ਜਗਰਾਉਂ,06 ਸਤੰਬਰ : ਸ਼ਹਿਰ ਦੇ ਪ੍ਰਮੁੱਖ ਏਰੀਏ ਪੁਰਾਣੀ ਦਾਣਾ ਮੰਡੀ ਵਿੱਚ ਪਿਛਲੇ ਲਗਭਗ 20 ਸਾਲ ਤੋਂ ਕੂੜੇ ਦਾ ਢੇਰ ਲੱਗਾ ਹੋਇਆ ਸੀ, ਜਿਸ ਕਾਰਨ ਪੁਰਾਣੀ ਦਾਣਾ ਮੰਡੀ ਦੇ ਲੋਕ ਕੂੜੇ ਦੀ ਸੜਾਂਦ ਕਾਰਨ ਪ੍ਰੇਸ਼ਾਨੀ ਨਾਲ ਜੂਝ ਰਹੇ ਸਨ ਅਤੇ ਲੰਮੇ ਸਮੇਂ ਤੋਂ ਸਫਾਈ ਦਾ ਵੀ ਬਹੁਤ ਬੁਰਾ ਹਾਲ ਸੀ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਸੀ। ਜਿਊਂ ਹੀ ਇਹ ਮਾਮਲਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ ਐਕਸ਼ਨ ਲੈਂਦਿਆਂ ਮੌਕੇ ਤੇ ਪਹੁੰਚਕੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਅਤੇ ਮੌਕੇ ਤੇ ਹੀ ਜੇ.ਸੀ.ਬੀ.ਮਸ਼ੀਨ, ਟਰਾਲੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਬੁਲਾਕੇ ਗੰਦਗੀ ਦਾ ਢੇਰ ਚੁਕਵਾ ਦਿੱਤਾ ਅਤੇ ਪੁਰਾਣੀ ਦਾਣਾ ਮੰਡੀ ਦੀ ਸਫਾਈ ਵੀ ਕਰਵਾਈ ਗਈ।
ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹਨਾਂ ਦੀ ਪਾਰਟੀ ਰਾਜਨੀਤੀ ਵਿੱਚ ਕੇਵਲ ਭ੍ਰਿਸ਼ਟ ਲੋਕਾਂ ਦੀ ਸਫ਼ਾਈ ਕਰਨ ਲਈ ਹੀ ਨਹੀਂ ਆਈ, ਬਲਕਿ ਜਿੱਥੇ ਕਿਧਰੇ ਵੀ ਉਹਨਾਂ ਨੂੰ ਗੰਦਗੀ ਨਜ਼ਰ ਆਵੇਗੀ ਤਾਂ ਸਾਫ਼ ਕਰਵਾਕੇ ਲੋਕਾਂ ਨੂੰ ਗੰਦਗੀ ਤੋਂ ਮੁਕਤ ਕਰਵਾਉਣਗੇ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਜਗਰਾਉਂ ਸ਼ਹਿਰ ਵਿੱਚੋਂ ਗੰਦਗੀ ਕੱਢਣ ਅਤੇ ਕੂੜੇ ਦੇ ਡੰਪ ਖਤਮ ਕਰਨ ਲਈ ਉਪਰਾਲੇ ਕਰਕੇ ਪੰਜਾਬ ਸਰਕਾਰ ਕੋਲੋਂ ਲਗਭਗ 70 ਲੱਖ ਰੁਪਏ ਪ੍ਰੋਜੈਕਟ ਮੰਨਜੂਰ ਕਰਵਾਕੇ ਲਿਆਏ ਹਨ ਤੇ ਬਹੁਤ ਜ਼ਲਦੀ ਹੀ ਗਿੱਲਾ ਅਤੇ ਸੁੱਕਾ ਕੂੜਾ ਚੁੱਕਣ ਵਾਲੀਆਂ ਟਾਟਾ ਏਸ ਗੱਡੀਆਂ ਚਲਾਈਆਂ ਜਾਣਗੀਆਂ ਅਤੇ ਹੌਲੀ ਹੌਲੀ ਸ਼ਹਿਰ ਵਿੱਚੋਂ ਕੂੜੇ ਦੇ ਡੰਪ ਪੂਰੀ ਤਰਾਂ ਨਾਲ ਖਤਮ ਕਰ ਦਿੱਤੇ ਜਾਣਗੇ। ਉਹਨਾਂ ਆਖਿਆ ਪੰਜਾਬ ਸਰਕਾਰ ਪਾਸੋਂ ਮੰਨਜੂਰ ਹੋ ਚੁੱਕੇ ਪ੍ਰੋਜੈਕਟਾਂ ਵਿੱਚ ਲੋਕਾਂ ਦੇ ਘਰਾਂ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣ ਲਈ 80 ਟਰਾਈਸਾਈਕਲ, ਇੱਕ ਟਰੈਕਟਰ ਲੋਡਰ, ਇੱਕ ਬਲਿੰਗ ਮਸ਼ੀਨ, ਅਤੇ ਇੱਕ ਵੇਸਟ ਗਰਾਂਈਡਰ ਲਿਆਂਦਾ ਜਾਵੇਗਾ ਅਤੇ ਸ਼ਹਿਰ ਦੇ ਕੂੜਾ-ਕਰਕਟ ਨੂੰ ਸੰਭਾਲਿਆ ਜਾ ਸਕੇਗਾ। ਇਸ ਤੋਂ ਇਲਾਵਾ ਪਾਰਕਾਂ ਦੀ ਕਟਿੰਗ ਤੇ ਸਫ਼ਾਈ ਵਾਸਤੇ ਸ਼ਰੈਡਰ ਖ੍ਰੀਦਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਬੀਬੀ ਮਾਣੂੰਕੇ ਨੇ ਆਖਿਆ ਲੋਕਾਂ ਨੂੰ ਗੰਦਗੀ ਤੋਂ ਮੁਕਤ ਕਰਵਾਉਣ ਲਈ ਉਹ ਹਰ ਹੀਲੇ ਯਤਨ ਜਾਰੀ ਰੱਖਣਗੇ, ਤਾਂ ਜੋ ਲੋਕ ਖੁਸ਼ੀਆਂ ਭਰੀ ਜਿੰਦਗੀ ਬਤੀਤ ਕਰ ਸਕਣ। ਇਸ ਮੌਕੇ ਮੌਜੂਦ 'ਆਪ' ਆਗੂ ਅਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਨੇ ਵਿਧਾਇਕਾ ਮਾਣੂੰਕੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ 'ਐਮ.ਐਲ.ਏ. ਤਾਂ ਬਹੁਤ ਵੇਖੇ ਨੇ, ਪਰੰਤੂ ਬਿਲਕੁੱਲ ਗਰਾਊਂਡ ਤੇ ਜਾ ਕੇ ਕੂੜੇ ਤੇ ਗੰਦਗੀ ਦੇ ਢੇਰ ਚੁਕਵਾਉਂਦੇ ਅਤੇ ਕੋਲ ਖੜਕੇ ਸਫ਼ਾਈ ਕਰਵਾਉਂਦੇ ਐਮ.ਐਲ.ਏ ਮੈਡਮ ਸਰਵਜੀਤ ਕੌਰ ਮਾਣੂੰਕੇ ਨੂੰ ਵੇਖਕੇ ਮਾਣ ਮਹਿਸੂਸ ਹੁੰਦਾ ਹੈ ਕਿ ਹਲਕਾ ਜਗਰਾਉਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਹਰ ਕੰਮ ਵਿੱਚ ਨਿਪੁੰਨ ਅਤੇ ਧਰਤੀ ਨਾਲ ਜੁੜੇ ਹੋਏ ਵਿਧਾਇਕ ਦੀ ਚੋਣ ਕੀਤੀ ਹੈ।' ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਗੁਰਪ੍ਰੀਤ ਸਿੰਘ 'ਨੋਨੀ ਸੈਂਭੀ', ਕੌਂਸਲਰ ਕੰਵਰਪਾਲ ਸਿੰਘ, ਕੌਂਲਰ ਰਾਜ ਭਾਰਦਵਾਜ, ਕੌਂਸਲਰ ਅਨਮੋਲ ਗੁਪਤਾ, ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ, ਪੱਪੂ ਭੰਡਾਰੀ, ਗੁਰਪ੍ਰੀਤ ਕੌਰ, ਸਾਜਨ ਮਲਹੋਤਰਾ, ਡਾ:ਰੂਪ ਸਿੰਘ, ਛਿੰਦਰਪਾਲ ਸਿੰਘ ਮੀਨੀਆਂ, ਮੇਹਰ ਸਿੰਘ, ਕਾਕਾ ਕੋਠੇ 8 ਚੱਕ, ਲਖਵੀਰ ਸਿੰਘ ਲੱਖਾ, ਰਵਿੰਦਰਪਾਲ ਫੀਨਾਂ, ਕਾਲਾ ਕਲਿਆਣ, ਆਦਿ ਵੀ ਹਾਜ਼ਰ ਸਨ।
No comments:
Post a Comment