ਐਸ.ਏ.ਐਸ ਨਗਰ 11 ਅਕਤੂਬਰ : ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਕੋਹੜ ਰੋਗ ਸਬੰਧੀ ਜਾਗਰੂਕਤਾ ਦਾ ਹੋਕਾ ਦੇਣ ਦੇ ਮਕਸਦ ਨਾਲ ਜ਼ਿਲ੍ਹਾ ਹਸਪਤਾਲ ਵਿਚ ਨੁੱਕੜ ਨਾਟਕ ਕਰਵਾਇਆ ਗਿਆ। ਨੁੱਕੜ ਨਾਟਕ ਦੀ ਸ਼ੁਰੂਆਤ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅਪਣੇ ਸੰਬੋਧਨ ਵਿਚ ਆਖਿਆ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਜ਼ਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿਚ ਨੁੱਕੜ ਨਾਟਕ ਕਰਵਾਏ ਜਾ ਰਹੇ ਹਨ ਤਾਕਿ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਕੋਹੜ ਰੋਗ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸਮਝਦੇ ਹਨ ਕਿ ਕੋਹੜ ਦਾ ਰੋਗ ਛੂਆ-ਛਾਤ ਵਾਲਾ ਰੋਗ ਹੈ ਅਤੇ ਕੋਹੜ ਪੀੜਤਾਂ ਕੋਲੋਂ ਦੂਰ ਰਹਿਣਾ ਤੇ ਉਨ੍ਹਾਂ ਦੇ ਅੰਗਾਂ ਨੂੰ ਛੂਹਣਾ ਨਹੀਂ ਚਾਹੀਦਾ ਪਰ ਇਹ ਬਿਲਕੁਲ ਹੀ ਗ਼ਲਤ ਧਾਰਨਾ ਹੈ ਕਿਉਂਕਿ ਇਹ ਛੂਤ ਦਾ ਰੋਗ ਨਹੀਂ ਹੈ ਅਤੇ ਇਸ ਬੀਮਾਰੀ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਕੋਹੜ ਪੀੜਤਾਂ ਦੇ ਨੇੜੇ ਜਾਣ ਜਾਂ ਉਨ੍ਹਾਂ ਨਾਲ ਹੱਥ ਮਿਲਾਉਣ ਨਾਲ ਕੁਝ ਨਹੀਂ ਹੁੰਦਾ।
ਕੋਹੜ ਦਾ ਰੋਗ ਵੀ ਹੋਰਨਾਂ ਬੀਮਾਰੀਆਂ ਜਿਹਾ ਹੀ ਹੈ ਅਤੇ ਇਸ ਦਾ ਡਾਕਟਰੀ ਇਲਾਜ ਕੀਤਾ ਜਾ ਸਕਦਾ ਹੈ ਜਿਸ ਨਾਲ ਹੁਣ ਤੱਕ ਲੱਖਾਂ ਮਰੀਜ਼ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਨੁੱਕੜ ਨਾਟਕ ਦਾ ਮਕਸਦ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਹੈ ਕਿ ਕੋਹੜ ਪੀੜਤ ਲੋਕ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਬੀਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ।
No comments:
Post a Comment