਜੇ ਪਾਰ ਦੇ ਪਿੰਡਾਂ ਦੀ ਜ਼ਮੀਨ ਨੂੰ ਭਾਰੀ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ ਹੈ। ਇਥੇ ਸਿਤਮਜਰੀਫੀ ਵਾਲੀ ਗੱਲ ਹੋਰ ਵੀ ਹੈ ਕਿ ਡੇਰੇ ਵੱਲੋਂ ਆਪਣੇ ਅਸਰਰਸੂਖ ਨਾਲ ਆਪਣੇ ਹਿੱਤ ਪਾਲਣ ਲਈ ਬਾਬਾ ਬਕਾਲਾ ਸਾਹਿਬ ਤਹਿਸੀਲ ਵਿੱਚੋਂ ਕਾਨੂੰਨ ਛਿੱਕੇ ਟੰਗ ਕੇ ਇੱਕ ਵੱਖਰੀ ਸਬ ਤਹਿਸੀਲ ਵੀ ਬਣਾ ਲਈ ਗਈ ਹੈ।
ਇਸ ਦੇ ਨਾਲ ਹੀ ਸੇਵਾਮੁਕਤ ਆਈਏਐਸ ਅਧਿਕਾਰੀ ਡਾ. ਸਵਰਨ ਸਿੰਘ ਨੇ ਮੋਹਾਲੀ ਦੇ ਮਿਰਜਾਪੁਰ ਤੇ ਨਾਢਾ ਪਿੰਡਾਂ ਦੀ ਦੱਬੀ ਜ਼ਮੀਨ ਸਬੰਧੀ ਵੱਡਾ ਖੁਲਾਸਾ ਕਰਦਿਆਂ ਦਸਿਆ ਕਿ ਜਸਟਿਸ ਕੁਲਦੀਪ ਸਿੰਘ ਦੀ 2013 ਦੀ  ਰਿਪੋਰਟ ਵਿਚ ਵੱਖ-ਵੱਖ ਸਮੇਂ ਪੜਤਾਲਾਂ ਵੀ ਹੋ ਚੁੱਕੀਆਂ ਹਨ, ਪਰ ਸਮੇਂ ਸਮੇਂ ਦੀਆਂ ਸਰਕਾਰ ਦੀਆਂ ਬਦਨੀਤੀਆਂ ਕਰਕੇ ਕੋਈ ਵੀ ਕਾਰਵਾਈ ਨਹੀਂ ਹੋਈ।
ਉਕਤ ਆਗੂਆਂ ਨੇ ਕਿਹਾ ਕਿ ਸਾਡੀ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਪੁਰਜ਼ੋਰ ਅਪੀਲ ਹੈ ਕਿ ਉਕਤ ਵੱਡੇ ਵੱਡੇ ਜ਼ਮੀਨ ਮਾਫੀਆ ਦੇ ਪੰਜੇ ਹੇਠੋਂ ਨਜਾਇਜ਼ ਦੱਬੀ ਜ਼ਮੀਨ ਪਹਿਲ ਦੇ ਆਧਾਰ ’ਤੇ ਮੁਕਤ ਕਰਵਾਈ ਜਾਵੇ ਅਤੇ ਆਬਾਦਕਾਰ ਹਮਾਤੜ ਲੋਕਾਂ ਨੂੰ ਜ਼ਮੀਨ ਐਕਵਾਇਰ ਨੀਤੀ ਵਿੱਚ ਬਣਦੀ ਛੋਟ ਦੇ ਕੇ ਰਾਹਤ ਵੀ ਦਿੱਤੀ ਜਾਵੇ।
ਇਸ ਮੌਕੇ ਉਹਨਾਂ ਨਾਲ ਜਸਵਿੰਦਰ ਸਿੰਘ, ਮਨਦੀਪ ਕੌਰ ਪੰਨੂ, ਮਾਸਟਰ ਬਨਵਾਰੀ ਲਾਲ, ਸੁਖਦੇਵ ਸਿੰਘ, ਮਾਸਟਰ ਲਖਵਿੰਦਰ ਸਿੰਘ ਮਾਨ, ਡਾਕਟਰ ਕਰਮ ਸਿੰਘ, ਬਲਵਿੰਦਰ ਸਿੰਘ ਕੰਗ, ਬਲਜੀਤ ਸਿੰਘ ਮਹਿਤਾ ਅੰਮ੍ਰਿਤਸਰ, ਜਸਬੀਰ ਸਿੰਘ ਬਡੋਂ ਹੁਸ਼ਿਆਰਪੁਰ, ਕਰਮ ਸਿੰਘ ਚੂਨੀ, ਜੋਗਿੰਦਰ ਸਿੰਘ ਠੱਠੀ ਮੋਗਾ, ਸੰਦੀਪ ਸਿੰਘ ਕੁੰਬੜਾ, ਲਖਵਿੰਦਰ ਸਿੰਘ ਬੇਲੌਂਗੀ, ਸੁਖਮਿੰਦਰ ਸਿੰਘ, ਪਲਵਿੰਦਰ ਸਿੰਘ ਯੂਟੀ, ਮਹਿਮਾ ਸਿੰਘ ਮੋਹਾਲੀ, ਬਹਾਦਰ ਸਿੰਘ ਕਨਾਲਾ ਆਦਿ ਹਾਜ਼ਰ ਸਨ।    

No comments:


Wikipedia

Search results

Powered By Blogger