ਐੱਸ.ਏ.ਐੱਸ.ਨਗਰ, 22 ਮਾਰਚ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਰੇਲਵੇਓਵਰ ਬ੍ਰਿਜ, ਸੈਕਟਰ 81-82, ਏਅਰਪੋਰਟ ਰੋਡ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਬਾਬਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਰੇਲਵੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਇਹ ਪ੍ਰੋਜੈਕਟ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਣਾ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਰੇਲਵੇਜ਼ ਅਤੇ ਜੇ.ਐੱਲ.ਪੀ.ਐਲ ਵਲੋਂ ਸਾਂਝੇ ਤੌਰ ਉੱਤੇ ਕੀਤਾ ਜਾਣਾ ਹੈ। ਇਸ ਦੇ ਨਾਲ ਰੇਲਵੇ ਲਾਈਨ ਦੇ ਨਾਲ ਨਾਲ ਹੋਰਨਾਂ ਥਾਵਾਂ ਦੇ ਸੁੰਦਰੀਕਰਨ ਕਰਨ ਦੀਆਂ ਸੰਭਾਵਨਾਵਾਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਤੇ ਇਸ ਕਾਰਜ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਇਸ ਬਾਬਤ ਵੱਖੋ ਵੱਖ ਏਜੰਸੀਜ਼ ਨਾਲ ਸਮਝੌਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਰੇਲਵੇ ਨਾਲ ਮਿਲ ਕੇ ਮੁਬਾਰਕਪੁਰ ਤੇ ਗਾਜ਼ੀਪੁਰ ਅੰਡਰ ਪਾਸ ਦੇ ਰੱਖ ਰਖਾਵ ਲਈ ਕੰਮ ਕੀਤਾ ਜਾ ਰਿਹਾ ਹੈ। ਢਕੋਲੀ ਵਿਖੇ ਰੇਲਵੇ ਕ੍ਰਾਸਿੰਗ ਕਾਰਨ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵੀ ਯਤਨ ਜਾਰੀ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਹਾਲੀ ਰੇਲਵੇ ਸਟੇਸ਼ਨ ਦੇ ਕਾਇਆ ਕਲਪ ਦਾ ਵੀ ਪ੍ਰਸਤਾਵ ਹੈ ਤੇ ਇਸ ਸਬੰਧੀ ਰੇਲਵੇ ਵਲੋਂ ਵਿਸ਼ੇਸ਼ ਸਲਾਹਕਾਰ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਸਥਾਨਕ ਸੱਭਿਆਚਾਰ ਮੁਤਾਬਕ ਇਸ ਸਟੇਸ਼ਨ ਦੀ ਕਾਇਆ ਕਲਪ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੇਲਵੇਓਵਰ ਬ੍ਰਿਜ, ਸੈਕਟਰ 81-82, ਏਅਰਪੋਰਟ ਰੋਡ
ਪ੍ਰੋਜੈਕਟ ਮੁਕੰਮਲ ਹੋਣ ਉੱਤੇ ਸ਼ਹਿਰ ਦੀ ਖੂਬਸੂਰਤੀ ਵਿਚ ਵਾਧਾ ਹੋਵੇਗਾ ਤੇ ਇਹ ਥਾਂ ਲੋਕਾਂ ਲਈ ਖਿੱਚ ਦਾ ਕੇਂਦਰ ਵੀ ਬਣੇਗੀ। ਉਹਨਾਂ ਦੱਸਿਆ ਕਿ ਵੱਖੋ ਵੱਖ ਥਾਂਵਾਂ ਤੋਂ ਇਥੇ ਆ ਕੇ ਰਹਿਣਾ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਲਈ ਤੇਜ਼ੀ ਨਾਲ ਵਿਕਾਸ ਦੀਆਂ ਬੁਲੰਦੀਆਂ ਛੂਹ ਰਹੇ ਜ਼ਿਲ੍ਹੇ ਦੇ ਸੁੰਦਰੀਕਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਸ਼੍ਰੀਮਤੀ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰੋਜੈਕਟ ਸਬੰਧੀ ਗੁਣਵਤਾ ਯਕੀਨੀ ਬਣਾਈ ਜਾਵੇ ਤੇ ਇਸ ਸਬੰਧੀ ਕੋਈ ਢਿੱਲ ਨਾ ਛੱਡੀ ਜਾਵੇ।
No comments:
Post a Comment