ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ
ਚੰਡੀਗੜ੍ਹ, 28 ਮਈ : ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੀਆਂ ਦੋ ਰਾਜ ਸਭਾ ਸੀਟਾਂ ਲਈ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪ੍ਰਸਿੱਧ ਪੰਜਾਬੀ ਸੱਭਿਆਚਾਰਕ ਪ੍ਰੇਮੀ ਤੇ ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ। ਰਾਜ ਸਭਾ ਲਈ ਦੋਵੇਂ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ।
ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਨੇ ਵਾਤਾਵਰਨ ਲਈ ਬਹੁਤ ਚੰਗੇ ਕੰਮ ਕੀਤੇ ਹਨ। ਸਾਲ 2007 ’ਚ ਸੀਚੇੇਵਾਲ ਨੇ 160 ਕਿਲੋਮੀਟਰ ਕਾਲ਼ੀ ਬੇਈ ਨਦੀ ਨੂੰ ਸਾਫ਼ ਕਰਵਾਇਆ ਸੀ। ਇਸ ਸਫ਼ਾਈ ਮੁਹਿੰਮ ਤੋਂ ਬਾਅਦ ਸੰਤ ਸੀਚੇਵਾਲ ਅਤੇ ਉਨ੍ਹਾਂ ਦਾ ਇਹ ਸਫ਼ਾਈ ਮਾਡਲ ਪੂਰੀ ਦੁਨੀਆਂ ’ਚ ਪ੍ਰਸਿੱਧ ਹੋਇਆ ਸੀ। ਵਾਤਾਵਰਨ ਲਈ ਲਗਾਤਾਰ ਨਿਰਸਵਾਰਥ ਕੰਮ ਕਰਨ ’ਤੇ ਸੀਚੇਵਾਲ ਨੂੰ ਪਦਮ ਸ੍ਰੀ ਐਵਾਰਡ ਨਾਲ ਨਿਵਾਜਿਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ‘ਈਕੋ ਬਾਬਾ’ ਦੇ ਨਾਂਅ ਨਾਲ ਵੀ ਸੱਦਦੇ ਹਨ।
ਉਥੇ ਹੀ ਦੂਜੇ ਉਮੀਦਵਾਰ ਵਿਕਰਮਜੀਤ ਸਿੰਘ ਸਾਹਨੀ ਨੇ ਕੋਵਿਡ ਦੇ ਸਮੇਂ ਪੰਜਾਬ ਦੇ ਪੇਂਡੂ ਇਲਾਕਿਆਂ ’ਚ ਲੋਕਾਂ ਦੀ ਮਦਦ ਕੀਤੀ ਅਤੇ ਕੋਵਿਡ 19 ਦੇ ਪ੍ਰਕੋਪ ਤੋਂ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਪੰਜਾਬ ਦੇ ਪਿੰਡਾਂ ’ਚ ਕੋਵਿਡ 19 ਲਈ ਜਾਂਚ ਕਲੀਨਿਕ, ਐਬੂਲੈਂਸ ਅਤੇ ਦੋ ਹਜ਼ਾਰ ਤੋਂ ਜ਼ਿਆਦਾ ਆਕਸੀਜਨ ਸਿਲੰਡਰ ਪ੍ਰਦਾਨ ਕਰਵਾਏ ਸਨ। ਅਫ਼ਗਾਨਿਸਤਾਨ ਤੋਂ ਆਏ 500 ਸਿੱਖਾਂ ਅਤੇ ਹਿੰਦੂਆਂ ਦੇ ਪੁਨਰਵਾਸ ਲਈ ਉਨ੍ਹਾਂ ਨੇ ਕਾਫੀ ਕੰਮ ਕੀਤਾ ।
ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਸਿੱਖਿਆ ਦੇ ਖੇਤਰਾਂ ’ਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਸਾਲਾਂ ਤੋਂ ਸਮਾਜ ਕਲਿਆਣ ਦੇ ਕੰਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਮੌਰੀਸ਼ਿਸ ਦੇ ਰਾਸ਼ਟਰਪਤੀ ਨੇ ‘ਅੰਤਰ ਰਾਸ਼ਟਰੀ ਸ਼ਾਂਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਪੰਜਾਬੀ ਸੰਸਦੀ ਮੰਚ ਦਾ ਗਠਨ ਕਰਕੇ ਉਨ੍ਹਾਂ ਨੇ ਵਿਸ਼ਵ ਭਰ ’ਚ ਪੰਜਾਬੀ ਸੰਸਕ੍ਰਿਤੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾਇਆ ਹੈ। ਸਾਹਨੀ ਨੇ ‘ਬੋਲੇ ਸੋ ਨਿਹਾਲ’ , ‘ਗੁਰੂ ਮਾਨਿਯੋ ਗਰੰਥ’ ਅਤੇ ‘ਸਰਬੰਸਦਾਨੀ’ ਜਿਹੇ ਕਈ ਪ੍ਰੋਗਰਾਮ ਵੀ ਕਰਵਾਏ ਹਨ ਅਤੇ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਵੀ ਪ੍ਰਦਾਨ ਕੀਤਾ ਹੈ। ਵਿਕਰਮਜੀਤ ਸਿੰਘ ਸਾਹਨੀ ਨੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਅੰਤਰ ਰਾਸ਼ਟਰੀ ਪ੍ਰਧਾਨ ਹੁੰਦਿਆਂ 22 ਤੋਂ ਜ਼ਿਆਦਾ ਦੇਸ਼ਾਂ ਨਾਲ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਕ ਰਿਸਤੇ ਕਾਇਮ ਕਰਨ ’ਚ ਅਹਿਮ ਯੋਗਦਾਨ ਵੀ ਪਾਇਆ ਹੈ।
ਸੀ.ਐਮ. ਭਗਵੰਤ ਮਾਨ ਨੇ ਦਿੱਤੀ ਵਧਾਈ.........
ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਤੇ ਵਿਕਰਮਜੀਤ ਸਿੰਘ ਦੇ ਨਾਂਵਾਂ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, ‘‘ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਪਦਮ ਸ੍ਰੀ ਨਾਲ ਸਨਮਾਨਿਤ ਦੋ ਲੋਕਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕਰ ਰਹੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਾਤਾਵਰਨ ਨਾਲ ਸੰਬੰਧਿਤ ਆਪਣੇ ਮਹਾਨ ਕੰਮਾਂ ਲਈ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਪੰਜਾਬੀ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਲਈ ਪਦਮ ਸ੍ਰੀ ਸਨਮਾਨ ਮਿਲਆ ਹੈ। ਦੋਵਾਂ ਨੂੰ ਮੇਰੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ।’’
‘ਆਪ’ ਸੁਪਰੀਮੋਂ ਕੇਜਰੀਵਾਲ ਨੇ ਵੀ ਦਿੱਤੀ ਵਧਾਈ ......
ਪਾਰਟੀ ਸੁਪਰੀਮੋਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘‘ਪੰਜਾਬ ਤੋਂ ਰਾਜ ਸਭਾ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਦੋਵੇਂ ਉਮੀਦਵਾਰਾਂ ਨੂੰ ਵਧਾਈ। ਮੈਨੂੰ ਭਰੋਸਾ ਹੈ ਕਿ ‘ਆਪ’ ਦੇ ਉਮੀਦਵਾਰ ਆਪਣੇ ਚੰਗੇ ਤਜ਼ਰਬੇ ਅਤੇ ਗਿਆਨ ਦੀ ਵਰਤੋਂ ਕਰਕੇ ਰਾਜ ਸਭਾ ’ਚ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਮਜ਼ਬੂਤੀ ਨਾਲ ਉਠਾਉਣਗੇ।’’
‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਡਾ. ਸੰਦੀਪ ਪਾਠਕ ਨੇ ਵੀ ਦੋਵਾਂ ਆਗੂਆਂ ਨੂੰ ਵਧਾਈ ਦਿੱਤੀ। ਰਾਘਵ ਚੱਢਾ ਨੇ ਟਵੀਟ ਕੀਤਾ, ‘‘ ਪਦਮ ਸ੍ਰੀ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ ਅਤੇ ਬਿਆਸ ਦੀਆਂ ਸਹਾਇਕ ਨਦੀਆਂ ਦੀ ਕਾਇਆ ਕਲਪ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਟਾਇਮਜ਼ ਮੈਗਜ਼ੀਨ ਵੱਲੋਂ ਉਨ੍ਹਾਂ ਨੂੰ ਦੁੁਨੀਆਂ ’ਚ ਵਾਤਾਵਰਨ ਦੇ ਸਿਖਰਲੇ 30 ਨਾਇਕਾਂ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਸੀ। ਇੱਕ ਵਾਤਾਵਰਨ ਪ੍ਰੇਮੀ ਦੇ ਰੂਪ ’ਚ ਉਨ੍ਹਾਂ ਦੀ ਵਿਸ਼ੇਸ਼ਤਾ ਅਤੇ ਗਿਆਨ ਸੰਸਦ ਲਈ ਇੱਕ ਸੰਪਤੀ ਹੋਵੇਗੀ।’’ ਇਸੇ ਤਰ੍ਹਾਂ ਡਾ. ਸੰਦੀਪ ਪਾਠਕ ਨੇ ਲਿਖਿਆ, ‘‘ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ’ਤੇ ਪਦਮ ਸ੍ਰੀ ਤੇ ਵਾਤਾਵਰਨ ਪ੍ਰੇਮੀ ਸੰਤ ਸ੍ਰੀ ਸੀਚੇਵਾਲ ਅਤੇ ਸਰਦਾਰ ਵਿਕਰਮਜੀਤ ਸਾਹਨੀ ਨੂੰ ਵਧਾਈ। ਅਸੀਂ ਸਭ ਮਿਲ ਕੇ ਸੰਸਦ ’ਚ ਪੰਜਾਬ ਦੀ ਜਨਤਾ ਦੀ ਆਵਾਜ਼ ਨੂੰ ਮਜ਼ਬੂਤ ਕਰਾਂਗੇ। ’’
No comments:
Post a Comment