ਐਸ.ਏ.ਐਸ ਨਗਰ 18 ਜਨਵਰੀ : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਗਾਂਹਵਧੂ ਕਿਸਾਨ ਸ੍ਰੀ ਰਾਜਵੀਰ ਸਿੰਘ ਪਿੰਡ ਨੱਗਲ ਫੈਜਗੜ੍ਹ ਬਲਾਕ ਖਰੜ ਦੇ ਫਸਲੀ ਵਿਭਿੰਨਤਾ ਤਹਿਤ ਆਤਮਾ ਸਕੀਮ ਅਧੀਨ ਬਿਜਾਏ ਸਰੋਂ ਦੀ ਫਸਲ ਦੇ ਪ੍ਰਦਰਸ਼ਨੀ ਪਲਾਂਟ ਦਾ ਨਿਰੀਖਣ ਮੁੱਖ ਖੇਤੀਬਾੜੀ ਅਫਸਰ ਡਾ.ਗੁਰਬਚਨ ਸਿੰਘ ਵੱਲੋਂ ਕੀਤਾ ਗਿਆ। ਸਰੋਂ ਅਤੇ ਗੰਨੇ ਦੀ ਫਸਲ (ਇੰਟਰਕਰਾਪਿੰਗ) ਦਾ ਨਿਰੀਖਣ ਕਰਦੇ ਹੋਏ ਵੇਖਿਆ ਗਿਆ ਕਿ ਸਰੋਂ ਦੀ ਫਸਲ ਤੇ ਕਿਤੇ-ਕਿਤੇ ਤੇਲਾ (ਚੇਪਾ) ਦਾ ਹਮਲਾ ਵੇਖਣ ਨੂੰ ਮਿਲਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਇਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਸਰੋਂ ਦੀ ਫਸਲ ਤੇ ਇਕਟਾਰਾ 25 ਡਬਲਿਯੂ ਜੀ 40 ਗ੍ਰਾਮ ਦਵਾਈ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤੀ ਜਾਵੇ। ਇਸ ਮੌਕੇ ਅਗਾਂਹਵਧੂ ਕਿਸਾਨ ਰਾਜਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਪਾਣੀ ਦੀ ਸਾਂਭ-ਸੰਭਾਲ ਲਈ ਆਪਣੇ ਖੇਤ ਵਿੱਚ ਇੱਕ ਟੋਬਾ ਬਣਾਇਆ ਹੈ ਜਿਸ ਵਿੱਚ ਬਰਸਾਤੀ ਪਾਣੀ ਇੱਕਠਾ ਕਰ ਕੇ ਵੱਖ-ਵੱਖ ਫਸਲਾਂ ਜਿਵੇਂ ਆਲੂ, ਕਣਕ, ਸਰੋਂ ਅਤੇ ਗੰਨਾ ਆਦਿ ਦੀ ਸਿੰਚਾਈ ਕੀਤੀ ਜਾਂਦੀ ਹੈ ਜਿਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ।
ਇਸ ਮੌਕੇ ਡਾ. ਜਗਦੀਪ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੱਸਿਆ ਕਿ ਜਿਵੇਂ ਹੁਣ ਦਾ ਤਾਪਮਾਨ ਸਰੋਂ ਦੀ ਫਸਲ ਤੇ ਚਿੱਟੀ ਕੂੰਗੀ ਲਈ ਬਹੁਤ ਢੁੱਕਵਾਂ ਹੈ। ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਆਪਣੇ ਖੇਤਾਂ ਦਾ ਨਿਰੰਤਰ ਦੌਰਾ ਕਰਦੇ ਰਹਿਣ। ਜੇਕਰ ਸਰੋਂ ਦੀ ਫਸਲ ਤੇ ਚਿੱਟੀ ਕੂੰਗੀ ਦਾ ਹਮਲਾ ਹੋਵੇ ਤਾਂ ਰਿਡੋਮਿਲ ਗੋਲਡ 200 ਗ੍ਰਾਮ 100 ਲੀਟਰ ਪਾਣੀ ਵਿੱਚ ਘੋਲ ਕਿ ਸਪਰੇਅ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸ੍ਰੀ ਸ਼ਵਿੰਦਰ ਕੁਮਾਰ , ਸ੍ਰੀ ਮਨਪ੍ਰੀਤ ਸਿੰਘ ਏ.ਟੀ.ਐਮ.ਅਤੇ ਕਿਸਾਨ ਪਵਿੱਤਰ ਸਿੰਘ, ਜਸਵੀਰ ਸਿੰਘ ਹਾਜ਼ਰ ਸਨ।
No comments:
Post a Comment