ਐਸ.ਏ.ਐਸ.ਨਗਰ 16 ਸਤੰਬਰ : ਘਰੇਲੂ ਖਪਤ ਨੂੰ ਪੂਰਾ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਸਰਦ ਰੁੱਤ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀ ਬੀਜਾਂ ਦੀਆਂ 2400 ਮਿੰਨੀ ਕਿੱਟਾਂ ਸਰਕਾਰੀ ਰੇਟਾਂ ਤੇ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਵੰਡੀਆਂ ਜਾਣਗੀਆਂ। ਇਹ ਵਿਚਾਰ ਸ਼੍ਰੀਮਤੀ ਅਵਨੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੀ.ਸੀ.ਐਸ ਨੇ ਸਰਦ ਰੁੱਤ ਦੀ ਸਬਜ਼ੀ ਬੀਜ ਮਿੰਨੀ ਕਿੱਟ ਜਾਰੀ ਕਰਦਿਆਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਇਸ ਸਬਜ਼ੀ ਬੀਜ ਕਿੱਟ ਵਿੱਚ ਵੱਖ-ਵੱਖ ਤਰਾਂ ਦੇ ਸਬਜ਼ੀ ਬੀਜ ਜਿਵੇਂ ਕਿ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੌਕਲੀ, ਅਤੇ ਚੀਨੀ ਸਰੋਂ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਬੀਜ 5-6 ਮਰਲੇ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ।
ਜਿਸ ਵਿੱਚ ਪਰਿਵਾਰ ਲਈ ਲਗਭਗ 500 ਕਿਲੋ ਦੇ ਕਰੀਬ ਸਬਜ਼ੀ ਪੈਦਾ ਹੋਵੇਗੀ ਜੋ ਕਿ ਪਰਿਵਾਰ ਦੇ 6 ਮਹੀਨਿਆਂ ਲਈ ਸਬ਼ਜੀ ਦੀ ਲੋੜ ਨੂੰ ਪੂਰਾ ਕਰੇਗੀ। ਸਬਜ਼ੀ ਬੀਜ ਦੀ ਮਿੰਨੀ ਕਿੱਟ ਦਾ ਰੇਟ 80/- ਰੁਪਏ ਰੱਖਿਆ ਗਿਆ ਹੈ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ ਤਾਜੀ਼ ਹੋਵੇਗੀ ਬਲਕਿ ਕੀੜੇਮਾਰ ਦਵਾਈਆਂ ਤੋ ਮੁਕਤ ਹੋਵੇਗੀ ਅਤੇ ਪੈਦਾ ਕਰਨ ਵਾਲੇ ਦਾ ਅੰਦਾਜਨ 5000/- ਰੁਪਏ ਪ੍ਰਤੀ ਜੀਅ ਸਾਲਾਨਾ ਖਰਚ ਬਚੇਗਾ।
ਇਸ ਸਬੰਧੀ ਡਾ:ਜਗਦੀਸ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਐਸ.ਏ.ਐਸ ਨਗਰ ਵੱਲੋਂ ਦੱਸਿਆ ਗਿਆ ਕਿ ਇਹ ਕਿੱਟਾਂ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਕਮਰਾ ਨੰ: 446 , ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ (ਮੋਹਾਲੀ) ਅਤੇ ਬਲਾਕ ਪੱਧਰੀ ਦਫਤਰ ਬਾਗਬਾਨੀ ਵਿਕਾਸ ਅਫਸਰ, ਸੁਵਿੱਧਾ ਕੇਂਦਰ, ਦੇਵੀਨਗਰ ਡੇਰਾਬੱਸੀ (9592900005), ਦਫਤਰ ਬਾਗਬਾਨੀ ਵਿਕਾਸ ਅਫਸਰ, ਮਾਰਕੀਟ ਕਮੇਟੀ ਦਫਤਰ, ਕੁਰਾਲੀ (7508018996), ਦਫਤਰ ਬਾਗਬਾਨੀ ਵਿਕਾਸ ਅਫਸਰ, ਖਰੜ (9872244851) ਤੋਂ ਪ੍ਰਾਪਤ ਕੀਤੀਆਂ ਜਾ ਸੱਕਦੀਆਂ ਹਨ। ਇਸ ਸਮੇਂ ਜਸਪ੍ਰਿਤ ਸਿੰਘ ਸਿੱਧੂ, ਬਾਗਬਾਨੀ ਵਿਕਾਸ ਅਫਸਰ ਅਤੇ ਸੰਜੇ ਕੌਸ਼ਲ ਵੀ ਹਾਜਰ ਸਨ।
No comments:
Post a Comment