ਨਵੇਂ ਵਿੱਦਿਅਕ ਸੈਸ਼ਨ ਲਈ ਦਾਖ਼ਲਾ ਮੁਹਿੰਮ ਦਾ ਆਗਾਜ਼
ਐੱਸ ਏ ਐੱਸ ਨਗਰ,14 ਨਵੰਬਰਃ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ,ਡੀਜੀਐੱਸਸੀ ਵਰਿੰਦਰ ਕੁਮਾਰ ਸ਼ਰਮਾ ਆਈ ਏ ਐੱਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬਾਲ ਦਿਵਸ ਮੌਕੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ,ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 'ਬਾਲ ਮੇਲੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਸਮੂਹ ਸਰਕਾਰੀ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਾਲ ਮੇਲੇ ਬੜੀ ਧੂਮਧਾਮ ਨਾਲ਼ ਮਨਾਏ ਗਏ। ਜਿਨ੍ਹਾਂ ਦੀ ਤਿਆਰੀ ਪਿਛਲੇ ਕੁਝ ਦਿਨਾਂ ਤੋਂ ਅਧਿਆਪਕਾਂ ਦੁਆਰਾ ਕੀਤੀ ਗਈ ਹੈ। ਉਹਨਾਂ ਵੱਲੋਂ ਸਰਕਾਰੀ ਹਾਈ ਸਕੂਲ ਫੇਜ਼ 5 ਅਤੇ ਹਾਈ ਸਕੂਲ ਰਡਿਆਲਾ ਵਿਖੇ ਸ਼ਿਰਕਤ ਕੀਤੀ ਜਿੱਥੇ ਵਿਦਿਆਰਥੀਆਂ ਦੁਆਰਾ ਆਪਣੀਆਂ ਸ਼ਾਨਦਾਰ ਕਲਾਕਾਰੀਆਂ ਨਾਲ਼ ਸੱਭ ਦਾ ਮਨ ਮੋਹ ਲਿਆ। ਸਕੂਲ ਪ੍ਰਬੰਧਕਾਂ ਵੱਲੋਂ ਮੁੱਖ ਦਰਵਾਜ਼ੇ ਤੇ ਪਹੁੰਚਣ ਵਾਲ਼ੇ ਮਹਿਮਾਨਾਂ ਵਿੱਚ ਮਾਪਿਆਂ ਅਤੇ ਪਤਵੰਤਿਆਂ ਦੇ ਸਵਾਗਤ ਲਈ ਪ੍ਰਬੰਧ ਲਾ-ਜਵਾਬ ਸਨ। ਕੁਝ ਸਕੂਲਾਂ ਵਿੱਚ ਰੰਗੋਲੀ ਸਜਾਈ ਹੋਈ ਸੀ।
ਉਹਨਾਂ ਦੁਆਰਾ ਬਾਲ ਮੈਗਜ਼ੀਨ ਦੀ ਘੁੰਡ ਚੁਕਾਈ ਕਰਕੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਬਾਲ ਰਸਾਲੇ ਜਾਰੀ ਕਰਨ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਦੱਸਿਆ ਕਿ ਅੱਜ ਨਵੇਂ ਵਿੱਦਿਅਕ ਸੈਸ਼ਨ ਲਈ 'ਦਾਖ਼ਲਾ ਮੁਹਿੰਮ' ਦੀ ਸ਼ੁਰੂਆਤ ਵੀ ਉਹਨਾਂ ਦੁਆਰਾ ਕੀਤੀ ਗਈ ਅਤੇ ਸਕੂਲਾਂ ਵਿੱਚ ਵੀ ਇਸ ਸੰਬੰਧੀ ਦਾਖ਼ਲਾ ਰੈਲੀ, ਦਾਖ਼ਲਾ ਅਨਾਊਂਸਮੈਂਟ ਅਤੇ ਦਾਖ਼ਲਾ ਸਟਾਲ ਦਾ ਪ੍ਰਬੰਧ ਕਰਕੇ 'ਦਾਖ਼ਲਾ ਮੁਹਿੰਮ' ਦਾ ਆਗਾਜ਼ ਕੀਤਾ ਗਿਆ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਸੋਹਾਣਾ ਵਿਖੇ ਬਾਲ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਬਾਲ ਰਸਾਲੇ ਦੀ ਘੁੰਡ ਚੁਕਾਈ ਕੀਤੀ ਗਈ। ਉਹਨਾਂ ਦੁਆਰਾ ਇਸ ਸਕੂਲ ਵਿੱਚ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਪ੍ਰੰਪਰਾਗਤ ਖੇਡਾਂ ਨਾਲ਼ ਪਹੁੰਚੇ ਮਾਪਿਆਂ,ਪਤਵੰਤਿਆਂ ਅਤੇ ਮੁੱਖ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ। ਸਕੂਲਾਂ ਵਿੱਚ ਲਾਇਬ੍ਰੇਰੀ ਲੰਗਰ ਤਹਿਤ ਕਿਤਾਬਾਂ ਦੇ ਸਟਾਲ ਵੀ ਲਗਾਏ ਗਏ ਸਨ। ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਮਹਿਮਾਨਾਂ ਲਈ ਚਾਹ, ਬਿਸਕੁਟ, ਪਕੌੜੇ,ਬਰੈੱਡ,ਹਲਵਾ ਪੂਰੀ, ਛੋਲੇ ਪਨੀਰ ਆਦਿ ਦਾ ਲੰਗਰ ਵੀ ਲਗਾਇਆ ਗਿਆ। ਸਰਕਾਰੀ ਹਾਈ ਸਕੂਲ ਕਰਾਲਾ ਵਿਖੇ ਸਕੂਲ ਮੁਖੀ ਪ੍ਰਰੇਨਾ ਛਾਬੜਾ ਦੀ ਅਗਵਾਈ ਵਿੱਚ ਦਾਖਲਾ ਮੁਹਿੰਮ ਤਹਿਤ ਰੈਲੀ ਕੱਢੀ ਗਈ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੁਆਰਾ ਬਾਲ ਦਿਵਸ ਨੂੰ ਸਮਰਪਿਤ 'ਬਾਲ ਮੇਲੇ',ਦਾਖ਼ਲਾ ਮੁਹਿੰਮ' ਅਤੇ ਬਾਲ ਰਸਾਲੇ ਰਲੀਜ਼ ਕਰਨ ਸੰਬੰਧੀ ਫੋਟੋ ਅਤੇ ਵੀਡਿਓ ਮਾਪਿਆਂ ਅਤੇ ਪਤਵੰਤਿਆਂ ਦੇ ਸੋਸ਼ਲ ਮੀਡੀਆ ਨੈੱਟਵਰਕ ਤੇ ਪਾਈਆਂ ਗਈਆਂ ਤਾਂ ਕਿ ਸਕੂਲੀਂ ਬੱਚਿਆਂ ਦੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
No comments:
Post a Comment