Thursday, August 4, 2022

ਤੇਲ ਵਿਚ ਟਰਾਂਸਫ਼ੈਟ ਤੇ ਹੋਰ ਨੁਕਸਾਨਦਾਇਕ ਤੱਤਾਂ ਦੀ ਜਾਂਚ ਕੀਤੀ ਜਾਵੇਗੀ : ਡਾ. ਆਦਰਸ਼ਪਾਲ ਕੌਰ

ਐਸ.ਏ.ਐਸ ਨਗਰ, 04 ਅਗਸਤ : ਪੰਜਾਬ ਸਰਕਾਰ ਦੁਆਰਾ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਖਾਣ ਵਾਲੇ ਤੇਲ ਦੀ ਜਾਂਚ ਲਈ ਮੁਹਿੰਮ ਵਿੱਢੀ ਗਈ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਕਮਿਸ਼ਨਰ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਸ੍ਰੀ ਅਭਿਨਵ ਤਿ੍ਰਖਾ ਦੇ ਨਿਰਦੇਸ਼ਾਂ ’ਤੇ ਇਹ ਵਿਸ਼ੇਸ਼ ਜਾਂਚ ਮੁਹਿੰਮ 1 ਅਗੱਸਤ ਤੋਂ ਸ਼ੁਰੂ ਕੀਤੀ ਗਈ ਹੈ ਜਿਹੜੀ 14 ਅਗੱਸਤ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਜਾਂਚ ਮੁਹਿੰਮ ਦੌਰਾਨ ਖਾਧ ਤੇਲ ਦੇ ਸੈਂਪਲ ਲਏ ਜਾਣਗੇ ਜਿਨ੍ਹਾਂ ਵਿਚ ਟਰਾਂਸਫ਼ੈਟ ਅਤੇ ਹੋਰ ਨੁਕਸਾਨਦਾਇਕ ਤੱਤਾਂ ਦੀ ਜਾਂਚ ਕੀਤੀ ਜਾਵੇਗੀ। ਜੇ ਕੋਈ ਨੁਕਸਾਨਦਾਇਕ ਤੱਤ ਮਿਲਦਾ ਹੈ ਤਾਂ ਸਬੰਧਤ ਦੁਕਾਨਦਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਟੀਮ ਇਸ ਮੁਹਿੰਮ ਦੌਰਾਨ ਕੁਲ 10 ਸੈਂਪਲ ਇਕੱਠੇ ਕਰੇਗੀ ਜਿਨ੍ਹਾਂ ਵਿਚੋਂ 2 ਸੈਂਪਲ ਪਹਿਲਾਂ ਹੀ ਡੇਰਾਬੱਸੀ ਵਿਖੇ ਦੁਕਾਨਾਂ ਤੋਂ ਲਏ ਜਾ ਚੁੱਕੇ ਹਨ।



          ਡਾ. ਸੁਭਾਸ਼ ਕੁਮਾਰ ਨੇ ਮਠਿਆਈ ਦੁਕਾਨਦਾਰਾਂ ਨੂੰ ਇਕ ਵਾਰ ਫਿਰ ਚੇਤਾਵਨੀ ਦਿੰਦਿਆਂ ਕਿਹਾ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲੀਆਂ ਮਠਿਆਈਆਂ ਕਿਹੜੀ ਤਰੀਕ ਤੱਕ ਖਾਣ ਯੋਗ ਹਨ। ਹਰ ਦੁਕਾਨਦਾਰ ਨੂੰ ਟਰੇਅ ਉਤੇ ‘ਇਸ ਤਰੀਕ ਤੋਂ ਪਹਿਲਾਂ ਖਾਣਯੋਗ’ ਵਾਲੀ ਪਰਚੀ ਲਗਾਉਣੀ ਪਵੇਗੀ ਤੇ ਜਿਹੜੇ ਦੁਕਾਨਦਾਰ ਅਜਿਹਾ ਨਹੀਂ ਕਰਨਗੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ। ਇਹ ਨਿਯਮ ਦੇਸ਼ ਭਰ ’ਚ 1 ਅਕਤੂਬਰ, 2020 ਤੋਂ ਲਾਗੂ ਹੈ। ਡੀ.ਐਚ.ਓ. ਨੇ ਕਿਹਾ ਕਿ ਆਮ ਤੌਰ ’ਤੇ ਦੁਕਾਨਦਾਰਾਂ ਨੇ ਟਰੇਆਂ ਵਿਚ ਖੁਲ੍ਹੀਆਂ ਮਠਿਆਈਆਂ ਰੱਖੀਆਂ ਹੁੰਦੀਆਂ ਹਨ ਅਤੇ ਗਾਹਕਾਂ ਨੂੰ ਪਤਾ ਨਹੀਂ ਲਗਦਾ ਕਿ ਮਠਿਆਈਆਂ ਕਦੋਂ ਬਣੀਆਂ ਹਨ ਅਤੇ ਕਦੋਂ ਤੱਕ ਖਾਣ ਯੋਗ ਹਨ। ਇਸ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਦੁਕਾਨਦਾਰਾਂ ਨੂੰ ਮਠਿਆਈ ਵਾਲੀ ਹਰ ਟਰੇਅ ਅੱਗੇ ਪਰਚੀ ਲਗਾ ਕੇ ਦਰਸਾਉਣਾ ਪਵੇਗਾ ਕਿ ਇਹ ਮਠਿਆਈ ਫਲਾਣੀ ਤਰੀਕ ਤੱਕ ਖਾਧੀ ਜਾ ਸਕਦੀ ਹੈ।


         ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਮਿਆਰੀ ਤੇ ਸੁਚੱਜੀਆਂ ਸਿਹਤ ਸਹੂਲਤਾਂ ਮੁਹਈਆ ਕਰਾਉਣ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਖਾਧ ਸੁਰੱਖਿਆ ਕਾਨੂੰਨ, ਖਾਧ ਪਦਾਰਥਾਂ ਦੀ ਸੁਰੱਖਿਆ, ਮਿਆਰ ਦੇ ਮਾਪਦੰਡ ਅਤੇ ਦੁਕਾਨਾਂ ਦੀ ਸਫ਼ਾਈ ਜਿਹੇ ਵਿਸ਼ਿਆਂ ’ਤੇ ਸਹੀ ਜਾਗਰੂਕਤਾ ਪੈਦਾ ਕਰਨ ਲਈ ਖਾਣ ਪੀਣ ਦੀਆਂ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ (ਫ਼ੂਡ ਬਿਜ਼ਨਸ ਆਪਰੇਟਰਾਂ) ਨੂੰ ਪਹਿਲਾਂ ਹੀ ਟਰੇਨਿੰਗ ਦਿਤੀ ਜਾ ਰਹੀ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger