ਚੰਡੀਗੜ੍ਹ, 21 ਜਨਵਰੀ :ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਐਮੀਨੈਂਸ ਸਕੂਲ ਦੇ ਪ੍ਰੋਜੈਕਟ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਮੀਨੈਂਸ ਸਕੂਲ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਲਈ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਸ਼ਵਾਸ ਦੀ ਹੈ, ਮਾਪੇ ਅਧਿਆਪਕਾਂ ਦੇ ਹੱਥ ਇਸ ਵਿਸ਼ਵਾਸ ਨਾਲ ਫੜ੍ਹਾ ਜਾਂਦੇ ਹਨ ਕਿ ਤੁਸੀਂ ਇਸ ਨੂੰ ਕੁਝ ਬਣਾ ਦਿਓ। ਉਨ੍ਹਾਂ ਕਿਹਾ ਕਿ ਐਮੀਨੈਂਸ ਸਕੂਲ ਨੂੰ ਜੇਕਰ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਹੁਨਰ ਨੂੰ ਤਲਾਸ਼ਣ ਵਾਲਾ ਸਕੂਲ। ਉਨ੍ਹਾਂ ਕਿਹਾ ਕਿ ਹੁਨਰ ਕੋਈ ਅਮੀਰੀ ਗਰੀਬੀ ਨਹੀਂ ਦੇਖਦਾ। ਇਸ ਸਮਾਗਮ ਵਿੱਚ 117 ਐਮੀਨੈਂਸ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੰਗਾਪੁਰ ਜਾ ਰਹੇ 36 ਪ੍ਰਿੰਸੀਪਲ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਪਹਿਲਾਂ ਤੋਂ ਹੀ ਸੁਪਨਾ ਸੀ ਕਿ ਸਕੂਲਾਂ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰ, ਡੀਸੀ ਅਤੇ ਮੰਤਰੀਆਂ ਦੇ ਬੱਚੇ ਇਕੋ ਬੈਂਚ ਉਤੇ ਬੈਠ ਕੇ ਪੜ੍ਹਨਗੇ। ਬਾਕੀ ਮਰਜ਼ੀ ਮਾਪਿਆ ਦੀ ਹੋਵੇਗੀ ਕਿ ਫੀਸਾਂ ਵਾਲੇ ਸਕੂਲਾਂ ਵਿਚ ਪੜ੍ਹਾਉਣਾ ਜਾਂ ਮੁਫਤ ਵਾਲਿਆਂ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਮੀਨੈਂਸ ਸਕੂਲਾਂ ਦੇ ਨਾਮ ਸ਼ਹੀਦਾਂ ਅਤੇ ਦੇਸ਼ ਆਜ਼ਾਦੀ ਫਰੀਡਮ ਫੈਕਟਰਾਂ ਦੇ ਨਾਮ ਉਤੇ ਰੱਖੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਾਗਜ਼ਾਂ ਦੇ ਵਿੱਚ ਹੀ ਪਹਿਲੇ ਨੰਬਰ ਉਤੇ ਦਿਖਾਇਆ ਜਾਂਦਾ ਸੀ, ਜੇਕਰ ਕੋਈ ਦੇਖਣ ਆਉਂਦਾ ਤਾਂ ਜ਼ਿੰਦਾ ਲਗਾ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਆਪਣਿਆਂ ਨੇ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਐਵੇਂ ਕਾਗਜ਼ਾਂ ਵਿੱਚ ਨੰਬਰ ਬਣਾਇਆ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁਗਲ ਤਾਂ ਲੁੱਟਣ ਦੇ ਲਈ ਹੀ ਇੱਥੇ ਆਉਂਦੇ ਰਹੇ ਹਨ, ਅੰਗਰੇਜ਼ ਵੀ ਲੁੱਟਣ ਦੇ ਲਈ ਆਏ ਸਨ, ਪਰ ਆਪਣਿਆਂ ਨੇ ਕੀ ਕੀਤਾ।
No comments:
Post a Comment