ਐਸ.ਏ.ਐਸ.ਨਗਰ, 08 ਅਗਸਤ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿੱਥੇ ਵੱਧਦੀ ਹੋਈ ਜਨਸੰਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਲੋੜੀਂਦੇ ਅਨਾਜ ਦੀ ਪੈਦਾਵਾਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਉਸ ਦੇ ਨਾਲ ਹੀ ਸੰਤੁਲਿਤ ਪੋਸ਼ਟਿਕ ਆਹਾਰ ਪੈਦਾ ਕਰਨ ਲਈ ਜੈਵਿਕ ਖੇਤੀ ਅਧੀਨ ਉਤਪਾਦਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ |ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਖੇਤੀਬਾਡ਼ੀ ਅਫਸਰ ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਗੁੜ, ਸ਼ੱਕਰ, ਸ਼ਹਿਦ, ਹਲਦੀ, ਦਾਲਾਂ ਨੂੰ ਪੈਦਾ ਕਰਣ ਲਈ ਵੱਖ-ਵੱਖ ਕਿਸਾਨਾਂ ਵਲੋਂ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ |
ਇਹਨਾਂ ਵਿਚੋਂ ਮੁੱਖ ਤੌਰ ਤੇ ਸ਼੍ਰੀ ਅਵਤਾਰ ਸਿੰਘ ਪਿੰਡ ਤਿਉੜ ਵਲੋਂ ਹਲਦੀ , ਸ਼ਹਿਦ ਅਤੇ ਦਾਲਾਂ ਦੀ ਖੇਤੀ, ਸ਼੍ਰੀ ਗੁਰਪ੍ਰਕਾਸ਼ ਪਿੰਡ ਝੰਜੇੜੀ ਵਲੋਂ ਐਗਜ਼ੋਟਿਕ ਸਬਜ਼ੀਆਂ ਜਿਵੇਂ ਬ੍ਰੋਕੱਲੀ, ਲਾਲ- ਪੀਲੀ ਸ਼ਿਮਲਾ ਮਿਰਚ , ਕਾਲੀ ਗਾਜਰ, ਲੈਟਿਊਸ ਆਦਿ, ਸ੍ਰੀਮਤੀ ਸਤਵਿੰਦਰ ਕੌਰ ਬਰਾੜ ਪਿੰਡ ਪੜੌਲ ਵੱਲੋਂ ਜੈਵਿਕ ਸਬਜ਼ੀਆਂ ਜਿਵੇਂ ਕਿ ਭਿੰਡੀ , ਕਰੇਲਾ , ਪਾਲਕ ਆਦਿ ਦੀ ਖੇਤੀ , ਸ਼੍ਰੀ ਸੁਰਜੀਤ ਸਿੰਘ ਪਿੰਡ ਤੰਗੋਰੀ ਵੱਲੋਂ ਆਰਗੈਨਿਕ ਗੁੜ ਤੇ ਸ਼ੱਕਰ ਪੈਦਾ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਸ਼੍ਰੀ ਅਮਰਜੀਤ ਸਿੰਘ ਪਿੰਡ ਘੜੂਆਂ ਵਲੋਂ ਕਿਸਾਨ ਜੰਕਸ਼ਨ ਫਾਰਮਰ ਪ੍ਰੋਡਿਊਸ ਅਰਗੇਨਾਈਜ਼ਸ਼ਨ (ਐਫ ਪੀ ਓ ) ਚਲਾਈ ਜਾ ਰਹੀ ਹੈ ਜਿਸ ਦੁਆਰਾ ਸਰਸੋਂ ਦਾ ਤੇਲ, ਹਲਦੀ, ਲਸੁਨ, ਕਾਲੇ ਚਨੇ, ਮਾਂਹ, ਬਾਸਮਾਤੀ 1121, ਗੁੜ ਅਤੇ ਸ਼ੱਕਰ ਆਦਿ ਉੱਚ ਮਿਆਰ ਦੇ ਉਤਪਾਦ ਮੁਹਈਆ ਕਰਵਾਏ ਜਾ ਰਹੇ ਹਨ |ਉਨ੍ਹਾਂ ਦੱਸਿਆ ਕਿ ਭਾਂਵੇ ਕਿ ਜੈਵਿਕ ਉਤਪਾਦਾਂ ਦਾ ਮੁੱਲ ਰਸਾਇਣਿਕ ਪਦਾਰਥਾਂ ਦੇ ਮੁਕਾਬਲਤਨ ਕੁੱਝ ਜਿਆਦਾ ਹੁੰਦਾ ਹੈ ਫਿਰ ਵੀ ਆਪਣੀ ਸਿਹਤ ਪ੍ਰਤੀ ਜਾਗਰੂਕ ਲੋਕਾਂ ਵਲੋਂ ਇਹਨਾਂ ਜੈਵਿਕ ਉਤਪਾਦਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ |
No comments:
Post a Comment