ਕਿਹਾ: ਜੇ ਮਤੇ ਪਾਸ ਹੋਣ ਨਾਲ ਕੰਮ ਹੁੰਦਾ, ਤਾਂ ਫਿਰ ਬਾਬਾ ਸਾਹਿਬ ਦਾ ਬੁੱਤ ਕਿਉਂ ਨਹੀਂ ਲੱਗਾ
ਜਗਰਾਉਂ, 31 ਜੁਲਾਈ : ਜਿਵੇਂ
ਚੰਦਰਮਾਂ 'ਤੇ ਚਾਦਰ ਪਾਉਣ ਨਾਲ ਕਦੇ ਹਨੇਰਾ ਨਹੀਂ ਹੁੰਦਾ, ਉਸੇ ਤਰ੍ਹਾਂ ਹੀ ਖੁਸ਼ੀਆਂ
ਵੰਡਣ ਵਾਲੇ ਵੀ ਕੂੜ-ਪ੍ਰਚਾਰ ਦੇ ਗੁੰਮਰਾਹ-ਕੁੰਨ ਬੱਦਲਾਂ ਨੂੰ ਚੀਰ ਕੇ ਲੋਕਾਂ ਦੇ ਘਰ
ਰੁਸ਼ਨਾਉਂਦੇ ਨੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ
ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ
ਜਗਰਾਉਂ ਦੇ ਕੁੱਝ ਆਗੂਆਂ ਵੱਲੋਂ ਫੋਕੀ ਸ਼ੋਹਰਤ ਲੈਣ ਲਈ ਕੀਤੇ ਜਾ ਰਹੇ ਕੂੜ-ਪ੍ਰਚਾਰ ਦਾ
ਜੁਵਾਬ ਦਿੰਦੇ ਹੋਏ ਕੀਤਾ। ਉਹਨਾਂ ਲੋਕਲ ਗੌਰਮਿੰਟ ਵਿਭਾਗ ਦੇ 21 ਜੁਲਾਈ 2022 ਨੂੰ ਜਾਰੀ
ਹੋਏ ਪੱਤਰ ਨੰਬਰ 5191 ਦੀ ਕਾਪੀ ਵਿਖਾਉਂਦੇ ਹੋਏ ਸਪੱਸ਼ਟ ਕੀਤਾ ਕਿ ਜੇਕਰ ਨਗਰ ਕੌਂਸਲ ਨੇ
ਜਗਰਾਉਂ ਸ਼ਹਿਰ ਲਈ ਕੂੜਾ ਚੁੱਕਣ ਵਾਲੀਆਂ ਗੱਡੀਆਂ ਖ੍ਰੀਦਣ ਵਾਸਤੇ ਸਾਲ 2019 ਵਿੱਚ ਮਤਾ
ਪਾਸ ਕੀਤਾ ਸੀ, ਤਾਂ ਫਿਰ ਪੰਜਾਬ ਵਿੱਚ 2017 ਤੋਂ ਲੈਕੇ 09 ਮਾਰਚ 2022 ਤੱਕ ਕਾਂਗਰਸ ਦੀ
ਸਰਕਾਰ ਸੀ ਤੇ ਨਗਰ ਕੌਂਸਲ ਜਗਰਾਉਂ ਦਾ ਪ੍ਰਧਾਨ ਵੀ ਕਾਂਗਰਸੀ ਹੀ ਹੈ। ਫਿਰ ਉਹ ਆਪਣੀ
ਸਰਕਾਰ ਮੌਕੇ ਗੱਡੀਆਂ ਖ੍ਰੀਦਣ ਅਤੇ ਹੋਰ ਪ੍ਰੋਜੈਕਟਾਂ ਲਈ ਪੈਸੇ ਪਾਸ ਕਿਉਂ ਨਹੀਂ ਕਰਵਾਕੇ
ਲਿਆਏ। ਜਦੋਂ 10 ਮਾਰਚ 2022 ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕਾਂ ਨੇ ਵੱਡਾ
ਫ਼ਤਵਾ ਦਿੱਤਾ ਅਤੇ 92 ਸੀਟਾਂ ਜਿਤਾ ਕੇ ਪੰਜਾਬ ਵਿੱਚ ਆਪਣਾ ਰਾਜ ਸਥਾਪਿਤ ਕੀਤਾ। ਉਸ
ਉਪਰੰਤ ਹੀ 21 ਜੁਲਾਈ 2022 ਨੂੰ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ
ਮਾਣੂੰਕੇ ਆਪਣੀ ਸਰਕਾਰ ਕੋਲੋਂ ਜਗਰਾਉਂ ਦੇ ਲੋਕਾਂ ਵਾਸਤੇ ਪੰਜਾਬ ਸਰਕਾਰ ਦੇ ਲੋਕਲ
ਗੌਰਮਿੰਟ ਵਿਭਾਗ ਦੇ ਪੱਤਰ ਨੰਬਰ 5191 ਮਿਤੀ 21 ਜੁਲਾਈ 2022 ਰਾਹੀਂ ਉਨੱਤਰ ਲੱਖ
ਪਚੰਨਵੇਂ ਹਜ਼ਾਰ ਰੁਪਏ ਦੇ ਪ੍ਰੋਜੈਕਟ ਪਾਸ ਕਰਵਾਕੇ ਲਿਆਏ ਹਨ। ਜਿਸ ਦੇ ਲੜੀ ਨੰਬਰ 05
ਵਿੱਚ ਜਗਰਾਉਂ ਸ਼ਹਿਰ ਲਈ 05 ਗੱਡੀਆਂ ਮੰਨਜੂਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਵਿੱਚੋਂ 03
ਗੱਡੀਆਂ ਮਿਲੀਆਂ ਹਨ ਅਤੇ ਦੋ ਹੋਰ ਮਿਲਣੀਆਂ ਬਾਕੀ ਹਨ।
ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹੋਰ ਆਖਿਆ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਮੰਗ ੳਤੇ ਹੀ ਨਗਰ ਕੌਂਸਲ ਕਮੇਟੀ ਨੇ ਸਾਲ 2019 ਵਿੱਚ ਹੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਦਾ ਚੌਂਕ ਬਣਾਕੇ ਬੁੱਤ ਲਗਾਉਣ ਲਈ ਮਤਾ ਪਾਸ ਕੀਤਾ ਗਿਆ ਸੀ। ਚੌਂਕ ਬਣਾਕੇ ਬੁੱਤ ਲਗਾਉਣਾ ਤਾਂ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਹੀ ਆਉਂਦਾ ਹੈ, ਫਿਰ ਹੁਣ ਤੱਕ ਚੌਂਕ ਬਣਾਕੇ ਬੁੱਤ ਕਿਉਂ ਨਹੀਂ ਲਗਾਇਆ ਗਿਆ। ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸੀ ਜਗਰਾਉਂ ਵਿੱਚ ਬਾਬਾ ਸਾਹਿਬ ਜੀ ਦਾ ਬੁੱਤ ਨਹੀਂ ਲਗਾਉਣਾ ਚਾਹੁੰਦੇ ਅਤੇ ਬਾਬਾ ਸਾਹਿਬ ਦੇ ਪੈਰੋਕਾਰਾਂ ਅਤੇ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਹਨਾਂ ਅਕਾਲੀ ਅਤੇ ਕਾਂਗਰਸੀ ਕੌਂਸਲਰਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਬੇਲੋੜਾ ਕੂੜ-ਪ੍ਰਚਾਰ ਦੀ ਬਜਾਇ ਪਾਰਟੀਬਾਜ਼ੀ ਅਤੇ ਸਿਆਸੀ ਹਿੱਤਾਂ ਤੋਂ ਉਪਰ ਉਠਕੇ ਜਗਰਾਉਂ ਸ਼ਹਿਰ ਦੇ ਵਿਕਾਸ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਸਾਥ ਦੇਣ। ਇਸ ਮੌਕੇ ਉਹਨਾਂ ਦੇ ਨਾਲ ਅਮਰਦੀਪ ਸਿੰਘ ਟੂਰੇ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਨੋਨੀ, ਐਡਵੋਕੇਟ ਕਰਮ ਸਿੰਘ ਸਿੱਧੂ, ਪ੍ਰਧਾਨ ਪੱਪੂ ਭੰਡਾਰੀ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ, ਮਨਪ੍ਰੀਤ ਸਿੰਘ ਮੰਨਾਂ, ਕਮਲ ਜਿਊਲਰ, ਲਖਵੀਰ ਸਿੰਘ ਲੱਖਾ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸੁਖਦੇਵ ਸਿੰਘ ਕਾਉਂਕੇ ਕਲਾਂ, ਜਗਦੇਵ ਸਿੰਘ ਗਿੱਦੜਪਿੰਡੀ ਆਦਿ ਵੀ ਹਾਜ਼ਰ ਸਨ।
No comments:
Post a Comment