SBP GROUP

SBP GROUP

Search This Blog

Total Pageviews

ਵਿਸ਼ਵ ਪੱਧਰੀ ਦਰਜਾਬੰਦੀ ’ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਮਾਰੀ ਬਾਜ਼ੀ; ਵਿਸ਼ਵ ਭਰ ’ਚੋਂ 800ਵਾਂ ਅਤੇ ਦੇਸ਼ ’ਚੋਂ ਹਾਸਲ ਕੀਤਾ 21ਵਾਂ ਸਥਾਨ

ਮਾਣਮੱਤੀ ਪ੍ਰਾਪਤੀ: ਦੇਸ਼ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚੋਂ ਰਹੀ ਤੀਜੇ ਸਥਾਨ ’ਤੇ
ਐਸ ਏ ਐਸ ਨਗਰ, 10 ਜੂਨ :
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਸ਼ਵ ਪ੍ਰਸਿੱਧ ਸੰਸਥਾ ਕਿਊ.ਐਸ ਵੱਲੋਂ ਜਾਰੀ ਕੀਤੀ ਵਿਸ਼ਵ ਦਰਜਾਬੰਦੀ ’ਚ ਮੋਹਰੀ ਰਹਿਣ ਵਾਲੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ’ਵਰਸਿਟੀ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ ਜਦਕਿ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵਿਚੋਂ 21ਵਾਂ ਸਥਾਨ ਹਾਸਲ ਹੋਇਆ ਹੈ। ਦਰਜਾਬੰਦੀ ’ਚ ਪਹਿਲੀ ਵਾਰ ਸ਼ੁਮਾਰ ਹੁੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਵਿਸ਼ਵ ਭਰ ਦੀਆਂ ਉਚ ਵਿਦਿਅਕ ਸੰਸਥਾਵਾਂ ਵਿਚੋਂ 800ਵਾਂ ਸਥਾਨ ਮਿਲਿਆ ਹੈ।




ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅਕਾਦਮਿਕ ਵਕਾਰ, ਖੋਜ ਕਾਰਜ, ਵਿਦਿਆਰਥੀ-ਅਧਿਆਪਕ ਅਨੁਪਾਤ, ਰੋਜ਼ਗਾਰ ਅੰਤਰਰਾਸ਼ਟਰੀ ਫੈਕਲਟੀ ਅਤੇ ਵਿਦਿਆਰਥੀ ਆਦਿ ਖੇਤਰਾਂ ਸਬੰਧੀ ਮਾਪਦੰਡਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ ’ਤੇ ਇਹ ਵਕਾਰੀ ਦਰਜਾਬੰਦੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਊ.ਐਸ ਏਸ਼ੀਆ ਰੈਕਿੰਗ ’ਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਵਿਸ਼ਵ ਯੂਨੀਵਰਸਿਟੀ ਰੈਕਿੰਗ ’ਚ ਸ਼ੁਮਾਰ ਹੋਣਾ ’ਵਰਸਿਟੀ ਦੀ ਵੱਡੀ ਸਫ਼ਲਤਾ ਸਮਝੀ ਗਈ ਹੈ।



ਉਹਨਾਂ ਦੱਸਿਆ ਕਿ ਸੱਭਿਆਚਾਰਕ ਵਿਭਿੰਨਤਾ ਵੀ ’ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ ਜਿਸ ਤਹਿਤ ਅੰਤਰਰਾਸ਼ਟਰੀ ਫੈਕਲਟੀ ਸਮੇਤ 40 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਦੇਸ਼ ਦੇ ਸਾਰੇ ਸੂਬਿਆਂ ਤੋਂ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵੱਖ-ਵੱਖ ਕੋਰਸਾਂ ਅਧੀਨ ਪੜ੍ਹਾਈ ਕਰ ਰਹੇ ਹਨ। ਕਿਊ.ਐਸ ਵਿਸ਼ਵ ਰੈਕਿੰਗ ’ਚ ਅੰਤਰਰਾਸ਼ਟਰੀ ਫੈਕਲਟੀ ਅਨੁਪਾਤ ਲਈ ’ਵਰਸਿਟੀ ਨੂੰ 528ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ ਜਦਕਿ ਰੋਜ਼ਗਾਰ ਪ੍ਰਤਿਸ਼ਠਾ ਲਈ ’ਵਰਸਿਟੀ ਨੂੰ 310ਵਾਂ ਅਤੇ ਅਕਾਦਮਿਕ ਪ੍ਰਤਿਸ਼ਠਾ ਲਈ 501ਵਾਂ ਰੈਂਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫੈਕਲਟੀ/ਵਿਦਿਆਰਥੀ ਅਨੁਪਾਤ, ਅੰਤਰਰਾਸ਼ਟਰੀ ਵਿਦਿਆਰਥੀ, ਅੰਤਰਰਾਸ਼ਟਰੀ ਖੋਜ ਨੈਟਵਰਕ ਅਤੇ ਪ੍ਰਤੀ ਫੈਕਲਟੀ ਸਾਈਟੇਸ਼ਨਜ਼ ’ਚ ’ਵਰਸਿਟੀ ਨੂੰ 601ਵਾਂ ਰੈਂਕ ਹਾਸਲ ਹੋਇਆ ਹੈ।
ਉਨ੍ਹਾਂ ਯੂਨੀਵਰਸਿਟੀ ਨੂੰ ਉੱਚ ਦਰਜੇ ਦੀਆਂ ਗਲੋਬਲ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਰਜਾ ਦੇਣ ਅਤੇ ਸਿੱਖਿਆ ਦੇ ਪੱਧਰ ਨੂੰ ਉਚ ਮਿਆਰ ਤੱਕ ਲਿਜਾਣ ਲਈ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵਿਸ਼ਵ ਪੱਧਰ ਦੀ ਦਰਜਾਬੰਦੀ ’ਚ ਭਾਰਤੀ ਯੂਨੀਵਰਸਿਟੀਆਂ ਦੀ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ’ਨਵੀਂ ਸਿੱਖਿਆ ਨੀਤੀ-2020’ ਨੂੰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ ਨੇ ਦੇਸ਼ ’ਚ ਸਿੱਖਿਆ ਦੇ ਮਿਆਰ ਨੂੰ ਗੁਣਵੱਤਾਪੂਰਨ ਬਣਾਇਆ ਹੈ।

ਸ. ਸੰਧੂ ਨੇ ਦੱਸਿਆ ਕਿ ਕਿਊ.ਐਸ ਗਲੋਬਲ ਉੱਚ ਸਿੱਖਿਆ ਦੇ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਪ੍ਰਮੁੱਖ ਏਜੰਸੀ ਹੈ, ਜੋ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਦਰਜਾਬੰਦੀ ਦਿੰਦੀ ਹੈ। ਕਿਊ.ਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਵੱਖ-ਵੱਖ ਤੁਲਨਾਤਮਕ ਮਾਪਦੰਡਾਂ ਦੇ ਆਧਾਰ ’ਤੇ ਉੱਚ ਸਿੱਖਿਆ ਸੰਸਥਾਵਾਂ ਦਾ ਮੁਲਾਂਕਣ ਕਰਦੀ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਸਾਡੇ ਲਈ ਬਲਕਿ ਹਰ ਦੇਸ਼ ਵਾਸੀ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਨੇ ਵਿਸ਼ਵ ਪੱਧਰੀ ਵੱਕਾਰੀ ਰੈਂਕਿੰਗਾਂ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ, ਦੁਬਈ, ਫਰਾਂਸ ਆਦਿ ਦੇਸ਼ਾਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਪਛਾੜਦਿਆਂ ਮੋਹਰੀ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਕੁੱਲ 41 ਯੂਨੀਵਰਸਿਟੀਆਂ ਨੇ ਕਿਊ.ਐਸ ਵਰਲਡ ਯੂਨੀਵਰਸਿਟੀ ਰੈਂਕਿੰਗ-2023 ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ 41 ਵਿੱਚੋਂ 7 ਨਵੀਆਂ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਪਿਛਲੇ ਸਾਲ ਨਾਲੋਂ 20 ਫ਼ੀਸਦੀ ਦਾ ਵਾਧਾ ਹੈ, ਜਦਕਿ ਭਾਰਤ ਦੀਆਂ 9 ਉੱਘੀਆਂ ਸੰਸਥਾਵਾਂ ਦੁਨੀਆ ਭਰ ਵਿੱਚ ਚੋਟੀ ਦੀਆਂ 1000 ਵਿੱਚ ਸ਼ਾਮਲ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਸਾਰੀਆਂ 9 ਭਾਰਤੀ ਸੰਸਥਾਵਾਂ ਜੋ ਚੋਟੀ ਦੇ 500 ਵਿੱਚ ਸ਼ਾਮਲ ਹਨ, ਨੇ 5 ਸਾਲਾਂ ਬਾਅਦ ਰੈਂਕਿੰਗ ਦੌਰਾਨ ਤੇਜ਼ੀ ਨਾਲ ਅੱਗੇ ਵਧੀਆਂ ਹਨ। ਇਹ 10 ਸਾਲਾਂ ਦੇ ਵਕਫ਼ੇ ਤੋਂ ਬਾਅਦ ਹੋ ਰਿਹਾ ਹੈ ਕਿ ਪ੍ਰਮੁੱਖ 500 ਵਿੱਚ ਸ਼ੁਮਾਰ ਸਾਰੀਆਂ ਭਾਰਤੀ ਸੰਸਥਾਵਾਂ ਨੇ ਆਪਣੀ ਰੈਂਕਿੰਗ ਵਿੱਚ ਰਿਕਾਰਡਤੋੜ ਸੁਧਾਰ ਕੀਤਾ ਹੈ। ਸਾਲ 2024 ਦੀ ਕਿਊ.ਐਸ ਰੈਂਕਿੰਗ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਦਾ ਸੱਦਾ ਦਿੰਦਿਆਂ ਸ. ਸੰਧੂ ਨੇ ਖੋਜ, ਫੈਕਲਟੀ ਐਕਸਚੇਂਜ, ਸਟੂਡੈਂਟ ਐਕਸਚੇਂਜ ਦੇ ਨਾਲ-ਨਾਲ ਘੱਟ ਵਿਕਸਤ ਦੇਸ਼ਾਂ ਅਤੇ ਅੰਤਰਰਾਸ਼ਟਰੀ ਖੋਜ ਨੈੱਟਵਰਕ ਵਿੱਚ ਸਹਿਯੋਗ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਸ. ਸੰਧੂ ਨੇ ਯੂਨੀਵਰਸਿਟੀ ਵਿੱਚ ਸਿੱਖਿਆ ਗੁਣਵੱਤਾਪੂਰਨ ਬਣਾਉਣ ਅਤੇ ਭਵਿੱਖ ’ਚ ਇਸ ਨੂੰ ਹੋਰ ਉੱਚੇ ਪੱਧਰ ’ਤੇ ਲਿਜਾਣ ਲਈ ਆਪਣੀ ਦਿ੍ਰੜ ਵਚਨਬੱਧਤਾ ਵੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਦੀ ਦਰਜਾਬੰਦੀ ’ਚ ਸ਼ੁਮਾਰ ਹੋਣ ਨਾਲ ਸਾਡੀ ਸਮਾਜ ਅਤੇ ਵਿਦਿਆਰਥੀਆਂ ਪ੍ਰਤੀ ਜ਼ੁੰਮੇਵਾਰੀ ’ਚ ਹੋਰ ਵੀ ਵਾਧਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ’ਵਰਸਿਟੀ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਅਤੇ ਨਵੀਨਤਾ ਅਤੇ ਖੋਜ ਨੂੰ ਮਜ਼ਬੂਤ ਕਰਨ ਲਈ ਹੋਰ ਵੀ ਸਮਰਪਿਤ ਭਾਵਨਾ ਨਾਲ ਕੰਮ ਕਰੇਗੀ।


No comments:


Wikipedia

Search results

Powered By Blogger