SBP GROUP

SBP GROUP

Search This Blog

Total Pageviews

*ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਸਾਹਿਤ ਸਿਰਜਣ ਮੁਕਾਬਲਿਆਂ ਦਾ ਆਯੋਜਨ*

ਐੱਸ. ਏ. ਐੱਸ. ਨਗਰ, 7 ਫਰਵਰੀ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਅੱਜ ਇਥੇ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਹਿੰਦੀ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂੰ ਕਰਵਾਇਆ ਗਿਆ। ਹਿੰਦੀ ਸਾਹਿਤ ਸਿਰਜਣ ਮੁਕਾਬਲਿਆਂ ਦੀ ਰੂਪਰੇਖਾ ਸਾਂਝੀ ਕਰਦੇ ਹੋਏ ਉਨ੍ਹਾ ਕਿਹਾ ਕਿ ਹਿੰਦੀ ਸਾਹਿਤ ਸਿਰਜਣ ਮੁਕਾਬਲੇ ਵਿਦਿਆਰਥੀਆਂ ਦੇ ਸਿਰਜਣਾਤਮਕ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਲਿਆਉਣ ਦਾ ਇੱਕ ਯਤਨ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ਼੍ਰੀ ਅਸ਼ਵਨੀ ਦੱਤਾ ਨੇ ਕਿਹਾ ਕਿ ਇਹ ਮੁਕਾਬਲੇ ਸਲਾਹੁਣਯੋਗ ਉੱਦਮ ਹਨ। ਉਨ੍ਹਾਂ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਇਨ੍ਹਾਂ ਮੁਕਾਬਲਿਆਂ ਦੇ ਹਿੱਸਾ ਬਣਨ ਦੀ ਅਪੀਲ ਕੀਤੀ।


ਇਨ੍ਹਾਂ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਸਕੂਲਾਂ ਦੇ ਕੁੱਲ 110 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਕਵਿਤਾ ਗਾਇਨ ਮੁਕਾਬਲੇ ਲਈ 35, ਲੇਖ ਰਚਨਾ ਲਈ  41, ਕਹਾਣੀ ਰਚਨਾ ਲਈ 25 ਅਤੇ ਕਵਿਤਾ ਰਚਨਾ ਲਈ 09 ਵਿਦਿਆਰਥੀ ਸ਼ਾਮਲ ਸਨ। ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਲਈ ਪ੍ਰਵਾਨਿਤ ਕਵੀ ਸੂਰਦਾਸ, ਮੀਰਾਂਬਾਈ, ਸੁਰੇਸ਼ ਚੰਦਰ ਵਾਤਸਾਇਨ, ਕੁਮਾਰ ਵਿਕਲ, ਦੇਵ ਰਾਜ ਦਿਨੇਸ਼, ਮਹਾਂਦੇਵੀ ਵਰਮਾ, ਸੂਰਯ ਕਾਂਤ ਤ੍ਰਿਪਾਠੀ ਨਿਰਾਲਾ, ਹਰਿਵੰਸ਼ ਰਾਏ ਬੱਚਨ, ਸੁਮਿੱਤਰਾ ਨੰਦਨ ਪੰਤ ਦੀਆਂ ਕਵਿਤਾਵਾਂ ਨੂੰ 35 ਵਿਦਿਆਰਥੀਆਂ ਦੁਆਰਾ ਕਵਿਤਾ ਗਾਇਨ ਦੇ ਰੂਪ 'ਚ ਪੇਸ਼ ਕਰਦਿਆਂ ਸ੍ਰੋਤਿਆਂ ਨੂੰ ਝੂੰਮਣ ਲਾ ਦਿੱਤਾ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ  ਲਈ ‘ਮੇਰਾ ਦੇਸ਼’, ‘ਫੂਲੋਂ ਕੀ ਬਗਿਆ’, ‘ਸ਼ਿਕਸ਼ਕ’ ਸਿਰਲੇਖ ਮੌਕੇ ’ਤੇ ਦਿੱਤੇ ਗਏ ਅਤੇ ਇਸ ਵਿੱਚ 09 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਲੇਖ ਰਚਨਾ ਮੁਕਾਬਲੇ  ਲਈ ‘ਮਨੁਸ਼ਯ ਔਰ ਭਾਸ਼ਾ’, ‘ਪਰਿਆਵਰਣ ਔਰ ਆਨੇ ਵਾਲਾ ਕੱਲ੍ਹ’, ‘ਆਪਣਾ-ਆਪਣਾ ਦ੍ਰਿਸ਼ਟੀਕੋਣ’ ਵਿਸ਼ੇ ਮੌਕੇ ’ਤੇ ਦਿੱਤੇ ਗਏ ਅਤੇ ਇਸ ਵਿੱਚ 41 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਕਹਾਣੀ ਰਚਨਾ ਮੁਕਾਬਲੇ  ਲਈ ‘ਪਰਿਸ਼ਰਮ ਔਰ ਸਫ਼ਲਤਾ’, ‘ਮੈਂ ਘਰ ਸੇ ਨਿਕਲਾ ਔਰ ਅਚਾਨਕ.......’, ‘ਦਾਦੀ ਮਾਂ ਸੇ ਸੁਨੀ ਕਹਾਣੀ’ ਵਿਸ਼ੇ ਮੌਕੇ ’ਤੇ ਦਿੱਤੇ ਗਏ ਅਤੇ 25 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਸਾਰੀਆਂ ਹੀ ਵਿਧਾਵਾਂ ਵਿੱਚ ਜਬਰਦਸਤ ਮੁਕਾਬਲਾ ਅਤੇ ਰੌਚਕਤਾ ਵੇਖਣ ਵਾਲੀ ਸੀ।

ਕਵਿਤਾ ਰਚਨਾ ਵਿੱਚ ਪਹਿਲਾ ਸਥਾਨ ਹੰਸਿਕਾ ਮੇਹਰਾ (ਸ.ਕੰ.ਸ.ਸ.ਸ.ਸੋਹਾਣਾ),  ਦੂਜਾ ਸਥਾਨ ਗੁਨਗੁਨ ਦੇ (ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ) ਅਤੇ ਤੀਜਾ ਸਥਾਨ ਸਪੀਨਾ (ਸ.ਕੰ.ਸ.ਸ.ਸ.ਸੋਹਾਣਾ) ਨੇ ਪ੍ਰਾਪਤ ਕੀਤਾ। ਲੇਖ ਰਚਨਾ ਵਿੱਚ ਪਹਿਲਾ ਸਥਾਨ ਧਰਮਵੀਰ ਸਿੰਘ (ਸ.ਸ.ਸ.ਸ.ਤੀੜਾ), ਦੂਜਾ ਸਥਾਨ ਕਾਜਲ ਸੇਨ (ਸ.ਮ.ਸ.ਸ.ਸ.ਖਰੜ) ਅਤੇ  ਤੀਜਾ ਸਥਾਨ ਖੁਸ਼ਮੀਤ ਕੌਰ (ਸ.ਕੰ.ਸ.ਸ.ਸ.ਸੋਹਾਣਾ) ਨੇ ਪ੍ਰਾਪਤ ਕੀਤਾ। ਕਹਾਣੀ ਰਚਨਾ ਵਿੱਚ ਪਹਿਲਾ ਸਥਾਨ ਰੰਜਨਾ (ਸ.ਮ.ਸ.ਸ.ਸ.ਖਰੜ), ਦੂਜਾ ਸਥਾਨ ਸਾਹਿਲਪ੍ਰੀਤ ਸਿੰਘ (ਸ.ਸ.ਸ.ਸ.ਤੀੜਾ) ਅਤੇ ਤੀਜਾ ਸਥਾਨ ਐਸ਼ਵੀ ਠਾਕੁਰ (ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ) ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਇਸ਼ੂ ਸੈਣੀ (ਸ.ਸ.ਸ.ਸ.ਪੰਡਵਾਲਾ), ਦੂਜਾ ਸਥਾਨ ਅੰਸ਼ਿਕਾ (ਸ.ਹ.ਸ.ਕਰਾਲਾ) ਅਤੇ ਤੀਜਾ ਸਥਾਨ ਵੈਭਵ ਸ਼ਰਮਾ (ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ) ਨੇ ਪ੍ਰਾਪਤ ਕੀਤਾ। ਮੁਕਾਬਲਿਆਂ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ, ਅਸ਼ਵਨੀ ਕੁਮਾਰ ਦੱਤਾ (ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਸ਼੍ਰੀਮਤੀ ਕੰਚਨ ਸ਼ਰਮਾ (ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.),  ਸ਼੍ਰੀਮਤੀ ਪਰਮਿੰਦਰ ਕੌਰ (ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਖੋਜ ਅਫ਼ਸਰ ਦਰਸ਼ਨ ਕੌਰ, ਖੋਜ ਇੰਸਟ੍ਰਕਟਰ ਜਤਿੰਦਰਪਾਲ ਸਿੰਘ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਅਤੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। 

ਇਨ੍ਹਾਂ ਮੁਕਾਬਲਿਆਂ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥੀਆਂ ਅੰਦਰ ਇਹਨਾਂ ਮੁਕਾਬਲਿਆਂ ਨੂੰ ਲੈ ਕੇ ਉਤਸ਼ਾਹ ਵੇਖਣ ਵਾਲਾ ਸੀ।

No comments:


Wikipedia

Search results

Powered By Blogger