ਬਾਜਵਾ ਵੱਲੋਂ ਸੰਨੀ ਸਿਟੀ ਦੇ ਵਸਨੀਕਾਂ ਦੀਆਂ ਮੁਸ਼ਿਕਲਾਂ ਛੇਤੀ ਹੱਲ ਕਰਨ ਦਾ ਭਰੋਸਾ
ਐਸ.ਏ.ਐਸ. ਨਗਰ 21 ਜੂਨ : ਸੰਨੀ ਸਿਟੀ ਦੇ ਵਸਨੀਕਾਂ ਵੱਲੋਂ ਇਲਾਕੇ ਵਿੱਚ ਸੜਕਾਂ ਪਾਣੀ ਤੇ ਬਿਜਲੀ ਸਪਲਾਈ ਦੇ ਨਾਲ ਨਾਲ ਹੋਰਨਾਂ ਬੁਨਿਆਂਦੀ ਸਹੂਲਤਾਂ ਦੀ ਅਣਹੋਂਦ ਸਬੰਧੀ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਅੱਜ ਸ੍ਰੀਮਤੀ ਪੂਜਾ ਐਸ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੀ ਪ੍ਰਧਾਨਗੀ ਹੇਠ ਮਿਊਂਸੀਪਲ ਕਮੇਟੀ ਖਰੜ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਾਜਵਾ ਡਿਵੈਲਪਰ ਦੇ ਐਮ.ਡੀ. ਸ੍ਰੀ ਜਰਨੈਲ ਸਿੰਘ ਬਾਜਵਾ ਦੇ ਨਾਲ ਨਾਲ ਬਿਜਲੀ ਵਿਭਾਗ , ਐਮ.ਸੀ. ਖਰੜ ਦੇ ਅਧਿਕਾਰੀ ਅਤੇ ਸੰਨੀ ਸਿਟੀ ਦੇ ਵਸਨੀਕ ਸ਼ਾਮਲ ਹੋਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਪੂਜਾ ਐਸ ਗਰੇਵਾਲ ਨੇ ਦੱਸਿਆ ਕਿ ਸੰਨੀ ਸਿਟੀ ਵਿੱਚ ਰਹਿੰਦੇ ਵਸਨੀਕਾਂ ਦੀਆਂ ਮੰਗਾਂ ਨੂੰ ਬਾਜਵਾ ਡਿਵੈਲਪਰ ਦੇ ਐਮ.ਡੀ. ਸ੍ਰੀ ਜਰਨੈਲ ਸਿੰਘ ਅੱਗੇ ਰੱਖਿਆ ਗਿਆ ਅਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਲੋਕਾਂ ਦੀਆਂ ਜਾਇਜ਼ ਬੁਨਿਆਂਦੀ ਸਹੂਲਤਾਂ ਨੂੰ ਫੋਰੀ ਤੌਰ ਤੇ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਮਿਊਂਸੀਪਲ ਕਮੇਟੀ ਖਰੜ ਹਰ ਤਰ੍ਹਾਂ ਦਾ ਸਹਿਯੋਗ ਅਤੇ ਸੇਵਾਵਾਂ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਸ੍ਰੀ ਬਾਜਵਾ ਨੇ ਇਹ ਭਰੋਸਾ ਦਿਵਾਇਆ ਕਿ ਉਹ ਸੰਨੀ ਸਿਟੀ ਵਿੱਚ ਬਿਜਲੀ ਦੇ ਟਰਾਂਸਫਾਰਮਰ 15 ਦਿਨਾਂ ਵਿੱਚ ਲਗਾ ਦਿੱਤੇ ਜਾਣਗੇ ਅਤੇ ਕਲੌਨੀ ਦੇ ਅੰਦਰਲੀਆਂ ਸੜਕਾਂ ਦਾ ਨਿਰਮਾਣ ਵੀ ਛੇਤੀ ਹੀ ਕਰਵਾ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਈ.ਓ. ਖਰੜ ਸ੍ਰੀ ਰਾਜੇਸ਼ ਸ਼ਰਮਾ, ਐਮ.ਮੀ. ਵਿਜੈ ਮਹਾਜਨ ਅਤੇ ਸੰਨੀ ਸਿਟੀ ਦੇ ਵਸਨੀਕ ਸ਼ਾਮਲ ਹੋਏ।
No comments:
Post a Comment