ਐਸ.ਏ.ਐਸ ਨਗਰ 16 ਸਤੰਬਰ : ਚੰਡੀਗੜ੍ਹ ਵੈਲਫ਼ੇਅਰ ਟਰੱਸਟ ਵੱਲੋਂ ਐਨ.ਆਈ.ਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਹਿਯੋਗ ਨਾਲ 17 ਸਤੰਬਰ ਨੂੰ ਲਗਾਏ ਜਾ ਰਹੇ ਮੁਫ਼ਤ ਮੈਗਾ ਮਲਟੀ-ਸਪੈਸ਼ਲਿਟੀ ਹੈਲਥ ਚੈਕਅੱਪ ਕੈਂਪ ਨੂੰ ਚੰਡੀਗੜ੍ਹ ਵਾਸੀਆਂ ਵੱਲੋਂ, ਖਾਸ ਕਰਕੇ ਕੈਂਸਰ ਦੀ ਜਾਂਚ ਸਬੰਧੀ ਰਜਿਸਟ੍ਰੇਸ਼ਨਾਂ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੈਂਸਰ ਜਾਗਰੂਕਤਾ ਅਤੇ ਕੈਂਸਰ ਯੂਥ ਅੰਬੈਸਡਰ ਪ੍ਰੋਗਰਾਮ ਲਾਂਚ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਸੰਸਥਾ ਵੱਲੋਂ ਕੈਂਸਰ ਜਾਗਰੂਕਤਾ ਲਈ ਦੋ ਯੂਥ ਅੰਬੈਸਡਰ ਵੀ ਨਿਯੁਕਤ ਕੀਤੇ ਗਏ। ਇਸ ਮੌਕੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਮੌਜੂਦ ਸਨ, ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸੀ.ਡਬਲਿਊ.ਟੀ ਵੱਲੋਂ ਵਿਸ਼ੇਸ਼ ਕੈਂਯਰ ਸਕਰੀਨਿੰਗ ਕੈਂਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 72ਵੇਂ ਜਨਮ ਦਿਨ ਮੌਕੇ ਮਨਾਏ ਜਾਂਦੇ ਸੇਵਾ ਦਿਵਸ ਦੇ ਮੌਕੇ ’ਤੇ ਲਗਾਏ ਜਾਣ ਵਾਲੇ ਇਸ ਮੈਗਾ ਸਿਹਤ ਜਾਂਚ ਕੈਂਪ ਦੌਰਾਨ 7 ਕਿਸਮਾਂ ਦੇ ਕੈਂਸਰ ਦੀ ਸਕਰੀਨਿੰਗ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੇਵਾ ਭਾਵਨਾ ਨੂੰ ਉਜਾਗਰ ਕਰਨ ਅਤੇ ਸੇਵਾ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਸੀ.ਡਬਲਿਊ.ਟੀ ਵੱਲੋਂ 15 ਦਿਨ ’ਸੇਵਾ ਪਖਵਾੜੇ’ ਵਜੋਂ ਵੱਖ-ਵੱਖ ਸਮਾਜ ਭਲਾਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ੁਰੂਆਤ 17 ਸਤੰਬਰ ਤੋਂ ਕੀਤੀ ਜਾਵੇਗੀ। 17 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ ਮੰਡੀ ਵਿਖੇ ਮੁਫ਼ਤ ਮੈਗਾ ਸਿਹਤ ਜਾਂਚ ਕੈਂਪ ਅਤੇ ਵੱਖ-ਵੱਖ ਸਿਹਤ ਸੇਵਾਵਾਂ ਲਈ ਵੱਖ-ਵੱਖ ਕਿਸਮਾਂ ਦੇ ਕੈਂਪ ਲਗਾਏ ਜਾਣਗੇ। ਇਸ ਕੈਂਪ ਦਾ ਉਦਘਾਟਨ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਕਰਨਗੇ ਅਤੇ ਇਸ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਸ੍ਰੀਮਤੀ ਸਮਿ੍ਰਤੀ ਇਰਾਨੀ ਅਤੇ ਯੂਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ. ਸੰਧੂ ਨੇ ਦੱਸਿਆ ਕਿ ਸਿਹਤ ਕੈਂਪ ਲਈ ਰਜਿਸਟ੍ਰੇਸ਼ਨ ਨੂੰ ਚੰਡੀਗੜ੍ਹ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਚੰਡੀਗੜ੍ਹ ਦੇ ਲਗਭਗ 10,000 ਲੋਕਾਂ ਨੇ ਮੈਗਾ ਸਿਹਤ ਜਾਂਚ ਕੈਂਪ ਲਈ ਆਨਲਾਈਨ ਪੋਰਟਲ ’ਤੇ ਰਜਿਸਟਰ ਕੀਤਾ ਹੈ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੇ ਹੁਣ ਤੱਕ ਰਜਿਸਟ੍ਰੇਸ਼ਨ ਕਰਵਾਈ ਹੈ, ਉਨ੍ਹਾਂ ਵਿੱਚੋਂ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ 7 ਵੱਖ-ਵੱਖ ਕਿਸਮਾਂ ਦੇ ਕੈਂਸਰ ਲਈ ਵਿਸ਼ੇਸ਼ ਸਕਰੀਨਿੰਗ ਟੈਸਟ ਲਈ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੈਂਪ ਲਈ ਰਜਿਸਟ੍ਰੇਸ਼ਨਾਂ ਦੀ ਗਿਣਤੀ 15 ਹਜ਼ਾਰ ਤੋਂ ਵੱਧ ਤੱਕ ਪਹੁੰਚਣ ਦੀ ਉਮੀਦ ਹੈ।ਉਨ੍ਹਾਂ ਦੱਸਿਆ ਕਿ ਕੈਂਪ 17 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਵਿੱਚ 300 ਡਾਕਟਰ ਅਤੇ 300 ਪੈਰਾਮੈਡੀਕਲ ਸਟਾਫ਼ ਦੇ ਨਾਲ-ਨਾਲ ਟਰੱਸਟ ਦੇ 1000 ਵਾਲੰਟੀਅਰ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਕੈਂਸਰ ਸਕਰੀਨਿੰਗ ਤੋਂ ਇਲਾਵਾ ਅੱਖਾਂ ਦੀ ਜਾਂਚ, ਦੰਦਾਂ ਦੀ ਜਾਂਚ, ਜਨਰਲ ਹੈਲਥ ਚੈਕਅੱਪ, ਬਾਲ ਸਿਹਤ ਜਾਂਚ, ਆਰਥੋਪੈਡਿਕਸ, ਮਾਨਸਿਕ ਸਿਹਤ ਜਾਂਚ ਅਤੇ ਚਮੜੀ ਰੋਗਾਂ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਕੈਂਪਾਂ ਵਿੱਚ ਦਿੱਤੀਆਂ ਜਾਣਗੀਆਂ। ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਯੂਟੀ ਵਾਸੀ ਇਸ ਮੈਗਾ ਕੈਂਪ ਦਾ ਭਰਪੂਰ ਲਾਭ ਉਠਾਉਣ। ਉਨ੍ਹਾਂ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਨੂੰ ਯੂਟੀ ਪ੍ਰਸ਼ਾਸਨ, ਨਗਰ ਨਿਗਮ ਚੰਡੀਗੜ੍ਹ, ਯੂਟੀ ਸਿਹਤ ਵਿਭਾਗ, ਆਯੂਸ਼ ਚੰਡੀਗੜ੍ਹ ਡਾਇਰੈਕਟੋਰੇਟ, ਨੈਸ਼ਨਲ ਰੂਰਲ ਹੈਲਥ ਮਿਸ਼ਨ, ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਤੋਂ ਸੰਪੂਰਨ ਸਹਿਯੋਗ ਮਿਲ ਰਿਹਾ ਹੈ।
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਹੈਲਥ ਸਾਇੰਸਿਜ਼ ਦੇ 1000 ਤੋਂ ਵੱਧ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਵਾਸੀਆਂ ਨੂੰ ਕੈਂਪ ਵਿੱਚ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਟੈਸਟਾਂ ਵਿਚੋਂ ਖਾਸ ਕਰਕੇ ਕੈਂਸਰ ਦੀਆਂ 7 ਵੱਖ-ਵੱਖ ਕਿਸਮਾਂ ਦੇ ਸਕ੍ਰੀਨਿੰਗ ਟੈਸਟ ਲਈ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰ ਸਾਲ ਵੱਧ ਰਹੇ ਕੇਸਾਂ ਦੇ ਨਾਲ ਚੰਡੀਗੜ੍ਹ ਨੂੰ ਸਮੁੱਚੇ ਦੇਸ਼ ਵਿਚੋਂ ਕੈਂਸਰ ਦਾ ਸਭ ਤੋਂ ਵੱਧ ਖ਼ਤਰਾ ਹੈ। ਚੰਡੀਗੜ੍ਹ ਵਿੱਚ ਔਰਤਾਂ ਅਤੇ ਮਰਦਾਂ ਵਿੱਚ ਕੈਂਸਰ ਹੋਣ ਦੀ ਦਰ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਹਰ 1 ਲੱਖ ਆਬਾਦੀ ’ਤੇ 105 ਔਰਤਾਂ ਅਤੇ ਹਰ 1 ਲੱਖ ਆਬਾਦੀ ’ਤੇ 93.4 ਮਰਦ ਇਸ ਭਿਆਨਕ ਬੀਮਾਰੀ ਤੋਂ ਪੀੜਤ ਹਨ, ਜਦਕਿ ਰਾਸ਼ਟਰੀ ਕੈਂਸਰ ਦੀ ਦਰ 97.4 ਪ੍ਰਤੀ 1 ਲੱਖ ਔਰਤਾਂ ’ਚ ਅਤੇ 92.4 ਪ੍ਰਤੀ 1 ਲੱਖ ਮਰਦਾਂ ’ਚ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਕੈਂਸਰ ਰਜਿਸਟਰੀ ਡਾਟਾ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਵਿੱਚ ਵੀ, ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ 2018 ਵਿੱਚ 7.33 ਲੱਖ ਸਾਲਾਨਾ ਤੋਂ ਵੱਧ ਕੇ ਦੋ ਸਾਲ ਬਾਅਦ 2020 ਵਿੱਚ 7.70 ਲੱਖ ਹੋ ਗਿਆ ਹੈ। ਸਿਰਫ਼ ਮੌਤਾਂ ਹੀ ਨਹੀਂ, ਸਗੋਂ ਭਾਰਤ ਵਿੱਚ ਕੈਂਸਰ ਦੇ ਕੇਸਾਂ ਦੀ ਅਨੁਮਾਨਤ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਜਦੋਂ ਕਿ 2018 ਵਿੱਚ, ਅੰਦਾਜ਼ਨ 13,25,232 ਕੈਂਸਰ ਦੇ ਮਾਮਲੇ ਸਾਹਮਣੇ ਆਏ ਸਨ, ਇਹ ਅਗਲੇ ਸਾਲ 13,58,415 ਹੋ ਗਏ। ਉਨ੍ਹਾਂ ਕਿਹਾ ਕਿ 2020 ਵਿੱਚ ਦੇਸ਼ ਵਿੱਚ ਕੈਂਸਰ ਦੇ 13,92,179 ਮਾਮਲੇ ਸਾਹਮਣੇ ਆਏ ਹਨ। ਸ਼੍ਰੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਔਰਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਛਾਤੀ ਦੇ ਕੈਂਸਰ ਲਈ ਆਪਣੇ ਆਪ ਦੀ ਜਾਂਚ ਕਰਨੀ ਚਾਹੀਦੀ ਹੈ, ਜੋ ਕਿ ਵਿਸ਼ਵ ਭਰ ਵਿੱਚ ਇੱਕ ਵਧ ਰਿਹਾ ਵਰਤਾਰਾ ਹੈ। ਅੱਜ ਹਰ 8 ਵਿੱਚੋਂ ਇੱਕ ਔਰਤ ਛਾਤੀ ਦੇ ਕੈਂਸਰ ਤੋਂ ਪੀੜਤ ਹੈ, ਜੋ ਚਾਰ ਦਹਾਕੇ ਪਹਿਲਾਂ 11 ਵਿੱਚੋਂ 1 ਸੀ। ਇਸ ਭਿਆਨਕ ਸਥਿਤੀ ਦੇ ਮੱਦੇਨਜ਼ਰ, ਅਸੀਂ ਨਾਗਰਿਕਾਂ ਨੂੰ 7 ਕਿਸਮਾਂ ਦੇ ਕੈਂਸਰਾਂ ਦੀ ਜਾਂਚ ਕਰਵਾਉਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਵਿੱਚ ਛਾਤੀ ਦਾ ਕੈਂਸਰ, ਗੁਰਦੇ ਦਾ ਕੈਂਸਰ, ਲਿਮਫੋਮਾ, ਦਿਮਾਗ ਦਾ ਕੈਂਸਰ, ਪ੍ਰੋਸਟੇਟ ਕੈਂਸਰ, ਹੱਡੀਆਂ ਦਾ ਕੈਂਸਰ ਅਤੇ ਫੇਫੜਿਆਂ ਦੇ ਕੈਂਸਰ ਸਬੰਧੀ ਸਕਰੀਨਿੰਗ ਸ਼ਾਮਲ ਹੈ। ਸ: ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੈਂਸਰ ਉਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਹੈ ਜਿਸ ਦਾ ਜਲਦੀ ਪਤਾ ਲੱਗਣ ਨਾਲ ਸਫ਼ਲ ਇਲਾਜ ਸੰਭਵ ਹੈ। ਜਦੋਂ ਕੈਂਸਰ ਦੀ ਦੇਖਭਾਲ ਵਿੱਚ ਦੇਰੀ ਹੁੰਦੀ ਹੈ ਜਾਂ ਪਹੁੰਚਯੋਗ ਨਹੀਂ ਹੁੰਦੀ ਹੈ ਤਾਂ ਬਚਣ ਦੀ ਸੰਭਾਵਨਾ ਘੱਟ ਹੁੰਦੀ ਹੈ, ਇਲਾਜ ਨਾਲ ਜੁੜੀਆਂ ਵੱਡੀਆਂ ਸਮੱਸਿਆਵਾਂ ਅਤੇ ਦੇਖਭਾਲ ’ਚ ਖਰਚੇ ਦੀ ਦਰ ਵੀ ਬਹੁਤ ਵੱਡੀ ਹੈ। ਇਸ ਲਈ ਅੱਜ ਟਰੱਸਟ ਵੱਲੋਂ ਕੈਂਸਰ ਸਬੰਧੀ ਜਾਗਰੂਕਤਾ ਲਈ ਉਤਕਰਸ਼ਿਤਾ ਸਿੰਘ ਅਤੇ ਦ੍ਰਾਵਿੜ ਸੋਲੰਕੀ ਨੂੰ ਯੂਥ ਅੰਬੈਸਡਰਜ਼ ਵਜੋਂ ਨਿਯੁਕਤ ਕੀਤਾ ਗਿਆ ਹੈ, ਜੋ ਲੋਕਾਂ ਨੂੰ ਛੇਤੀ ਸਕ੍ਰੀਨਿੰਗ ਅਤੇ ਬਿਹਤਰ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕਰਨਗੇ।
ਸ. ਸੰਧੂ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਅਤੇ ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਭਵਿੱਖ ’ਚ ਵੀ ਮਿਲ ਕੇ ਕੰਮ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੰਡੀਗੜ੍ਹ ਨੂੰ ਪੂਰੇ ਦੇਸ਼ ਵਿਚੋਂ ਕੈਂਸਰ ਦੇ ਸਭ ਤੋਂ ਵੱਧ ਖ਼ਤਰੇ ਵਾਲੇ ਟੈਗ ਤੋਂ ਛੁਟਕਾਰਾ ਮਿਲ ਸਕੇ। ਜਿਸ ਲਈ ਸਾਡੇ ਵੱਲੋਂ ਭਵਿੱਖ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੈਂਸਰ ਸਕਰੀਨਿੰਗ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਸਿਹਤ ਕੈਂਪ ਤੋਂ ਇਲਾਵਾ ਸਿਟੀ ਬਿਊਟੀਫੁੱਲ ਵਿਖੇ ਅਗਲੇ 15 ਦਿਨਾਂ ਯਾਨੀ 2 ਅਕਤੂਬਰ ਗਾਂਧੀ ਜਯੰਤੀ ਤੱਕ 8 ਹੋਰ ਗਤੀਵਿਧੀਆਂ ਕੀਤੀਆਂ ਜਾਣਗੀਆਂ। ਮੁਫ਼ਤ ਸਿਹਤ ਜਾਂਚ ਕੈਂਪ ਤੋਂ ਬਾਅਦ, ਸੀ. ਡਬਲਿਯੂ.ਟੀ, ਸਰਕਾਰੀ ਹਸਪਤਾਲ ਸੈਕਟਰ 32 ਅਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਇੱਕ ਮੈਗਾ ਖੂਨਦਾਨ ਕੈਂਪ ਦਾ ਆਯੋਜਨ ਕਰੇਗਾ। ਇਸ ਤੋਂ ਇਲਾਵਾ ਰੋਟਰੀ ਕਲੱਬ ਦੇ ਸਹਿਯੋਗ ਨਾਲ ਇੱਕ ਪ੍ਰੋਸਥੈਟਿਕ ਅੰਗ ਵੰਡ ਕੈਂਪ, ਕੋਵਿਡ-19 ਬੂਸਟਰ ਡੋਜ਼ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਦੇ ਸਹਿਯੋਗ ਨਾਲ ਰੁੱਖ ਲਗਾਓ ਮੁਹਿੰਮ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਟਰੱਸਟ ਵੱਲੋਂ ਨਗਰ ਨਿਗਮ ਚੰਡੀਗੜ੍ਹ ਦੇ ਸਹਿਯੋਗ ਨਾਲ ਪਾਣੀ ਦੀ ਸੰਭਾਲ ਲਈ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ, ਸੱਭਿਆਚਾਰਕ ਵਿਭਿੰਨਤਾ ਰਾਹੀਂ ਏਕਤਾ ਦਿਖਾਉਣ ਲਈ ’ਏਕ ਭਾਰਤ ਸ੍ਰੇਸ਼ਠ ਭਾਰਤ’ ਮੁਹਿੰਮ ਤਹਿਤ ਖਾਦੀ ਉਤਪਾਦਾਂ ਦੀ ਪ੍ਰਦਰਸ਼ਨੀ-ਕਮ-ਵਿਕਰੀ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਅਤੇ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਫ਼-ਸਫ਼ਾਈ ਮੁਹਿੰਮ ਤਹਿਤ ਸੇਵਾ ਪੰਦਰਵਾੜੇ ਦੀ ਸਮਾਪਤੀ ਕੀਤੀ ਜਾਵੇਗੀ। ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੈਂਸਰ ਜਾਗਰੂਕਤਾ ਸਬੰਧੀ ਗੋਸ਼ਟੀ ਦੌਰਾਨ ਕੈਂਸਰ ਯੂਥ ਅੰਬੈਸਡਰ ਪ੍ਰੋਗਰਾਮ ਜਾਰੀ ਕਰਦੇ ਵਰਲਡ ਕੈਂਸਰ ਕੇਅਰ ਸੋਸਾਇਟੀ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਹੋਰ।
No comments:
Post a Comment