ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਪੱਧਰੀ ਖੇਡਾਂ ਦੇ ਆਯੋਜਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ
ਐਸ.ਏ.ਐਸ ਨਗਰ, 09 ਸਤੰਬਰ : ਪੰਜਾਬ
ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਮਨੋਰਥ ਨਾਲ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ
ਪੰਜਾਬ ਦੀਆਂ ਦੇ ਬੈਨਰ ਹੇਠ ਬਲਾਕ ਲੈਵਲ ਤੋਂ ਸੂਬਾ ਪੱਧਰੀ ਲੈਵਲ ਤੱਕ ਖੇਡਾ ਦਾ ਆਯੋਜਨ
ਕੀਤਾ ਜਾ ਰਿਹਾ ਹੈ। ਬਲਾਕ ਤੇ ਕਾਰਪੋਰੇਸ਼ਨ ਪੱਧਰ ਦੀਆਂ ਖੇਡਾਂ ਦੇ ਸਫ਼ਲਤਾ ਪੂਰਵਕ ਆਯੋਜਨ
ਤੋਂ ਬਾਅਦ ਹੁਣ ਜਿਲ੍ਹਾ ਪੱਧਰੀ ਟੂਰਨਾਮੈਂਟ 12 ਸਤੰਬਰ ਤੋਂ 22 ਸਤੰਬਰ ਤੱਕ ਕਰਵਾਏ
ਜਾਣਗੇ । ਜਿਲ੍ਹਾ ਪੱਧਰੀ ਖੇਡਾਂ ਦੇ ਆਯੋਜਨ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ
ਵੱਖ– ਵੱਖ ਵਿਭਾਗਾਂ ਵੱਲੋਂ ਕੀਤੀਆ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅੱਜ ਡਿਪਟੀ
ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਦੀ
ਉੱਚ ਪੱਧਰੀ ਮੀਟਿੰਗ ਕੀਤੀ ਗਈ।
ਜਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਖੇਡਾ ਵਿੱਚ 10 ਹਜਾਰ ਦੇ ਕਰੀਬ ਖਿਡਾਰੀਆਂ ਵੱਲੋਂ ਆਪਣੇ ਨਾਮ ਰਜਿਸਟਰਡ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ ਤੇ ਰੱਸ਼ਾਕਸੀ ਦੇ ਮੁਕਾਬਲੇ ਹੋਏ। ਹੁਣ ਇਨਾਂ ਖੇਡਾਂ ਦੇ ਜੇਤੂ ਖਿਡਾਰੀ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਤੋਂ ਇਲਾਵਾ ਜ਼ਿਲਾ ਪੱਧਰ ਉਤੇ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਤੇ ਵੇਟਲਿਫਟਿੰਗ ਦੇ ਮੁਕਾਬਲੇ ਛੇ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਦੇ ਹੋਣਗੇ। ਪੈਰਾ ਖਿਡਾਰੀਆਂ ਦੇ ਵੀ ਮੁਕਾਬਲੇ ਹੋਣਗੇ । 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ । ਉਨ੍ਹਾਂ ਦੱਸਿਆ ਕਿ ਜਿਲ੍ਹਾ ਐਸ.ਏ.ਐਸ ਨਗਰ ਦੇ ਜਿਲ੍ਹਾ ਪੱਧਰੀ ਮੁਕਾਬਲੇ 12 ਸਤੰਬਰ ਨੂੰ ਸਪੋਰਟਸ ਕੰਪਲੈਕਸ ਸੈਕਟਰ 78 ਅਤੇ ਸਪੋਰਟਸ ਕੰਪਲੈਕਸ ਸੈਕਟਰ 63 ਵਿਖੇ ਕਰਵਾਏ ਜਾਣਗੇ ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ,ਐਸ.ਪੀ ਹੈੱਡ ਕੁਆਟਰ ਅਜਿੰਦਰ ਸਿੰਘ, ਜਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ ।
No comments:
Post a Comment