ਚੰਡੀਗੜ੍ਹ, 05 ਸਤੰਬਰ : ਆਮ ਆਦਮੀ ਪਾਰਟੀ (ਆਪ) ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਦਾ ਮਨੋਬਲ ਉੱਚਾ ਚੁੱਕਣ ਲਈ 8736 ਸਕੂਲ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕਰਕੇ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਪ੍ਰੋਫੈਸਰਾਂ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੇ ਤਨਖਾਹ ਸਕੇਲ ਅਨੁਸਾਰ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕਰਕੇ ਅਧਿਆਪਕ ਦਿਵਸ 'ਤੇ ਸਿੱਖਿਅਕਾਂ ਨੂੰ ਤੋਹਫ਼ਾ ਦੇਣ ਦੇ ਨਾਲ ਨਾਲ ਆਪਣਾ ਇੱਕ ਹੋਰ ਚੋਣ ਵਾਅਦਾ ਵੀ ਪੂਰਾ ਕਰ ਦਿੱਤਾ ਹੈ।
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਅੱਜ ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਦੀਆਂ ਪਹਿਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਕਰਦੇ ਹੋਏ 1 ਅਕਤੂਬਰ 2022 ਤੋਂ 7ਵਾਂ ਯੂਜੀਸੀ ਤਨਖਾਹ ਸਕੇਲ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ 'ਆਪ' ਰਵਾਇਤੀ ਪਾਰਟੀਆਂ ਵਰਗੀ ਨਹੀਂ ਹੈ ਜੋ ਸਿਰਫ਼ ਆਪਣਾ ਖਜ਼ਾਨਾ ਭਰਨ 'ਤੇ ਕੇਂਦਰਿਤ ਰਹਿੰਦੀਆਂ ਹਨ ਅਤੇ ਲੋਕਾਂ ਦੀਆਂ ਮੰਗਾਂ ਨੂੰ ਅਣਦੇਖਿਆਂ ਕਰਦੀਆਂ ਹਨ, ਸਗੋਂ ਇਹ ਲੋਕਾਂ ਦੀ ਅਤੇ ਲੋਕਾਂ ਲਈ ਸਰਕਾਰ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਖ਼ੇਤਰ ਦੇ ਉੱਥਾਨ ਲਈ ਗੈਸਟ ਫੈਕਲਟੀ ਅਧਿਆਪਕਾਂ ਦੀ ਭਰਤੀ ਅਤੇ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦਾ ਵੀ ਐਲਾਨ ਕੀਤਾ।
ਲੋਕਾਂ ਨੂੰ ਗੁੰਮਰਾਹ ਕਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆੜੇ ਹੱਥੀਂ ਲੈਂਦਿਆਂ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਖਾਲੀ ਐਲਾਨ ਨਹੀਂ ਕਰਦੀ ਸਗੋਂ ਪੰਜਾਬ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 36000 ਕਰਮੀ ਜਿਨ੍ਹਾਂ ਵਿੱਚ 8736 ਅਧਿਆਪਕ ਹਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਪੱਕਾ ਕੀਤਾ ਜਾ ਰਿਹਾ ਹੈ। 2017 ਤੋਂ ਕਾਂਗਰਸ ਯੂਜੀਸੀ ਦੇ ਪੇ-ਸਕੇਲ ਨੂੰ ਲਾਗੂ ਕਰਨ ਦਾ ਵਾਅਦਾ ਕਰ ਰਹੀ ਸੀ ਪਰ ਮੁੱਖ ਮੰਤਰੀ ਮਾਨ ਨੇ ਸਰਕਾਰ ਬਣਨ ਦੇ ਛੇ ਮਹੀਨੇ ਅੰਦਰ ਹੀ ਇਹ ਲਾਗੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਪੰਜਾਬ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਅਧਿਆਪਕਾਂ ਨੂੰ ਚੰਗੀਆਂ ਤਨਖਾਹਾਂ ਦੇਣਾ ਵੀ ਹੈ। ‘ਆਪ’ ਪਾਰਟੀ ਮੁੱਖ ਮੰਤਰੀ ਮਾਨ ਵੱਲੋਂ ਅਧਿਆਪਕਾਂ ਨੂੰ ਅੱਜ ਇਸ ਵਿਸ਼ੇਸ਼ ਦਿਨ 'ਤੇ ਦਿੱਤੇ ਤੋਹਫ਼ੇ ਦਾ ਸਵਾਗਤ ਕਰਦੀ ਹੈ। ਸਰਕਾਰ ਦੀ ਨੀਅਤ ਸਾਫ਼ ਹੈ ਜਦਕਿ ਪਹਿਲਾਂ ਸਿਰਫ਼ ਗੁੰਮਰਾਹ ਕਰਨ ਲਈ ਐਲਾਨ ਹੀ ਕੀਤੇ ਜਾਂਦੇ ਸਨ, ਪਰ ਹੁਣ 'ਆਪ' ਸਰਕਾਰ ਨੇ 6 ਮਹੀਨਿਆਂ ਦੇ ਅੰਦਰ ਹੀ ਜ਼ਿਆਦਾਤਰ ਚੋਣ ਵਾਅਦੇ ਪੂਰੇ ਕਰਕੇ ਦਿਖਾਏ ਹਨ।
ਕੰਗ ਨੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਸੋਸ਼ਲ ਮੀਡੀਆ 'ਤੇ 'ਆਪ' ਦੇ ਫਰਜ਼ੀ ਲੈਟਰਹੈੱਡ ਨੂੰ ਪੋਸਟ ਕਰਨ ਲਈ ਕਾਂਗਰਸ 'ਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੀਆਂ ਸਸਤੀਆਂ ਸਿਆਸੀ ਚਾਲਾਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ।
No comments:
Post a Comment