ਐਸਏਐਸ ਨਗਰ 18 ਮਈ : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 24 ਕਿਸਾਨ ਯੂਨੀਅਨਾਂ ਵੱਲੋਂ ਲਗਾਏ ਚੰਡੀਗੜ੍ਹ ਕਿਸਾਨ ਮੋਰਚੇ ਦੀ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਘਰਸ਼ੀ ਕਿਸਾਨਾਂ ਨੂੰ ਧਰਨਾ ਤੇ ਨਾਅਰੇਬਾਜ਼ੀ ਤਿਆਗਣ ਸਬੰਧੀ ਦਿੱਤੇ ਬਿਆਨ ਨੂੰ ਮੁੱਖ ਮੰਤਰੀ ਦੇ ਰੁਤਬੇ ਤੋਂ ਨੀਵਾਂ ਤੇ ਹੋਛਾ ਕਰਾਰ ਦਿੰਦਿਆਂ ਨਸੀਹਤ ਦਿੱਤੀ ਕਿ 'ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ'। ਇਸ ਮੋਰਚੇ ਦੀ ਜਿੱਤ ਲਈ ਕਿਸਾਨ ਆਗੂਆਂ ਨੂੰ ਵਧਾਈ ਦਿੰਦਿਆਂ ਬੀਬੀ ਰਾਜੂ ਨੇ ਭਗਵੰਤ ਨੂੰ ਤਾਅਨਾ ਦਿੱਤਾ ਕਿ ਸਾਲਾਂ ਤੋਂ ਨਾਅਰੇ ਮਾਰਨ ਦੇ ਆਦੀ ਆਪ ਦੇ ਨੇਤਾ ਹੁਣ ਆਪਣੀ ਵਾਰੀ ਆਉਣ ਤੇ ਨਾਅਰੇਬਾਜ਼ੀ ਸੁਣਕੇ ਔਖੇ ਹੋ ਰਹੇ ਹਨ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਨੇਤਾ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਪ ਦੇ ਨੇਤਾ ਨੂੰ ਯਾਦ ਦਿਵਾਇਆ ਕਿ ਪਿੰਡਾਂ-ਸ਼ਹਿਰਾਂ ਸਮੇਤ ਪਵਿੱਤਰ ਸਦਨ ਪੰਜਾਬ ਵਿਧਾਨ ਸਭਾ ਅਤੇ ਦੇਸ਼ ਦੀ ਸੰਸਦ ਦੇ ਬਾਹਰ ਤੇ ਅੰਦਰ ਧਰਨੇ ਦੇਣ ਵਾਲੇ ਕਾਮੇਡੀਅਨ ਮਾਨ ਨੂੰ ਹੁਣ ਸੱਤਾ ਦਾ ਸੁੱਖ ਭੋਗਦੇ ਸਮੇਂ ਹੱਕਾਂ ਲਈ ਲੜ ਰਹੇ ਆਪਣੇ ਹੀ ਸੂਬੇ ਦੇ ਕਿਸਾਨ ਭਰਾਵਾਂ ਤੋਂ ਇਨ੍ਹਾਂ ਡਰ ਕਿਉਂ ਸਤਾਅ ਰਿਹਾ ਹੈ ਜਿਨ੍ਹਾਂ ਨੇ ਉਸ ਨੂੰ 93 ਸੀਟਾਂ ਜਿਤਾਉਣ ਲਈ ਸੱਤਾ ਹਾਸਲ ਕਰਵਾਈ ਹੈ।
ਮਹਿਲਾ ਕਿਸਾਨ ਨੇਤਾ ਬੀਬੀ ਰਾਜੂ ਨੇ ਕਿਹਾ ਕਿ ਕਾਮੇਡੀ ਛੱਡ ਕੇ ਪਿਛਲੇ ਅੱਠ ਸਾਲਾਂ ਤੋਂ ਧਰਨੇ ਦੇ ਕੇ ਸੱਤਾ ਮਾਨਣ ਵਾਲੇ ਮਾਨ ਹੁਣ ਲੋਕਤੰਤਰੀ ਸੰਘਰਸ਼ਾਂ ਤੋਂ ਇੰਨ੍ਹੇ ਕਿਉਂ ਡਰੇ ਹੋਏ ਹਨ ਕਿ ਸੋਸ਼ਲ ਮੀਡੀਆ ਸਹਾਰੇ ਚੱਲ ਰਹੀ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਵੀ ਹੁਣ ਅੰਨਦਾਤਾ ਨੂੰ ਭੰਡਣ ਲਈ ਭਾਜਪਾਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪਦ ਚਿੰਨ੍ਹਾਂ ਉਤੇ ਚੱਲ ਕੇ ਭਗਵਾਂ ਪਾਰਟੀ ਵਾਲੇ ਹੋਛੇ ਹੱਥਕੰਡੇ ਅਪਣਾ ਰਹੇ ਹਨ।
ਬੀਬੀ ਰਾਜਵਿੰਦਰ ਕੌਰ ਰਾਜੂ ਨੇ ਭਗਵੰਤ ਮਾਨ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ 'ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ'। ਇਸ ਕਰਕੇ ਉਹ ਕਿਸਾਨਾਂ ਨੂੰ ਭੰਡਣ ਲਈ ਆਪਣੇ ਖਬਰਚੀ ਤੇ ਆਈਟੀ ਸੈੱਲ ਅਤੇ ਤਸ਼ੱਦਦ ਕਰਨ ਖਾਤਰ ਪੁਲੀਸ ਜਾਂ ਨੀਮ ਫੌਜੀ ਦਲਾਂ ਦਾ ਆਸਰਾ ਲੈਣ ਦੀ ਥਾਂ ਮੁੱਖ ਮੰਤਰੀ ਵਾਲੀ ਹੈਂਕੜਬਾਜ਼ੀ ਛੱਡ ਕੇ ਮੰਨੀਆਂ ਹੋਈਆਂ ਕਿਸਾਨੀ ਮੰਗਾਂ ਨੂੰ ਈਮਾਨਦਾਰੀ ਨਾਲ ਅਮਲੀ ਜਾਮਾ ਪਹਿਨਾਉਣ।
No comments:
Post a Comment