ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਪਟਿਆਲਾ ਵਿਕਾਸ ਅਥਾਰਟੀ ਦੇ ਪ੍ਰਗਤੀ ਅਧੀਨ ਅਤੇ ਭਵਿੱਖੀ ਪ੍ਰਾਜੈਕਟਾਂ ਦੀ ਸਮੀਖਿਆ
ਚੰਡੀਗੜ੍ਹ, 07 ਨਵੰਬਰ : ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵੱਲੋਂ ਨੇੜ ਭਵਿੱਖ ਵਿੱਚ ਇਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸ਼ਹਿਰਾਂ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਉਦੇਸ਼ਾਂ ਲਈ ਨਵੀਆਂ ਅਰਬਨ ਅਸਟੇਟਸ ਵਿਕਸਤ ਕੀਤੀਆਂ ਜਾਣਗੀਆਂ।
ਪੁੱਡਾ ਭਵਨ, ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਪੀ.ਡੀ.ਏ. ਦੇ ਪ੍ਰਗਤੀ ਅਧੀਨ, ਭਵਿੱਖੀ ਪ੍ਰਾਜੈਕਟਾਂ ਅਤੇ ਕੰਮਕਾਜ ਦੀ ਸਮੀਖਿਆ ਸਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ, ਸੰਗਰੂਰ ਅਤੇ ਸਮਾਣਾ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਅਰਬਨ ਅਸਟੇਟ ਵਿਕਸਤ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਸਤਾਵਿਤ ਅਸਟੇਟਸ ਲਈ ਜ਼ਮੀਨ ਐਕੁਆਇਰ/ਲੈਂਡ ਪੂਲਿੰਗ ਸਬੰਧੀ ਦਰਖ਼ਾਸਤਾਂ ਦੀ ਸਕਰੀਨਿੰਗ ਕਮੇਟੀ ਤੋਂ 15 ਦਿਨਾਂ ਵਿੱਚ ਪੜਤਾਲ ਕਰਵਾਉਣ ਲਈ ਕਿਹਾ।
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਬੜੀ ਨਦੀ ਅਤੇ ਛੋਟੀ ਨਦੀ ਦੀ ਨੁਹਾਰ ਬਦਲਣ ਸਬੰਧੀ ਪ੍ਰਾਜੈਕਟ, ਪਟਿਆਲਾ ਵਿਖੇ ਐਸ.ਟੀ.ਪੀਜ਼. ਅਤੇ ਈ.ਟੀ.ਪੀ. ਦੀ ਉਸਾਰੀ ਅਤੇ ਸੀਵਰੇਜ ਨੈੱਟਵਰਕ ਵਿਛਾਉਣ ਸਬੰਧੀ ਕਾਰਜਾਂ ਦਾ ਜਾਇਜ਼ਾ ਵੀ ਲਿਆ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੂੰ ਅਧਿਕਾਰੀਆਂ ਵੱਲੋਂ ਪੀ.ਡੀ.ਏ. ਦੀ ਅਰਬਨ ਅਸਟੇਟ 1, 2, 3, 4 ਅਤੇ ਪੀ.ਡੀ.ਏ. ਓਮੈਕਸ ਸਿਟੀ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇਣ ਦੀ ਤਜਵੀਜ਼ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਪੀ.ਡੀ.ਏ. ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਦੇ ਨਾਲ-ਨਾਲ ਚਲਾਈਆਂ ਜਾ ਰਹੀਆਂ ਨਿਯਮਤ ਗਤੀਵਿਧੀਆਂ ਬਾਰੇ ਵੀ ਚਰਚਾ ਕੀਤੀ ਗਈ। ਕੈਬਨਿਟ ਮੰਤਰੀ ਨੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸ੍ਰੀ ਗੌਤਮ ਜੈਨ ਨੂੰ ਲੰਬਿਤ ਪਏ ਵੱਖ-ਵੱਖ ਕੇਸਾਂ ਦੇ ਨਿਪਟਾਰੇ ਸਬੰਧੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਮਨਜ਼ੂਰਸ਼ੁਦਾ ਰਿਹਾਇਸ਼ੀ ਪ੍ਰਾਜੈਕਟਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਕਾਰਜ ਕਰਨ ਦੇ ਨਿਰਦੇਸ਼ ਵੀ ਦਿੱਤੇ।
No comments:
Post a Comment