ਜਗਰਾਉਂ,18 ਮਈ : ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਨੂੰ ਨਮੂਨੇ ਦਾ ਬਨਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਸਰਕਾਰ ਬਣਦਿਆਂ ਹੀ ਵਿਧਾਇਕਾ ਵੱਲੋਂ ਹਲਕੇ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ ਨਾਲ ਰਹਿੰਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਖਰੜੇ ਤਿਆਰ ਕਰਨ ਅਤੇ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ਸ਼ਹਿਰ ਵਿੱਚ ਬਹੁਤ ਜ਼ਲਦੀ ਹੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ 'ਲਾਜਪਤ ਰਾਏ ਭਵਨ' ਦਾ ਨਿਰਮਾਣ ਸ਼ੁਰੂ ਹੋ ਜਾ ਰਿਹਾ ਹੈ, ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ 'ਲਾਲਾ ਲਾਜਪਤ ਰਾਏ ਭਵਨ' ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਅਠਵੰਜਾ ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਅਤੇ ਵਿਭਾਗ ਅਧਿਕਾਰੀਆਂ ਵੱਲੋਂ ਅਗਲੀ ਲੋੜੀਂਦੀ ਕਾਰਵਾਈ ਵੀ ਆਰੰਭ ਦਿੱਤੀ ਹੈ।
ਇਹ ਭਵਨ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਸਮਰਪਿਤ ਹੋਵੇਗਾ, ਜੋ ਲੋਕਾਂ ਨੂੰ ਉਹਨਾਂ ਦੀ ਦੇਸ਼ ਲਈ ਕੀਤੀ ਕੁਰਬਾਨੀ ਦੀ ਯਾਦ ਤਾਜ਼ਾ ਕਰਵਾਉਂਦਾ ਰਹੇਗੇ। ਇਸ ਤੋਂ ਇਲਾਵਾ ਉਹਨਾਂ ਹੋਰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਜਗਰਾਉਂ ਵਾਸੀਆਂ ਲਈ ਸ਼ਹਿਰ ਵਿੱਚ ਮੁਹੱਲਾ ਕਲੀਨਿਕ ਖੋਲਣ ਲਈ ਵੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਮਾਣੂੰਕੇ ਨੇ ਦੱਸਿਆ ਕਿ ਸ਼ਹਿਰ ਵਿੱਚ ਯੋਗ ਜਗ੍ਹਾ ਦਾ ਨਰੀਖਣ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਪ੍ਰੋਜੈਕਟ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਜ਼ਲਦੀ ਹੀ ਸਰਕਾਰ ਪਾਸੋਂ ਮੰਨਜੂਰੀ ਲੈਣ ਉਪਰੰਤ ਜਗਰਾਉਂ ਵਾਸੀਆਂ ਲਈ ਪਹਿਲਾ ਮੁਹੱਲਾ ਕਲੀਨਿਕ ਖੋਲ ਦਿੱਤਾ ਜਾਵੇਗਾ। ਜਿੱਥੇ ਲੋਕ ਆਪਣੀ ਲੋੜ ਅਨੁਸਾਰ ਵਧੀਆ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਣਗੇ। ਉਹਨਾਂ ਆਖਿਆ ਕਿ ਹੁਣ ਹਲਕੇ ਲਈ ਕੁੱਝ ਕਰ ਵਿਖਾਉਣ ਦਾ ਵੇਲਾ ਹੈ ਅਤੇ ਜਦੋਂ ਤੱਕ ਜਗਰਾਉਂ ਹਲਕੇ ਦੇ ਲੋਕਾਂ ਤੋਂ ਸਹਿਯੋਗ ਉਹਨਾਂ ਦੇ ਨਾਲ ਹੈ, ਉਹ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਜੰਗੀ ਪੱਧਰ ਤੇ ਤੇਜ਼ੀ ਲਿਆਂਦੀ ਜਾਵੇਗੀ ਅਤੇ ਜਗਰਾਉਂ ਸ਼ਹਿਰ ਨੂੰ ਨਵੀਂ ਦਿਖ ਪ੍ਰਦਾਨ ਕਰਨ ਲਈ ਉਹ ਜੀਅ-ਜਾਨ ਲਗਾ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਗੁਰਨਾਮ ਸਿੰਘ ਭੈਣੀ, ਗੋਪੀ ਸ਼ਰਮਾਂ, ਸੋਨੀ ਕਾਉਂਕੇ, ਛਿੰਦਰਪਾਲ ਸਿੰਘ ਮੀਨੀਆਂ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸਨੀ ਬੱਤਰਾ, ਅਭਿਨਾਸ਼ ਭੰਡਾਰੀ, ਗੁਰਪ੍ਰੀਤ ਸਿੰਘ ਗੋਪੀ, ਬਲਜੀਤ ਸਿੰਘ, ਸੁਰਿੰਦਰ ਸਿੰਘ ਕਾਕਾ ਆਦਿ ਵੀ ਹਾਜ਼ਰ ਸਨ।
No comments:
Post a Comment