ਚੰਡੀਗੜ੍ਹ, 03 ਜੂਨ : ਆਮ ਆਦਮੀ ਪਾਰਟੀ (ਆਪ) ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਜ਼ਮੀਨੀ ਪੱਧਰ 'ਤੇ ਪਾਰਟੀ
ਵਰਕਰ ਦੀ ਸਖ਼ਤ ਮਿਹਨਤ ਨੂੰ ਕਬੂਲਦਿਆਂ ਨੌਜਵਾਨ ਵਰਕਰ ਗੁਰਮੇਲ ਸਿੰਘ ਨੂੰ ਉਮੀਦਵਾਰ ਬਣਾਇਆ
ਹੈ। ਵਾਤਾਵਰਣ ਪ੍ਰੇਮੀ ਗੁਰਮੇਲ ਸਿੰਘ ਇਸ ਸਮੇਂ ਘਰਾਚੋਂ ਤੋਂ ਮੌਜੂਦਾ ਸਰਪੰਚ ਅਤੇ ਆਮ
ਆਦਮੀ ਪਾਰਟੀ ਦੇ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਟਵੀਟ ਕਰਕੇ ਸੰਗਰੂਰ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ ਦੇ
ਨਾਂ ਦਾ ਐਲਾਨ ਕੀਤਾ ਅਤੇ ਨਾਲ ਹੀ ਸ਼ੁੱਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਦੇ ਟਵੀਟ
ਅਨੁਸਾਰ, "ਆਮ ਆਦਮੀ ਪਾਰਟੀ ਦੇ ਨੌਜਵਾਨ ਵਲੰਟੀਅਰ ਅਤੇ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ
ਗੁਰਮੇਲ ਸਿੰਘ 23 ਜੂਨ ਨੂੰ ਹੋਣ ਵਾਲੀ ਸੰਗਰੂਰ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ
ਹੋਣਗੇ। ਬਤੌਰ ਪਾਰਟੀ ਪ੍ਰਧਾਨ ਮੇਰੇ ਵੱਲੋਂ ਸਰਪੰਚ ਗੁਰਮੇਲ ਸਿੰਘ ਨੂੰ
ਸ਼ੁੱਭਕਾਮਨਾਵਾਂ।''
ਗੁਰਮੇਲ ਸਿੰਘ 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਉਹ ਘਰਾਚੋਂ ਤੋਂ ਸਰਪੰਚ ਦੇ ਤੌਰ 'ਤੇ ਲੋਕ ਸੇਵਾ ਨਾਲ ਜੁੜੇ ਹੋਏ ਹਨ। ਉਨ੍ਹਾਂ, ਸਰਕਲ ਇੰਚਾਰਜ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਤੱਕ, ਪਾਰਟੀ ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਗੁਰਮੇਲ ਸਿੰਘ ਸਿੱਖਿਆ ਪ੍ਰੇਮੀ ਹੋਣ ਦੇ ਨਾਲ-ਨਾਲ ਵਾਤਾਵਰਨ ਪ੍ਰੇਮੀ ਵੀ ਹਨ। ਉਹ 2008 ਤੋਂ ਲਗਾਤਾਰ ਵਾਤਾਵਰਣ ਦੀ ਸੰਭਾਲ ਪ੍ਰਤੀ ਯਤਨਸ਼ੀਲ ਹਨ ਅਤੇ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਦੇਣ ਦੇ ਨਾਲ-ਨਾਲ ਹੋਰਨਾਂ ਨੂੰ ਪ੍ਰੇਰਿਤ ਕਰਦੇ ਰਹੇ ਹਨ।
ਸੰਗਰੂਰ ਲੋਕ ਸਭਾ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੀ। ਇਸ ਸੀਟ ਲਈ 23 ਜੂਨ ਨੂੰ ਵੋਟਿੰਗ ਹੋਣੀ ਹੈ ਅਤੇ ਨਤੀਜੇ 26 ਜੂਨ ਨੂੰ ਆਉਣਗੇ। 6 ਜੂਨ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ ਹੈ।
No comments:
Post a Comment