ਮੇਅਰ ਵੱਲੋਂ ਬਹੁਗਿਣਤੀ ਦਿਖਾਉਣ ਲਈ ਕਮਿਸ਼ਨਰ ਦੇ ਨਾਂ ‘ਤੇ ਰੱਖੀ ਮੀਟਿੰਗ ਦਫਤਰ ਵੱਲੋਂ ਰੱਦ !
ਮੋਹਾਲੀ: 06 ਜੂਨ : ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਭਰਾ ਤੇ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਦੇ ਕਾਂਗਰਸੀ ਕੌਂਸਲਰਾਂ ‘ਚ ਜੋ ਪ੍ਰਤੀਕ੍ਰਮ ਹੋਇਆ ਹੈ, ਉਸ ਨੇ ਸਿੱਧੂ ਭਰਾਵਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ।
ਕੱਲ੍ਹ ਸਿੱਧੂ ਭਰਾਵਾਂ ਵੱਲੋਂ ਕਾਂਗਰਸੀ ਕੌਂਸਲਰਾਂ ਦੀਆਂ ਦੋ ਥਾਵਾਂ ‘ਤੇ ਮੀਟਿੰਗਾਂ ਸੱਦੀਆਂ ਗਈਆਂ ਸਨ ਜਿਸ ਵਿੱਚ 20 ਕੁ ਦੇ ਕਰੀਬ ਕੌਂਸਲਰ ਸ਼ਾਮਲ ਹੋਣ ਦੀ ਖਬਰ ਹੈ। ਇੱਕ ਮੀਟਿੰਗ ਫੇਜ਼ 7 ਦੀ ਇੱਕ ਕੌਂਸਲਰ ਦੇ ਘਰ ਰੱਖੀ ਗਈ ਸੀ, ਜਦੋਂ ਕਿ ਦੂਜੀ ਸਿੱਧੂਆਂ ਦੇ ਕੁਰਾਲੀ ਫਾਰਮ ਹਾਊਸ ‘ਤੇ ਰੱਖੀ ਗਈ ਸੀ। ਇੱਕ ਮੀਟਿੰਗ ‘ਚ 8-9 ਕੌਂਸਲਰ ਆਏ ਸਨ ਅਤੇ ਦੂਜੀ ‘ਚ 12 ਦੇ ਲਗਭਗ ਆਏ। ਪਤਾ ਲੱਗਾ ਹੈ ਕਿ ਇਨ੍ਹਾਂ ਮੀਟਿੰਗਾਂ ‘ਚ ਬਹੁਗਿਣਤੀ ਮੈਂਬਰਾਂ ਨੇ ਉਨ੍ਹਾਂ ਨਾਲ ਜਾਣ ਤੋਂ ਅਸਮਰਥਾ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਕੋਰਾ ਜਵਾਬ ਦੇ ਦਿੱਤਾ ਹੈ।
ਅੱਜ ਇਸ ਨਾਮੋਸ਼ੀ ਤੋਂ ਬਚਣ ਲਈ ਮੇਅਰ ਜੀਤੀ ਸਿੱਧੂ ਨੇ ਇੱਕ ਹੋਰ ਚਾਲ ਚੱਲ ਕੇ ਕੌਂਸਲਰਾਂ ਨੂੰ ਕੱਲ੍ਹ 7 ਜੂਨ ਨੂੰ ਕਮਿਸ਼ਨਰ ਦਫਤਰ ਵਿੱਚ ਕਮਿਸ਼ਨਰ ਨਾਲ ਮੀਟਿੰਗ ਰੱਖਣ ਦਾ ਸੁਨੇਹਾ ਦਫਤਰ ਵੱਲੋਂ ਲਗਵਾ ਦਿੱਤਾ। ਕਮਾਲ ਦੀ ਗੱਲ ਇਹ ਹੈ ਕਿ ਇਸ ਸੁਨੇਹੇ ਨੂੰ ਕਮਿਸ਼ਨਰ ਵੱਲੋਂ ਲੱਗਾ ਸੁਨੇਹਾ ਕਿਹਾ ਗਿਆ ਅਤੇ ਸੁਨੇਹਾ ਵੀ ਸਿਰਫ 37 ਕੌਂਸਲਰਾਂ ਨੂੰ ਹੀ ਦਿੱਤਾ ਗਿਆ। ਆਜ਼ਾਦ ਗਰੁੱਪ ਅਤੇ ਆਜ਼ਾਦ ਕੌਂਸਲਰਾਂ ਨੂੰ ਕੋਈ ਸੁਨੇਹਾ ਨਹੀਂ ਦਿੱਤਾ ਗਿਆ।
ਇਸ ਕਮਿਸ਼ਨਰ ‘ਮਿਲਣੀ ਕਮ ਮੀਟਿੰਗ‘ ਦਾ ਉਦੇਸ਼ ਮੇਅਰ ਜੀਤੀ ਸਿੱਧੂ ਵੱਲੋਂ ਆਪਣੇ ਨਾਲ 37 ਕੌਂਸਲਰਾਂ ਦਾ ਸਮਰਥਨ ਦਿਖਾਉਣਾ ਸੀ ਪਤਾ ਲੱਗਾ ਹੈ ਕਿ ਡਿਪਟੀ ਮੇਅਰ ਨੇ ਦਫਤਰ ਦੇ ਇੱਕ ਮੁਲਾਜ਼ਮ ਨੂੰ ਕਿਹਾ ਗਿਆ ਕਿ ਉਹ 37 ਕੌਂਸਲਰਾਂ ਨੂੰ ਇਹ ਸੁਨੇਹਾ ਦੇ ਦੇਣ ਕਿ ਕਮਿਸ਼ਨਰ ਮੈਡਮ ਨੇ ਆਪਣੇ ਦਫਤਰ ਵਿੱਚ ਮੀਟਿੰਗ ਸੱਦੀ ਹੈ। ਪਰ ਕਮਿਸ਼ਨਰ ਦਾ ਕਹਿਣਾ ਸੀ ਕਿ ਨਾ ਤਾਂ ਉਨ੍ਹਾਂ ਨੇ ਇਹ ਮੀਟਿੰਗ ਬੁਲਾਈ ਸੀ ਤੇ ਨਾ ਹੀ ਕੌਂਸਲਰਾਂ ਦੀ ਮੀਟਿੰਗ ਬੁਲਾਉਣਾ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਹੈ। ਕੌਂਸਲਰਾਂ ਦੀ ਮੀਟਿੰਗ ਬੁਲਾਉਣ ਦਾ ਅਧਿਕਾਰ ਸਿਰਫ ਤੇ ਸਿਰਫ ਮੇਅਰ ਨੂੰ ਹੀ ਹੈ। ਪਤਾ ਲੱਗਾ ਹੈ ਕਿ ਹੁਣ ਦਫਤਰ ਵੱਲੋਂ ਸਾਰੇ ਉਨ੍ਹਾਂ ਕੌਂਸਲਰਾਂ ਨੂੰ ਕਮਿਸ਼ਨਰ ਦਫਤਰ ਵਿੱਚ ਮੀਟਿੰਗ ਨਾ ਹੋਣ ਦਾ ਸੁਨੇਹਾ ਭੇਜਿਆ ਗਿਆ ਹੈ। ਅਜਿਹਾ ਹੋਣ ਨਾਲ ਜੀਤੀ ਸਿੱਧੂ ਵੱਲੋਂ 37 ਕੌਂਸਲਰਾਂ ਦੇ ਸਮਰਥਨ ਦਿਖਾਉਣ ਦੀ ਚਾਲ ਵੀ ਫੇਲ੍ਹ ਹੋ ਗਈ ਹੈ।
ਪਤਾ ਲੱਗਾ ਹੈ ਕਿ ਕੱਲ੍ਹ ਰਾਤ 8 ਕੌਂਸਲਰਾਂ ਦੀ ਇੱਕ ਮੀਟਿੰਗ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ ਨੇ ਵੀ ਕਰਵਾਈ ਜਿਸ ਵਿੱਚ ਸਿੱਧੂ ਭਰਾਵਾਂ ਵੱਲੋਂ ਪਾਰਟੀ ਨਾਲ ਕੀਤੀ ਗਦਾਰੀ ਕਾਰਨ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਗਈ। ਵੱਡੀ ਗਿਣਤੀ ਕੌਂਸਲਰ ਹੁਣ ਮੌਜੂਦਾ ਐਮ ਐਲ ਏ ਕੁਲਵੰਤ ਸਿੰਘ ਵੱਲ ਨਜ਼ਰਾਂ ਟਿਕਾਈ ਬੈਠੇ ਹਨ ਕਿ ਉਹ ਮੌਜੂਦਾ ਮੇਅਰ ਨੂੰ ਪਲਟਾ ਦੇਣ ਲਈ ਕੀ ਰਣਨੀਤੀ ਬਣਾਉਂਦੇ ਹਨ। ਕਾਂਗਰਸ ਦੀ ਪੰਜਾਬ ‘ਚ ਹੋ ਰਹੀ ਮੰਦੀ ਹਾਲਤ ਨੂੰ ਦੇਖਦਿਆਂ ਬਹੁਤੇ ਕਾਂਗਰਸੀ ਕੌਂਸਲਰ ਹੁਣ ਆਪ ਵੱਲ ਨਰਮ ਰਵੱਈਆ ਰੱਖ ਕੇ ਚੱਲ ਰਹੇ ਹਨ। ਕਾਂਗਰਸੀ ਕੌਂਸਲਰਾਂ ਦੇ ਤਿੰਨ ਖੇਮਿਆਂ ‘ਚ ਵੰਡੇ ਜਾਣ ਤੋਂ ਮੌਜੂਦਾ ਮੇਅਰ ਇਸ ਤਸੱਲੀ ‘ਚ ਹਨ ਕਿ ਉਨ੍ਹਾਂ ਨੂੰ ਲਾਹੁਣ ਲਈ 2/3 ਬਹੁਮਤ ਭਾਵ 34 ਕੌਂਸਲਰਾਂ ਦੀ ਵੋਟ ਚਾਹੀਦੀ ਹੈ ਜੋ ਆਮ ਆਦਮੀ ਪਾਰਟੀ ਕੋਲ ਨਹੀਂ ਬਣ ਸਕੇਗੀ।
ਕਾਂਗਰਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 7 ਤੋਂ 8 ਕੌਸਲਰ ਸਿੱਧੂ ਭਰਾਵਾਂ ਨਾਲ ਖੜ੍ਹ ਸਕਦੇ ਹਨ। ਏਨੀ ਕੁ ਗਿਣਤੀ ਕਾਂਗਰਸ ਨਾਲ ਖੜ੍ਹੀ ਰਹਿ ਸਕਦੀ ਹੈ ਜਦੋਂ ਕਿ ਇੱਕ ਵੱਡਾ ਗਰੁੱਪ ਆਪਣੀ ਕਿਸਮਤ ਆਮ ਆਦਮੀ ਪਾਰਟੀ ਨਾਲ ਜੋੜਣ ਦੇ ਰੌਂਅ ਵਿੱਚ ਹੈ। ਪਤਾ ਲੱਗਾ ਹੈ ਕਿ ਵਿਧਾਇਕ ਕੁਲਵੰਤ ਸਿੰਘ ਵੀ ਇਸ ਹਾਲਤ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਤੇ ਉਹ ਇਨ੍ਹਾਂ ਕੌਂਸਲਰਾਂ ਨਾਲ ਪੂਰੀ ਤਰ੍ਹਾਂ ਤਾਲਮੇਲ ਬਣਾ ਕੇ ਚੱਲ ਰਹੇ ਹਨ। ਸਿੱਧੂ ਭਰਾਵਾਂ ਦੇ ਹੱਕ ਵਿਚ ਜ਼ਿਆਦਾ ਕੌਂਸਲਰ ਨਾ ਹੋਣ ਦੇ ਬਾਵਜੂਦ ਮੌਜੂਦਾ ਹਾਲਾਤ ਹੀ ਇੱਕ ਪੱਖੋਂ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਜੇਕਰ ਆਪ ਕੋਲ 34 ਕੌਂਸਲਰ ਨਹੀਂ ਹੁੰਦੇ ਤਾਂ ਉਸ ਹਾਲਤ ਵਿੱਚ ਕਾਂਗਰਸ ਨਾਲ ਖੜ੍ਹਨ ਵਾਲੇ ਕੌਂਸਲਰ ਆਪ ਨਾਲ ਸਹਿਯੋਗ ਕਰਦੇ ਹਨ ਜਾਂ ਨਹੀਂ। ਇਸ ਸਥਿਤੀ ਦੇ ਸਪੱਸ਼ਟ ਹੋਣ ‘ਚ ਅਜੇ ਕੁਝ ਦਿਨ ਉਡੀਕ ਕਰਨੀ ਪਵੇਗੀ।
No comments:
Post a Comment