ਐਸ.ਏ.ਐੱਸ. ਨਗਰ 10 ਦਸੰਬਰ : ਲਗਭਗ ਮਹੀਨਾ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਪਾਰ ਦੇ ਨਵੇਂ ਆਈਡੀਆ ਇਜ਼ਾਦ ਕਰਨ ਅਤੇ ਉਹਨਾਂ ਨੂੰ ਆਪਣੇ ਅਧਿਆਪਕਾਂ ਅਤੇ ਪੀਅਰ ਗੁਰੱਪ ਨਾਲ ਸਾਂਝੇ ਕਰਕੇ ਟੀਮ ਵਰਕ ਨਾਲ ਕੰਮ ਕਰਨ ਦੀ ਸਮਰੱਥਾ ਨੂੰ ਵਿਕਸਤ ਕਰਨ ਲਈ ਸ਼ੁਰੂ ਕੀਤੇ ਬਿਜ਼ਨਸ ਬਲਾਸਟਰ ਯੰਗ ਓਂਟਰੋਪ੍ਰੋਨਿਓਰ ਸਕੂਮ ਵਿੱਚ ਵਿਦਿਆਰਥੀਆਂ ਨੇ ਭਰਵੀਂ ਰੁਚੀ ਦਿਖਾਈ ਹੈ। ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਚਲ ਰਹੇ ਇਸ ਪ੍ਰੋਗਰਾਮ ਨੂੰ ਸਫ਼ਲ ਅੰਜ਼ਾਮ ਦੇਣ ਲਈ ਮੁੱਖ ਦਫ਼ਤਰ ਵੱਲੋਂ ਸਕੂਲ ਮੁਖੀਆਂ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਦੋ ਦਿਨਾਂ ਵਿਸ਼ੇਸ਼ ਸਿਖਲਾਈ ਵੀ ਕਰਵਾਈ ਗਈ ਸੀ। ਇਸ ਸਿਖਲਾਈ ਦੌਰਾਨ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਆਪਣੇ-ਆਪਣੇ ਸਕੂਲਾਂ ਵਿੱਚ ਇਸ ਬਿਜ਼ਨਸ ਬਲਾਸਟਰ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਬਾਰੇ ਵਚਨਬੱਧਤਾ ਪ੍ਰਗਟਾਈ ਸੀ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਸਟੇਟ ਕੋਆਰਡੀਨੇਟਰ ਜੋਤੀ ਸੋਨੀ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ 9 ਜ਼ਿਲ੍ਹਿਆਂ ਦੇ ਗਿਆਰ੍ਹਵੀਂ ਦੇ ਸਾਰੇ ਵਿਦਿਆਰਥੀਆਂ ਦੀ ਇਸ ਬਿਜ਼ਨਸ ਬਲਾਸਟਰ ਯੰਗ ਓਂਟਰੋਪ੍ਰੋਨਿਓਰ ਸਕੀਮ ਲਈ ਰਜਿਸਟ੍ਰੇਸ਼ਨ ਕੀਤੀ ਗਈ ਹੈ। ਇਹ ਪ੍ਰੋਗਰਾਮ ਵਿਭਾਗ ਵੱਲੋਂ ਨਿਰਧਾਰਿਤ ਟਾਇਮ ਲਾਈਨ ਅਨੁਸਾਰ ਵਧੀਆ ਢੰਗ ਨਾਲ ਸਕੂਲਾਂ ਵਿੱਚ ਚਲ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਦੇ ਰਿਸੋਰਸ ਪਰਸਨ ਵਿਦਿਆਰਥੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧੀਆ ਢੰਗ ਨਾਲ ਪ੍ਰੇਰਿਤ ਕਰ ਰਹੇ ਹਨ। ਸਕੂਲਾਂ ਦੇ ਨੇੜਲੇ ਖੇਤਰਾਂ ਦੇ ਉੱਘੇ ਓਂਟਰੋਪ੍ਰੋਨਿਓਰ ਵੀ ਸਕੂਲਾਂ ਵਿੱਚ ਆ ਕੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ। ਵਿਦਿਆਰਥੀਆਂ ਦੇ ਮਾਪਿਆਂ ਦੀ ਵੀ ਅਧਿਆਪਕਾਂ ਅਤੇ ਰਿਸੋਰਸ ਪਰਸਨ ਦੁਆਰਾ ਕਾਉਂਸਲਿੰਗ ਕੀਤੀ ਜਾ ਰਹੀ ਹੈ ਅਤੇ ਇਸ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
No comments:
Post a Comment