ਫਤਹਿਗੜ੍ਹ ਸਾਹਿਬ, 27 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਅਕੀਦਤ ਭੇਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜ਼ਾਲਮ ਮੁਗ਼ਲ ਸ਼ਾਸਨ ਖ਼ਿਲਾਫ਼ ਜੂਝਦਿਆਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੇ ਇਸ ਸਥਾਨ ਉਤੇ ਮਾਤਾ ਗੁਜਰੀ ਜੀ ਸਮੇਤ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਸਥਾਨ ਨਾ ਸਿਰਫ਼ ਸਿੱਖ ਭਾਈਚਾਰੇ ਲਈ, ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮਹੀਨੇ ਨੂੰ ਸਮੁੱਚੇ ਪੰਜਾਬ ਵਿੱਚ ‘ਸੋਗ ਦੇ ਮਹੀਨੇ’ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਚਿਣਿਆ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਨਿੱਕੀ ਉਮਰੇ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਇਸ ਅਦੁੱਤੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਸਮਾਜ ਦੇ ਹਰੇਕ ਵਰਗ ਦੇ ਲੋਕ ਇਨ੍ਹੀਂ ਦਿਨੀਂ ਫਤਹਿਗੜ੍ਹ ਸਾਹਿਬ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਇੰਨੀ ਛੋਟੇ ਉਮਰੇ ਦਿੱਤੀ ਕੁਰਬਾਨੀ ਦੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਕੋਈ ਹੋਰ ਮਿਸਾਲ ਨਹੀਂ ਮਿਲਦੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਵੱਲੋਂ ਇਸ ਸਥਾਨ ਉਤੇ ਦਿੱਤੀ ਸ਼ਹਾਦਤ ਸਦੀਆਂ ਤੋਂ ਪੰਜਾਬੀਆਂ ਨੂੰ ਜਬਰ-ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਜੂਝਣ ਲਈ ਪ੍ਰੇਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਸੂਬੇ ਖ਼ਿਲਾਫ਼ ਮਿਸਾਲੀ ਸਾਹਸ ਤੇ ਨਿਡਰਤਾ ਦੀ ਮਹਾਨ ਪ੍ਰੰਪਰਾ ਦਾ ਸਬੂਤ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਪੀੜ੍ਹੀਆਂ ਨੂੰ ਇਸ ਲਾਮਿਸਾਲ ਕੁਰਬਾਨੀ ਬਾਰੇ ਜਾਨਣਾ ਅਤੇ ਇਸ ਤੋਂ ਦੇਸ਼ ਦੀ ਸੇਵਾ ਲਈ ਆਪਾ ਵਾਰਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।
No comments:
Post a Comment