ਐਸ.ਏ.ਐਸ ਨਗਰ, 06 ਜੂਨ : ਸ਼ਹਿਦ ਮੱਖੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਦੇ ਮੰਤਵ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ (ਮੋਹਾਲੀ) ਦੁਆਰਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਆਤਮਾ ਸਕੀਮ) ਦੇ ਸਹਿਯੋਗ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ. ਨਗਰ ਵਿਖੇ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ। ਇਸ ਦੌਰਾਨ ਪ੍ਰੋਗਰਾਮ ਇੰਚਾਰਜ ਡਾ. ਹਰਮੀਤ ਕੌਰ ਨੇ ਸਿਖਿਆਰਥੀਆਂ ਨੂੰ ਸ਼ਹਿਦ ਮੱਖੀਆਂ ਦੇ ਪਿਛੋਕੜ, ਬਣਤਰ, ਕਿਸਮਾਂ, ਜੀਵਨ ਚੱਕਰ, ਕਟੁੰਬ ਵਿੱਚ ਕੰਮ ਦੀ ਵੰਡ, ਧੰਦਾ ਸ਼ੁਰੂ ਕਰਨ ਲਈ ਲੋੜੀਂਦੀ ਸਮੱਗਰੀ, ਥਾਂ ਦੀ ਚੋਣ, ਸ਼ਹਿਦ ਅਤੇ ਮੋਮ ਕੱਢਣ ਦਾ ਤਰੀਕਾ, ਸ਼ਹਿਦ ਮੱਖੀਆਂ ਦਾ ਖੇਤੀ ਜ਼ਹਿਰਾਂ, ਦੁਸ਼ਮਣ ਕੀੜੇ ਅਤੇ ਬਿਮਾਰੀਆਂ ਤੋਂ ਬਚਾਅ ਆਦਿ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਕੇ.ਵੀ.ਕੇ ਡਾ. ਬਲਬੀਰ ਸਿੰਘ ਖੱਦਾ ਨੇ ਦੱਸਿਆ ਕਿ ਸ਼ਹਿਦ ਮੱਖੀਆਂ ਦੀਆਂ ਸ਼ਹਿਦ ਤੋਂ ਵੀ ਜਰੂਰੀ ਪਰਾਗਣ ਸੇਵਾਵਾਂ ਬਾਰੇ ਚਾਨਣਾ ਪਾਉਂਦੇ ਹੋਏ ਇਹਨਾਂ ਨੂੰ ਪਾਲਣ ਤੇ ਜ਼ੋਰ ਦਿਤਾ ਜਾਵੇ । ਇਸ ਮੌਕੇ ਤੇ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਇਸ ਧੰਦੇ ਲਈ ਮੁੱਢਲੀ ਪੂੰਜੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ । ਉਨ੍ਹਾਂ ਕਿਹਾ ਸ਼ਹਿਦ ਦੀ ਪੈਦਾਵਾਰ ਤੋਂ ਬਾਅਦ ਇਸ ਦੇ ਮੁੱਲ ਵਰਧਕ ਉਤਪਾਦ ਬਣਾ ਕੇ ਇਸ ਕਿਤੇ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕਦਾ ਹੈ, ਜਿਸ ਸੰਬੰਧੀ ਸਿਖਲਾਈ ਲੈਣੀ ਬਹੁਤ ਜ਼ਰੂਰੀ ਹੈ। ਉਹਨਾਂ ਇਸ ਕੰਮ ਲਈ ਨੌਜਵਾਨਾਂ ਦੇ ਨਾਲ ਨਾਲ ਸੁਆਣੀਆਂ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਆ । ਪ੍ਰੋਗਰਾਮ ਦੌਰਾਨ ਡਾ. ਪਾਰੁਲ ਗੁਪਤਾ ਨੇ ਸ਼ਹਿਦ ਦੇ ਮੁੱਲ ਵਰਧਕ ਉਤਪਾਦ ਜਿਵੇਂ ਕਿ ਸ਼ਹਿਦ ਜੈਮ, ਸ਼ਹਿਦ ਚਿਕੀ, ਸ਼ਹਿਦ ਸ਼ਰਬਤ, ਪਿੰਨੀਆਂ ਆਦਿ ਬਣਾਉਣ ਸੰਬੰਧੀ ਜਾਣਕਾਰੀ ਦਿਤੀ। ਇਸ ਮੌਕੇ ਡਾ. ਪਰਮਿੰਦਰ ਸਿੰਘ (ਖੇਤੀਬਾੜੀ ਵਿਕਾਸ ਅਫਸਰ) ਨੇ ਸਿਖਿਆਰਥੀਆਂ ਨੂੰ ਰਾਣੀ ਮੱਖੀ ਤਿਆਰ ਕਰਨ ਅਤੇ ਸ਼ਹਿਦ ਮੱਖੀਆਂ ਲਈ ਉਪਯੋਗੀ ਫੁਲਦਾਰ ਫ਼ਸਲਾਂ ਸੰਬੰਧੀ ਜਾਣੂ ਕਰਵਾਇਆ। ਉਸ ਦੌਰਾਨ ਕੇ.ਵੀ.ਕੇ. ਤੋਂ ਡਾ. ਮੁਨੀਸ਼ ਸ਼ਰਮਾ ਨੇ ਸ਼ਹਿਦ ਮੱਖੀਆਂ ਲਈ ਮਹਤਵਪੂਰਨ ਫੁਲ-ਫੁਲਾਕੇ ਅਤੇ ਡਾ. ਵਿਕਾਸ ਫੂਲੀਆ ਨੇ ਸ਼ਹਿਦ ਮੱਖੀ ਪਾਲਣ ਦੇ ਨਾਲ ਮਛੀ ਪਾਲਣ ਦੇ ਸੁਮੇਲ ਸੰਬੰਧੀ ਜਾਣਕਾਰੀ ਦਿਤੀ।
ਸ੍ਰੀ ਦਲੀਪ ਸਿੰਘ ਨੇ ਸ਼ਹਿਦ ਤੋਂ ਇਲਾਵਾ ਸ਼ਹਿਦ ਮੱਖੀ ਦੇ ਬਕਸੇ ਤੋਂ ਪ੍ਰਾਪਤ ਹੋਣ ਵਾਲੇ ਹੋਰ ਪਦਾਰਥ ਜਿਵੇਂ ਕਿ ਮਧੂ ਮੋਮ, ਰਇਲ ਜੈਲੀ, ਪਰਪੋਲਿਸ, ਮੱਖੀ ਜ਼ਹਿਰ ਆਦਿ ਪੈਦਾ ਕਰਕੇ ਇਹਨਾਂ ਤੋਂ ਮੁਨਾਫਾ ਕਮਾਉਣ ਲਈ ਪ੍ਰੇਰਿਆ।ਬਾਗਬਾਨੀ ਵਿਭਾਗ ਤੋਂ ਡਾ. ਭਾਰਤ ਭੂਸ਼ਨ ਨੇ ਇਸ ਕਿਤੇ ਨੂੰ ਸ਼ੁਰੂ ਕਰਨ ਲਈ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਬਸਿਡੀ ਸੰਬੰਧੀ ਜਾਣਕਾਰੀ ਦਿਤੀ। ਸਿਖਿਆਰਥੀਆਂ ਨੂੰ ਪ੍ਰੈਕਟੀਕਲ ਸਿਖਿਆ ਦੇਣ ਦੇ ਮੰਤਵ ਨਾਲ ਸ਼ੇਰਗਿਲ ਫਾਰਮ, ਸੋਹਾਲੀ ਵਿਖੇ ਲਿਜਾਇਆ ਗਿਆ ਜਿਥੇ ਹਰਜਿੰਦਰ ਸਿੰਘ ਸ਼ੇਰਗਿਲ ਨੇ ਸ਼ਹਿਦ ਮੱਖੀ ਦੇ ਕਟੁੰਬ ਦਿਖਾਏ।ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸ਼ਹਿਦ ਮੱਖੀ ਪਾਲਣ ਯੂਨਿਟ ਵਿਖੇ ਵੀ ਲਿਜਾਇਆ ਗਿਆ ਜਿਥੇ ਡਾ. ਭਾਰਤੀ ਨੇ ਉਹਨਾਂ ਨੂੰ ਵੱਖ-ਵੱਖ ਮੌਸਮਾਂ ਵਿਚ ਸ਼ਹਿਦ ਦੀ ਮੱਖੀ ਦੇ ਬਕਸੇ ਦੀ ਸੁਚਜੀ ਸੰਭਾਲ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਮਧੂ-ਮੱਖੀ ਪਾਲਣ ਅਤੇ ਸ਼ਹਿਦ ਅਤੇ ਹੋਰ ਹਾਈਵ ਪਦਾਰਥ ਪ੍ਰਾਪਤ ਕਰਨ ਨਾਲ ਸੰਬੰਧਿਤ ਸੰਦ ਦਿਖਾਉਣ ਲਈ ਸਿਖਿਆਰਥੀਆਂ ਨੂੰ ਦੋਰਾਹਾ ਵਿਖੇ ਸਥਿਤ ਜਸਵੰਤ ਸਿੰਘ ਦੇ ਟਿਵਾਣਾ ਬੀ ਫਾਰਮ ਤੇ ਲਿਜਾਇਆ ਗਿਆ ਜਿਥੇ ਉਹਨਾਂ ਨੂੰ ਸ਼ਹਿਦ ਪ੍ਰੋਸੈਸਿੰਗ ਪਲਾਂਟ, ਮੋਮ ਦੀਆਂ ਬੁਨਿਆਦੀ ਸ਼ੀਟਾਂ ਬਣਾਉਣ ਵਾਲੀ ਮਸ਼ੀਨ ਅਤੇ ਹੋਰ ਲੋੜੀਂਦੀ ਸਮਗਰੀ ਦਿਖਾਈ ਗਈ। ਇਸ ਦੌਰਾਨ ਸਿਖਿਆਰਥੀਆਂ ਨੂੰ ਵਿਭਾਗ ਦੁਆਰਾ ਸਰਟੀਫਿਕੇਟ ਵੀ ਵੰਡੇ ਗਏ।
No comments:
Post a Comment