ਐਸ.ਏ.ਐਸ ਨਗਰ 5 ਦਸੰਬਰ : ਜਿਲ੍ਹਾ ਐਸ.ਏ.ਐਸ ਨਗਰ ਵਿੱਚੋਂ ਨਸ਼ਿਆ ਦੇ ਮੁਕੰਮਲ ਸਫਾਏ ਅਤੇ ਕਾਨੂੰਨ ਅਤੇ ਵਿਵਸਥਾ ਦੇ ਬਾਕੀ ਮੁੱਦਿਆ ਦੇ ਵਿਸ਼ੇ ਤੇ ਅੱਜ ਮੈਡਮ ਅਨਮੋਲ ਗਗਨ ਮਾਨ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਵੱਲੋਂ ਐਸ.ਐਸ.ਪੀ. ਦਫ਼ਤਰ ਵਿਖੇ ਜਿਲ੍ਹੇ ਦੇ ਸਮੂਹ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਐਸ.ਐਸ.ਪੀ.ਡਾ.ਸੰਦੀਪ ਗਰਗ ਤੋਂ ਇਲਾਵਾ ਐਸ.ਪੀ, ਡੀਐਸਪੀ. ਅਤੇ ਐਸ.ਐਚ.ਓ ਪੱਧਰ ਦੇ ਅਧਿਕਾਰੀ ਵੀ ਸ਼ਾਮਿਲ ਸਨ ।
ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੈਡਮ ਅਨਮੋਲ ਗਗਨ ਮਾਨ ਨੇ ਜਿਲ੍ਹਾ ਐਸ.ਏ.ਐਸ ਨਗਰ ਦੇ ਕਈ ਪਿੰਡਾਂ ਵਿੱਚ ਨਸ਼ੇ ਦੇ ਛੋਟੇ ਵਪਾਰੀਆਂ ਵੱਲੋਂ ਪਿੰਡਾਂ ਦੇ ਮਾਸੂਮ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਉਨ੍ਹਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਦੀਆਂ ਖਬਰਾਂ ਦਾ ਜਿਕਰ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਸੌਦਾਗਰਾਂ ਨੂੰ ਵੱਡੇ ਪੱਧਰ ਤੇ ਜੇਲ੍ਹਾ ਅੰਦਰ ਡੱਕਿਆ ਗਿਆ ਹੈ ਪਰ ਅਜੇ ਵੀ ਪਿੰਡਾਂ ਵਿੱਚ ਕਈ ਛੋਟੇ ਛੋਟੇ ਨਸ਼ੇ ਦੇ ਸੌਦਾਗਰ ਨੌਜਵਾਨਾਂ ਨੂੰ ਨਸ਼ਾ ਵੇਚ ਰਹੇ ਹਨ ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਿੰਡ ਪੱਧਰ ਤੱਕ ਆਪਣਾ ਨੈਟਵਰਕ ਹੋਰ ਮਜਬੂਤ ਕੀਤਾ ਜਾਵੇ ਅਤੇ ਚੌਕਸੀ ਵਧਾ ਕਿ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਵੀ ਛੇਤੀ ਫੜਿਆ ਜਾਵੇ । ਉਨ੍ਹਾਂ ਕਿਹਾ ਕਿ ਪੁਲਿਸ ਨੂੰ ਆਪਣੀਆਂ ਜਿਮੇਵਾਰੀਆਂ ਨਿਭਾਉਦੇ ਹੋਏ ਥਾਣਿਆ ਵਿੱਚ ਆਪਣੀਆਂ ਦਰਖਾਸਤਾ ਲੈ ਕੇ ਪਹੁੰਚਣ ਵਾਲੇ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ ਪ੍ਰਸ਼ਾਸਨ ਦਾ ਜਨਤਾ ਨਾਲ ਵਧੀਆ ਤਾਲਮੇਲ ਬਣਿਆ ਰਹੇ।
ਕੈਬਨਿਟ ਮੰਤਰੀ ਵੱਲੋਂ ਜਿਲ੍ਹਾ ਪੁਲਿਸ ਦੀ ਕਾਰਗੁਜਾਰੀ ਦੀ ਸਲਾਘਾ ਕੀਤੀ ਜਿਨ੍ਹਾ ਪਿਛਲੇ ਕੁੱਝ ਸਮੇਂ ਵਿੱਚ ਵੱਡੇ ਗੈਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਇਸ ਮੌਕੇ ਡਾ. ਸੰਦੀਪ ਗਰਗ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਗਿਆ ਕਿ ਅੱਗੇ ਵੀ ਜਿਲ੍ਹਾ ਪੁਲਿਸ ਫੋਰਸ ਪੂਰੀ ਚੌਕਸੀ ਨਾਲ ਕੰਮ ਕਰਦੀ ਰਹੇਗੀ ।
ਇਸ ਮੌਕੇ ਐਸ.ਪੀ.(ਆਰ) ਨਵਰੀਤ ਸਿੰਘ ਵਿਰਕ, ਡੀ.ਐਸ.ਪੀ ਖਰੜ-2 ਧਰਮਵੀਰ ਸਿੰਘ, ਡੀ.ਐਸ.ਪੀ ਖਰੜ-1 ਰੁਪਿੰਦਰ ਕੌਰ ਸੋਹੀ ਤੋਂ ਇਲਾਵਾ ਹੋਰ ਥਾਣਿਆਂ ਦੇ ਮੁੱਖ ਅਫਸਰ ਮੌਜੂਦ ਸਨ।
No comments:
Post a Comment