ਐਸ.ਏ.ਐਸ.ਨਗਰ 15 ਨਵੰਬਰ : ਭਾਸ਼ਾ ਵਿਭਾਗ, ਪੰਜਾਬ ਦੇ ਦਫ਼ਤਰ ਜ਼ਿਲ੍ਹਾ ਭਾਸ਼ਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਉਚੇਰੀ ਸਿੱਖਿਆ, ਖੇਡਾਂ ਅਤੇ ਭਾਸ਼ਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ (ਆਈ.ਏ.ਐੱਸ) ਦੀ ਅਗਵਾਈ ਹੇਠ ਮਿਤੀ 14 ਨਵੰਬਰ 2022 ਨੂੰ ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਰਾਜ ਪੱਧਰੀ 'ਹੀਰ ਗਾਇਨ' ਸਮਾਗਮ ਸ਼ਿਵਾਲਿਕ ਸਕੂਲ, ਫੇਜ਼-6, ਮੋਹਾਲੀ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਕਲਾਕਾਰਾਂ ਵੱਲੋਂ ਹੀਰ ਗਾਇਨ ਕੀਤਾ ਗਿਆ। ਇਸ ਸਬੰਧ ਵਿੱਚ ਮੋਹਾਲੀ, ਚੰਡੀਗੜ੍ਹ ਦੀਆਂ ਸਮੂਹ ਸਾਹਿਤ ਸਭਾਵਾਂ, ਲੇਖਕਾਂ ਤੇ ਪਾਠਕਾਂ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਸਾਹਿਤ ਰਸੀਆਂ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਡਾ. ਸੁਖਦੇਵ ਸਿੰਘ ਸਿਰਸਾ ਡਾ. ਵੀਰਪਾਲ ਕੌਰ ਅਤੇ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸ਼ਮਾ ਰੌਸ਼ਨ ਕਰਨ ਉਪਰੰਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ 'ਧਨੁ ਲਿਖਾਰੀ ਨਾਨਕਾ 'ਨਾਲ ਕੀਤੀ ਗਈ। ਡਾ. ਵੀਰਪਾਲ ਕੌਰ ਜੁਆਇੰਟ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਕਿਹਾ ਗਿਆ ਕਿ ਵਾਰਸ ਦੀ ਹੀਰ ਪੰਜਾਬੀ ਭਾਸ਼ਾ ਦਾ ਮਾਡਲ ਹੈ।ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਪ੍ਰਧਾਨਗੀ ਭਾਸ਼ਣ ਦੌਰਾਨ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅੱਜ ਇਸ ਮੰਚ ’ਤੇ ਇਕੋ ਹੀਰ ਦੇ ਵੱਖ-ਵੱਖ ਰੰਗ ਵੇਖਣ ਨੂੰ ਮਿਲੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਰਸ ਸ਼ਾਹ ਨੇ ਹੀਰ ਦੇ ਕਿੱਸੇ ਰਾਹੀਂ ਸਿਰਫ਼ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨਹੀਂ ਬਲਕਿ ਪੰਜਾਬ ਦੇ ਸਮੁੱਚੇ ਹਾਲਾਤ ਦਾ ਨਕਸ਼ਾ ਉਲੀਕਿਆ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀ ਵੱਲੋਂ ਆਪਣੀ ਵਿਸਥਾਰਤ ਕਾਰਗੁਜ਼ਾਰੀ ਨੂੰ ਦਰਸਾਉਂਦਾ ਕਿਤਾਬਚਾ 'ਪੈੜ' ਵੀ ਜਾਰੀ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਵਾਰਸ ਦੀ ਹੀਰ ਤਤਕਾਲੀਨ ਸਮਾਜ ਦੀ ਸਮਾਜਿਕ ਅਤੇ ਸਭਿਆਚਾਰਕ ਤਸਵੀਰਕਸ਼ੀ ਕਰਦੀ ਹੈ। ਹੀਰ ਦਾ ਕਲਾਮ ਪੇਸ਼ ਕਰਨ ਵਾਲੇ ਕਲਾਕਾਰਾਂ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਸਾਲ ਭਰ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਸਬੰਧੀ ਸਲਾਨਾ ਰਿਪੋਰਟ ਪੜ੍ਹੀ ਗਈ।
ਵੱਖ-ਵੱਖ ਸੁਰੀਲੇ ਕਲਾਕਾਰਾਂ ਨੇ ਹੀਰ ਗਾਇਨ ਦੀਆਂ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾਇਆ ਜਿਨ੍ਹਾਂ ਵਿਚ ਦੇਸ ਰਾਜ ਛਾਜਲੀ ਅਤੇ ਟੀਮ, ਜੁਗਰਾਜ ਧੌਲਾ ਅਤੇ ਟੀਮ, ਭੁਪਿੰਦਰ ਸਿੰਘ ਉੱਡਤ ਅਤੇ ਟੀਮ, ਪ੍ਰਗਟ ਸਿੰਘ ਅਤੇ ਟੀਮ, ਸੁਹੇਲ ਲਾਲੜੂ ਅਤੇ ਟੀਮ, ਬਲਵਿੰਦਰ ਸਿੰਘ ਢਿੱਲੋਂ, ਦਵਿੰਦਰ ਕੌਰ ਢਿੱਲੋਂ, ਪ੍ਰਿ. ਹਰਦਿਆਲ ਸਿੰਘ, ਅਨਮੋਲ ਰੂਪੋਵਾਲੀ, ਸਤਵਿੰਦਰ ਧੜਾਕ, ਰੀਨਾ ਦੇਵੀ ਮੋਹਾਲੀ, ਇਬਾਦਤ ਅਤੇ ਅਨੀਸ਼ਾ ਪਾਂਡੇ ਸ਼ਾਮਿਲ ਸਨ। ਸਾਰੇ ਹੀ ਕਲਾਕਾਰਾਂ ਨੇ ਆਪਣੇ ਫ਼ਨ ਦਾ ਮੁਜਾਹਰਾ ਕਰਦਿਆਂ ਸਮਾਂ ਬੰਨ੍ਹ ਦਿੱਤਾ ਅਤੇ ਸ੍ਰੋਤਿਆਂ ਨੂੰ ਝੂਮਣ ਲਾ ਦਿੱਤਾ। ਮੰਚ ਸੰਚਾਲਨ ਸਤਨਾਮ ਪੰਜਾਬੀ ਵੱਲੋਂ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਸਮਾਗਮ ਵਿੱਚ ਡਾ. ਲਾਭ ਸਿੰਘ ਖੀਵਾ, ਜਸਪਾਲ ਮਾਨਖੇੜਾ, ਮਨਜੀਤ ਇੰਦਰਾ, ਅਨੀਤਾ ਸ਼ਬਦੀਸ਼, ਡਾ. ਸ਼ਿੰਦਰਪਾਲ ਸਿੰਘ, ਸੰਜੀਵਨ ਸਿੰਘ, ਸ਼੍ਰੀ ਬਲਜ਼ਿੰਦਰ ਸਿੰਘ (ਜਿ.ਸਿ.ਅ.) ਸ਼੍ਰੀਮਤੀ ਕੰਚਨ ਸ਼ਰਮਾ, ਸ਼੍ਰੀਮਤੀ ਸੁਰਜੀਤ ਕੌਰ, ਡਾ. ਸਤਨਾਮ ਸਿੰਘ, ਡਾ. ਪਰਵੀਨ ਕੁਮਾਰ, ਮਨਦੀਪ ਸਿੰਘ, ਤਜਿੰਦਰ ਕੌਰ, ਬਲਕਾਰ ਸਿੰਘ ਸਿੱਧੂ, ਗੁਰਨਾਮ ਕੰਵਰ, ਜਗਦੀਪ ਸਿੰਘ ਸਿੱਧੂ, ਪ੍ਰਵੀਨ ਸੰਧੂ, ਭੋਲਾ ਕਲਹਿਰੀ, ਜਗਰੂਪ ਝੁਨੀਰ, ਕੁਲਵੰਤ ਸਿੰਘ ਬੁੱਢਲਾਡਾ, ਡਾ. ਗੁਰਦਰਪਾਲ ਸਿੰਘ, ਗੁਰਦਰਸ਼ਨ ਮਾਵੀ, ਪਰਸਰਾਮ ਬੱਧਣ, ਬਾਬੂ ਰਾਮ ਦੀਵਾਨਾ, ਮਨਜੀਤ ਮੀਤ, ਭਗਤ ਰਾਮ ਰੰਗਾੜਾ, ਗੁਰਪ੍ਰੀਤ ਸਿੰਘ ਨਿਆਮੀਆਂ, ਕੇਵਲ ਰਾਣਾ, ਆਰ.ਕੇ ਭਗਤ, ਰਣਜੋਧ ਸਿੰਘ, ਸੁਰਜੀਤ ਸੁਮਨ, ਸਰਦਾਰਾ ਸਿੰਘ ਚੀਮਾ, ਸੁਨੀਲਮ ਮੰਡ, ਸੁਧਾ ਜੈਨ, ਡਾ. ਬਲਜੀਤ ਕੌਰ, ਪਾਲ ਅਜਨਬੀ, ਮਨਦੀਪ ਸਿੰਘ,ਡਾ. ਸੁਰਿੰਦਰ ਕੌਰ, ਮਲਕੀਅਤ ਬਸਰਾ,ਨਵਦੀਪ ਗਿੱਲ, ਪ੍ਰੋ. ਜਸਪਾਲ ਸਿੰਘ, ਪ੍ਰੋ. ਦਿਲਬਾਗ ਸਿੰਘ, ਪ੍ਰੀਤਮ ਕੁਮਾਰ, ਪਵਨ ਕੁਮਾਰ, ਡਾ. ਸੰਤੋਖ ਸਿੰਘ ਸੁੱਖੀ, ਸਤਪਾਲ ਸਿੰਘ, ਮਨਜਿੰਦਰ ਸਿੰਘ, ਸ਼ਾਇਰ ਭੱਟੀ, ਪ੍ਰੋ. ਸੁਨੀਤਾ ਰਾਣੀ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਅਤੇ ਸਾਹਿਤ ਜਗਤ ਦੀਆਂ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਇਸ ਸਮਾਗਮ ਵਿੱਚ ਸਾਹਿਤਕ, ਸੱਭਿਆਚਾਰਕ ਅਤੇ ਅੱਖਰਕਾਰੀ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
No comments:
Post a Comment