ਐਸ.ਏ.ਐਸ. ਨਗਰ 20 ਸਤੰਬਰ : ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਖੇ ਅੱਜ ਭਾਈ ਘਨ੍ਹੱਈਆ ਜੀ ਦੀ ਬਰਸੀ ਨੂੰ "ਮਾਨਵ ਸੇਵਾ ਸੰਕਲਪ ਦਿਵਸ" ਵਜੋਂ ਮਨਾਇਆ ਗਿਆ। ਇਸ ਮੌਕੇ ਸਿਹਤ ਮੰਤਰੀ ਪੰਜਾਬ, ਸ਼੍ਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਭਾਈ ਘਨ੍ਹੱਈਆ ਜੀ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਬਾਰੇ ਗੱਲ ਕਰਦਿਆਂ ਸ਼੍ਰੀ ਚੇਤਨ ਸਿੰਘ ਜੌੜਾਮਾਜਰਾ, ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਨੇ ਜਾਤ-ਪਾਤ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਦੀ ਸੇਵਾ ਕੀਤੀ ਹੈ ਅਤੇ ਸਾਨੂੰ ਵੀ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਈ ਘਨ੍ਹੱਈਆ ਜੀ ਨੇ ਕਿਸੇ ਵੀ ਜੰਗ ਵਿੱਚ ਜ਼ਖ਼ਮੀ ਹੋਏ ਆਪਣੇ ਲੋਕਾਂ ਦੇ ਨਾਲ ਨਾਲ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਅਤੇ ਮਲ੍ਹੱਮ ਪੱਟੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਹੀਦਾ ਹੈ।
ਉਨ੍ਹਾ ਕਿਹਾ ਜਦੋਂ ਕੋਈ ਮਰੀਜ਼ ਹਸਪਤਾਲ ਵਿੱਚ ਆਉਦਾ ਹੈ ਤਾ ਉਸ ਨਾਲ ਵਧੀਆ ਵਤੀਰਾ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਕਿਸੇ ਵੀ ਹਸਪਤਾਲ ਵਿਚੋਂ ਕੋਈ ਸ਼ਿਕਾਇਤ ਨਹੀਂ ਆਵੇਗੀ। ਵਧੀਕ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ, ਸ਼੍ਰੀ ਰਾਹੁਲ ਗੁਪਤਾ ਨੇ ਭਾਈ ਘਨ੍ਹੱਈਆ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਭਾਈ ਘਨ੍ਹੱਈਆ ਜੀ ਵੱਲੋਂ ਬਿਨ੍ਹਾਂ ਭੇਦ-ਭਾਵ ਤੋਂ ਕੀਤੀ ਗਈ ਮਾਨਵਤਾ ਸੇਵਾ ਨੂੰ ਦੇਖਦੇ ਹੋਏ ਸਾਨੂੰ ਵੀ ਸੇਵਾ ਕਰਨ ਦੇ ਮਿਲੇ ਮੌਕਿਆ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਪੇਸ਼ੇਵਰ ਮੁਹਾਰਤ ਦੇ ਨਾਲ, ਸਾਰੇ ਪੇਸ਼ੇਵਰ ਮਾਨਵਤਾ ਦੀ ਸੇਵਾ ਲਈ ਕੰਮ ਕਰਨ। ਇਸ ਉਪਰੰਤ ਡਾਇਰੈਕਟਰ ਪ੍ਰਿੰਸੀਪਲ ਡਾ: ਭਵਨੀਤ ਭਾਰਤੀ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ 100 ਸਾਲ ਪਹਿਲਾਂ ਰੈੱਡ ਕਰਾਸ ਸੇਵਾਵਾਂ ਦੀ ਸਥਾਪਨਾ ਤੋਂ ਪਹਿਲਾਂ ਵੀ ਮਾਨਵਤਾ ਦੀ ਸੇਵਾ ਦੇ ਮਾਰਗ 'ਤੇ ਚੱਲੇ ਸਨ।
ਇਸ ਸਮਾਗਮ ਵਿਚ ਡਾ: ਵਨੀਤ, ਐਸੋਸੀਏਟ ਪ੍ਰੋਫੈਸਰ ਬਾਇਓਕੈਮਿਸਟਰੀ ਨੇ ਭਾਈ ਕਨ੍ਹੱਈਆ ਜੀ ਦੇ ਜੀਵਨ ਬਾਰੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਮਨੁੱਖਤਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਯੁੱਧ ਦੇ ਸਮੇਂ ਦੁਸ਼ਮਣਾਂ ਨੂੰ ਪਾਣੀ ਅਤੇ ਦਵਾਈ ਨਾਲ ਵੀ ਸੇਵਾ ਕੀਤੀ। ਇਸ ਮੌਕੇ ਏਮਜ਼ ਮੁਹਾਲੀ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਐਮਰਜੈਂਸੀ ਵਿੱਚ ਡਾਕਟਰਾਂ ਦੇ ਜੀਵਨ ਅਤੇ ਭਾਈ ਨਨੂਆ ਜੀ ਅਤੇ ਭਾਈ ਘਨ੍ਹਈਆ ਜੀ ਦੇ ਜੀਵਨ ਨੂੰ ਦਰਸਾਉਂਦਾ ਨਾਟਕ ਪੇਸ਼ ਕੀਤਾ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਡਾਕਟਰੀ ਭਾਈਚਾਰੇ ਨੂੰ ਭਾਈ ਘਨ੍ਹਈਆ ਜੀ ਦੇ ਜੀਵਨ ਤੋਂ ਕਿਵੇਂ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਕੌਰ, ਐਮ.ਡੀ.ਐਮ. ਮੋਹਾਲੀ, ਸ਼੍ਰੀਮਤੀ ਨੀਲਿਮਾ ਪੀ.ਐਚ.ਐਸ.ਸੀ., ਸ਼੍ਰੀ ਕਮਲੇਸ਼ ਕੁਮਾਰ ਕੌਸ਼ਲ ਸਕੱਤਰ ਰੈੱਡ ਕਰਾਸ ਅਤੇ ਮੈਡੀਕਲ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
No comments:
Post a Comment