ਐਸ.ਏ.ਐਸ ਨਗਰ 27 ਦਸੰਬਰ : ਸ਼ੀਤ ਲਹਿਰ ਦੇ ਮੱਦੇਨਜਰ ਪੈ ਰਹੀ ਧੁੰਦ ਦੇ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਵੱਲੋਂ ਸਕੱਤਰ ਆਰ.ਟੀ.ਏ, ਮਿਊਂਸਪਲ ਕਾਰਪੋਰੇਸ਼ਨ ਗਮਾਡਾ,ਪੀ.ਡਬਲਿਊ,ਡੀ ਦੇ ਅਧਿਕਾਰੀਆਂ ਸਮੇਤ ਟਰੈਫਿਕ ਪੁਲਿਸ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾ ਧੁੰਦ ਕਾਰਨ ਹਾਦਸਿਆਂ ਨੂੰ ਟਾਲਣ ਲਈ ਸਬੰਧਤ ਵਿਭਾਗਾਂ ਨੂੰ ਜਰੂਰੀ ਇੰਤਜਾਮ ਫੋਰੀ ਤੌਰ ਤੇ ਕਰਨ ਦੇ ਹੁਕਮ ਜਾਰੀ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਨੇ ਜਿਲੇ ਵਿੱਚ ਸ਼ੀਤ ਲਹਿਰ ਕਾਰਨ ਪੈ ਰਹੀ ਧੁੰਦ ਅਤੇ ਧੁੰਦ ਕਾਰਨ ਵਾਪਰ ਰਹੇ ਸੜਕੀ ਹਾਦਸਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਸਕੱਤਰ ਆਰ.ਟੀ.ਏ ਨੂੰ ਇਹ ਨਿਰਦੇਸ਼ ਦਿੱਤੇ ਕਿ ਰੋਡ ਸੇਫਟੀ ਵੀਕ ਦੇ ਤਹਿਤ ਇੱਕ ਵਿਆਪਕ ਮੁਹਿੰਮ ਪੂਰੇ ਜਿਲ੍ਹੇ ਵਿੱਚ ਚਲਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜਿਲ੍ਹੇ ਵਿੱਚ ਚੱਲਣ ਵਾਲੇ ਸਾਰੇ ਵਪਾਰਕ ਵਾਹਨਾਂ ਦੇ ਪਿੱਛੇ ਰਿਫਲੈਕਟਰ ਟੇਪ ਲੱਗੀ ਹੋਵੇ। ਇਸ ਦੇ ਨਾਲ ਹੀ ਉਨ੍ਹਾ ਸਕੱਤਰ ਆਰ.ਟੀ.ਏ ਨੂੰ ਸਕੂਲ ਬੱਸਾਂ ਦੇ ਪਿਛੇ ਵੀ ਰਿਫਲੈਕਟਰ ਟੇਪ ਲੱਗੇ ਹੋਣ ਨੂੰ ਯਕੀਨੀ ਬਣਾਉਣ ਨੂੰ ਕਿਹਾ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਮਿਊਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਕਿ ਸੜਕਾਂ ਤੇ ਫਿਰਨ ਵਾਲੇ ਅਵਾਰਾ ਪਸ਼ੂਆਂ ਦੇ ਗਲਿਆਂ ਵਿੱਚ ਰੇਡਿਅਮ ਟੇਪ ਲਗਾਉਣ ਸਬੰਧੀ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਰਾਤ ਸਮੇਂ ਪਸ਼ੂਆਂ ਕਾਰਨ ਕੋਈ ਸੜਕੀ ਹਾਦਸਾ ਨਾ ਵਾਪਰ ਸਕੇ। ਡੀਸੀ ਵੱਲੋਂ ਮਿਊਂਸਪਲ ਕਾਰਪੋਰੇਸ਼ਨ, ਗਮਾਡਾ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਰਾਤ ਸਮੇਂ ਉਹਨਾਂ ਦੇ ਖੇਤਰ ਵਿੱਚ ਪੈਂਦੀਆਂ ਸੜਕਾਂ ਉਪਰ ਲਾਈਟ ਦਾ ਮੁਕੰਮਲ ਪ੍ਰਬੰਧ ਹੋਵੇ ਅਤੇ ਕੋਈ ਵੀ ਲਾਈਟ ਖਰਾਬੀ ਕਾਰਨ ਬੰਦ ਨਾ ਹੋਵੇ। ਮਿਊਂਸਪਲ ਕਾਰਪੋਰੇਸ਼ਨ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਾਲੀਆਂ ਸੜਕਾਂ ਉਪਰ ਸਪੀਡ ਲਿਮਟ ਨੂੰ ਦਰਸਾਉਂਦੇ ਸਾਈਨ ਬੋਰਡ ਲਗਾਉਣ ਦੀ ਹਦਾਇਤ ਜਾਰੀ ਕੀਤੀ ਗਈ। ਐਮ.ਸੀ ਤੇ ਗਮਾਡਾ ਦੇ ਅਧਿਕਾਰੀਆਂ ਨੂੰ ਸੜਕਾਂ ਉਤੇ ਚਿੱਟੀ ਲਾਈਨ ਦੀ ਮਾਰਕਿੰਗ ਅਤੇ ਜ਼ੈਬਰਾ ਕਰਾਸਿੰਗ ਵਾਲੀਆਂ ਲਾਈਨਾ ਨੂੰ ਦੋਬਾਰਾ ਪੇਂਟ ਕਰਨ ਦੀ ਹਦਾਇਤ ਦਿਤੀ ਗਈ।
ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਕਿ ਸੜਕਾਂ ਤੇ ਲਗਾਈ ਗਈ ਬੈਰਿਕੇਡਿੰਗ ਉਪਰ ਵੀ ਰਿਫਲੈਕਟਰ ਟੇਪ ਲਗਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਨਾਕਾ ਚੁੱਕੇ ਜਾਣ ਮਗਰੋਂ ਬੈਰੀਕੇਡਿੰਗ ਸੜਕਾਂ ਤੋਂ ਹਟਾ ਦਿਤੀ ਜਾਵੇ ਤਾਂ ਜੋ ਇਹ ਕਿਸੇ ਦੁਰਘਟਨਾ ਦਾ ਕਾਰਨ ਨਾ ਬਣੇ। ਇਸ ਦੇ ਨਾਲ ਹੀ ਟਰੈਫਿਕ ਪੁਲਿਸ ਨੂੰ ਪ੍ਰਾਈਵੇਟ ਏਜੰਸੀ ਹਾਇਰ ਕਰਕੇ ਉਹਨਾਂ ਦੀਆਂ ਰਿਕਵਰੀ ਵੈਨਾਂ ਰਾਹੀਂ ਗਲਤ ਪਾਰਕ ਕੀਤੀਆਂ ਗੱਡੀਆਂ ਨੂੰ ਚੁੱਕੇ ਜਾਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਵੀ ਕਿਹਾ ਗਿਆ।
ਇਸ ਮੌਕੇ ਆਰ.ਟੀ.ਏ ਸਕੱਤਰ ਸ੍ਰੀਮਤੀ ਪੂਜਾ ਸਿਆਲ, ਮਿਊਂਸਪਲ ਕਾਰਪੋਰੇਸ਼ਨ ਅਤੇ ਗਮਾਡਾ ਦੇ ਅਧਿਕਾਰੀਆਂ ਤੋਂ ਇਲਾਵਾ ਟਰੈਫਿਕ ਪੁਲਿਸ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment