‘ਨਵੇਂ ਪੰਜਾਬ ਦੀ ਸਿਰਜਣਾ ’ਚ ਸਿੱਖਿਆ ਦੀ ਭੂਮਿਕਾ’ ਵਿਸ਼ੇ ’ਤੇ ਹੋਈ ਵਿਸ਼ੇਸ਼ ਵਿਚਾਰ ਚਰਚਾ
ਐਸ.ਏ.ਐਸ.ਨਗਰ 01 ਜੂਨ : ਨਵੇਂ ਪੰਜਾਬ ਦੀ ਸਿਰਜਣਾ ਦੇ ਉਦੇਸ਼ ਨੂੰ ਲੈ ਕੇ ਸਿਹਤ, ਸਿੱਖਿਆ ਤੇ ਵਾਤਵਰਣ ਦੇ ਖੇਤਰ ’ਚ ਡਟਕੇ ਕੰਮ ਕਰਨ ਦਾ ਅਹਿਦ ਲੈਂਦਿਆਂ ਪੰਜਾਬ ਦੀਆਂ ਨਾਮਵਰ ਹਸਤੀਆਂ ਵੱਲੋਂ ਉੱਘੇ ਸਿੱਖਿਆ ਸ਼ਾਸ਼ਤਰੀ ਡਾਕਟਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ‘ਆਪਣਾ ਪੰਜਾਬ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਗਈ। ‘ਨਵੇਂ ਪੰਜਾਬ ਦੀ ਸਿਰਜਣਾ ’ਚ ਸਿੱਖਿਆ ਦੀ ਭੂਮਿਕਾ’ ’ਤੇ ਚਰਚਾ ਕਰਨ ਲਈ ਅੱਜ ਸੰਸਥਾ ਵੱਲੋਂ ਪਲੇਠਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਆਪਣਾ ਪੰਜਾਬ ਫਾਉਂਡੇਸ਼ਨ ਦੇ ਕਨਵੀਨਰ ਡਾ. ਜਗਜੀਤ ਸਿੰਘ ਧੂਰੀ ਨੇ ਮਹਿਮਾਨਾਂ ਨੂੰ ‘ਜੀ ਆਇਆ’ ਆਖਦਿਆਂ ਦੱਸਿਆ ਕਿ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਸਿਹਤ, ਸਿੱਖਿਆ ਅਤੇ ਵਾਤਾਵਰਣ ਖੇਤਰਾਂ ’ਚ ਵਿਸ਼ੇਸ਼ ਟੀਚੇ ਤਹਿ ਕਰਕੇ ਅਜਿਹੇ ਕ੍ਰਾਂਤੀਕਾਰੀ ਕਦਮ ਉਠਾਏ ਜਾਣਗੇ ਜੋ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣੇ ਸਰਗਰਮ ਯੋਗਦਾਨ ਦਾ ਪ੍ਰਤੱਖ ਪ੍ਰਮਾਣ ਬਣਨਗੇ।ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਫਾਉਂਡੇਸ਼ਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਦਿਸ਼ਾ ਤਹਿ ਕਰਨ ਵਿੱਚ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਡਾ. ਖੁਸ਼ਵਿੰਦਰ ਕੁਮਾਰ ਨੇ ‘ਨਵੇਂ ਪੰਜਾਬ ਦੀ ਸਿਰਜਣਾ ’ਚ ਸਿੱਖਿਆ ਦੀ ਭੂਮਿਕਾ’ ’ਤੇ ਪੇਪਰ ਪੜ੍ਹਿਆ, ਜਿਸ ’ਚ ਇਸ ਚੁਣੌਤੀਪੂਰਨ ਕਾਰਜ ਵਿੱਚ ਸਿੱਖਿਆ ਦੀ ਅਹਿਮੀਅਤ ਦੀ ਵਿਸਥਾਰਤ ਚਰਚਾ ਕੀਤੀ ਗਈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਫਾਉਂਡੇਸ਼ਨ ਦੇ ਮੈਂਬਰਾਂ ਨੂੰ ਮੁਬਾਰਕਵਾਦ ਦਿੰਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋ ਇਸ ਨੇਕ ਕਾਰਜ ਲਈ 100 ਫ਼ੀਸਦੀ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਿੱਧੀ ਬਿਜਾਈ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਸਿਹਤ, ਸਿੱਖਿਆ ਅਤੇ ਵਾਤਾਵਰਣ ਜਿਹੇ ਖੇਤਰਾਂ ਸਬੰਧੀ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਰਾਜ ਸਭਾ ਮੈਂਬਰ ਸ਼੍ਰੀ ਅਸ਼ੋਕ ਮਿੱਤਲ ਨੇ ਡਾ. ਧੂਰੀ ਵੱਲੋਂ ਕੀਤੇ ਯਤਨਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਤਿੰਨ ਅਹਿਮ ਖੇਤਰਾਂ ਵਿੱਚ ਨਿੱਠਕੇ ਕੰਮ ਕਰਨ ਜਾ ਰਹੀ ਆਪਣਾ ਪੰਜਾਬ ਫਾਉਂਡੇਸ਼ਨ ਦਾ ਉਪਰਾਲਾ ਸ਼ਾਲਾਘਾਯੋਗ, ਰਾਹ-ਦਰਸਾਉ ਤੇ ਪ੍ਰੇਰਣਾਸਰੋਤ ਹੋਵੇਗਾ, ਜਿਸ ਦੀ ਰੋਸ਼ਨੀ ਵਿੱਚ ਉਹ ਪੰਜਾਬ ਦੇ ਜ਼ਮੀਨੀ ਪੱਧਰ ’ਤੇ ਸ਼ਨਾਖ਼ਤ ਕੀਤੇ ਲੋਕ-ਹਿਤੂ ਮੁੱਦਿਆਂ ਨੂੰ ਰਾਜ ਸਭਾ ਵਿੱਚ ਉਠਾਉਣਗੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਹੋਣਹਾਰ ਬੱਚੇ ਵਿਦੇਸ਼ ਜਾ ਰਹੇ ਹਨ ਅਜਿਹੇ ਨਾਜ਼ੁਕ ਦੌਰ ’ਚ ਸਿੱਖਿਆ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਪੰਜਾਬ ਅੰਦਰ ਬਦਲਾਅ ਆ ਸਕਦਾ ਹੈ।ਦੂਜੇ ਸੈਸ਼ਨ ਦੇ ਅਖੀਰ ਵਿੱਚ ਪ੍ਰੋਗਰਾਮ ਦਾ ਹਿੱਸਾ ਬਣੇ ਬੁੱਧੀਜੀਵੀਆਂ ਤੋਂ ਟੀਚਿਆਂ ਦੀ ਪ੍ਰਾਪਤੀ ਸਬੰਧੀ ਸੁਝਾਅ ਪ੍ਰਾਪਤ ਕੀਤੇ ਜਦਕਿ ਸੁਖਵਿੰਦਰ ਸਿੰਘ ਤੇ ਸੰਜੀਵ ਸੈਣੀ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ: ‘ਆਪਣਾ ਪੰਜਾਬ ਫਾਉਂਡੇਸ਼ਨ’ ਵੱਲੋਂ ਕਰਵਾਏ ਸਮਾਗਮ ਦਾ ਦਿ੍ਰਸ਼।
No comments:
Post a Comment