ਚੰਡੀਗੜ੍ਹ 07 ਮਾਰਚ : ਇਹ ਦਸਦਿਆਂ ਸਾਨੂੰ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸਤਿਗੁਰੂ ਉਦੈ ਸਿੰਘ ਜੀ ਦੀ ਸ੍ਰਪਰਸਤੀ ਹੇਠ ਇਸ ਵਰੇ ਦੇ ਸਾਲਾਨਾ ਹੋਲਾ ਮੁਹੱਲਾ ਦੌਰਾਨ ਸਰਬ ਧਰਮ ਸੰਮੇਲਨ 'ਏਕ ਪਿਤਾ ਏਕਸ ਕੇ ਹਮ ਬਾਰਕ' 9 ਮਾਰਚ ਨੂੰ ਸ੍ਰੀ ਭੈਣੀ ਸਾਹਿਬ, (ਲੁਧਿਆਣਾ) ਵਿਖੇ ਕਰਵਾਉਣ ਜਾ ਰਹੇ ਹਾਂ | ਇਹ ਸਰਬ ਧਰਮ ਸੰਮੇਲਨ ਸੰਸਾਰ ਭਰ ਵਿਚ ਅਮਨ, ਸ਼ਾਂਤੀ ਅਤੇ ਮਨੁੱਖੀ ਸਦਭਾਵਨਾ ਨੂੰ ਸਮਰਪਿਤ ਹੋਵੇਗਾ |
ਨਾਮਧਾਰੀ ਸੰਗਤ ਆਪਣੀਆਂ ਸ਼ਾਨਦਾਰ ਅਤੇ ਮਾਣਮੱਤੀਆਂ ਰਵਾਇਤਾਂ ਲਈ ਜਾਣੀ ਜਾਂਦੀ ਹੈ | ਇਤਿਹਾਸ ਵਿਚ ਬਸਤੀਵਾਦੀ ਦੌਰ ਦੌਰਾਨ ਨਾਮਧਾਰੀ ਸੰਪਰਦਾ ਨੇ ਆਪਣੀਆਂ ਸ਼ਾਨਦਾਰ ਰਵਾਇਤਾਂ ਕਾਇਮ ਰੱਖਦਿਆਂ ਸਮਾਜ ਸੇਵਾ ਦੇ ਨਾਲ-ਨਾਲ ਮਨੁੱਖੀ ਆਜ਼ਾਦੀ, ਬਰਾਬਰਤਾ ਅਤੇ ਔਰਤਾਂ ਨੂੰ ਬਰਾਬਰ ਦਾ ਸਨਮਾਨ ਦੇਣ ਦੀ ਮੁਹਿੰਮ ਚਲਾਈ | ਨਾਮਧਾਰੀ ਸੰਪਰਦਾ ਦੀ ਨੀਂਹ ਅਧਿਆਤਮ ਅਤੇ ਗੁਰਬਾਣੀ 'ਤੇ ਟਿਕੀ ਹੋਈ ਹੈ |
ਸਤਿਗੁਰੂ ਰਾਮ ਸਿੰਘ ਜੀ ਨੇ 1857 ਵਿਚ ਕੂਕਾ ਲਹਿਰ ਦੌਰਾਨ ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਨਾਮਿਲਵਰਤਣ ਲਹਿਰ ਦੀ ਆਰੰਭਤਾ ਕੀਤੀ | ਸਤਿਗੁਰੂ ਰਾਮ ਸਿੰਘ ਜੀ ਨੂੰ ਆਜ਼ਾਦੀ ਸੰਗਰਾਮ ਦੌਰਾਨ ਨਾਮਿਲਵਰਤਣ ਲਹਿਰ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ | ਸਮਾਜ ਸੁਧਾਰ ਲਹਿਰ ਦੌਰਾਨ ਵਿਧਵਾਵਾਂ ਦੇ ਵਿਆਹ ਦੀ ਰਵਾਇਤ ਤੋਰ ਕੇ ਉਨ੍ਹਾਂ ਵੱਡਾ ਇਨਕਲਾਬੀ ਕਦਮ ਪੁੱਟਿਆ | ਇਸ ਦੇ ਨਾਲ-ਨਾਲ ਔਰਤਾਂ ਲਈ ਵੀ ਅੰਮਿ੍ਤਪਾਨ ਅਤੇ ਆਨੰਦ ਕਾਰਜ ਰਾਹੀਂ ਦਹੇਜ ਤੋਂ ਬਿਨਾਂ ਵਿਆਹ ਦੀ ਰੀਤ ਚਲਾਈ ਗਈ |
ਨਾਮਧਾਰੀ ਸੰਗਤ ਇਸ ਗੱਲ ਵਿਚ ਵੀ ਯਕੀਨ ਕਰਦੀ ਹੈ ਕਿ ਮਨ ਦੀ ਸ਼ਾਂਤੀ ਅਤੇ ਅਧਿਆਤਮ ਵਿਚ ਲੀਨ ਹੋਣ ਲਈ ਸੰਗੀਤ ਅਹਿਮ ਭੂਮਿਕਾ ਨਿਭਾਉਂਦਾ ਹੈ | ਨਾਮਧਾਰੀ ਸੰਗੀਤ ਘਰਾਣੇ ਨੇ ਇਹ ਮਾਣ ਹਾਸਲ ਕਰਦਿਆਂ ਨਵੀਂਆਂ ਉਚਾਈਆਂ ਨੂੰ ਛੋਹਿਆ ਹੈ |
ਅਕਾਲ ਪੁਰਖ ਦੀ ਸਭ ਤੋਂ ਉੱਤਮ ਰਚਨਾ ਮਨੁੱਖ ਇਨ੍ਹੀਂ ਦਿਨੀਂ ਬਹੁਤ ਭਿਆਨਕ ਦੌਰ ਦਾ ਸਾਹਮਣਾ ਕਰ ਰਿਹਾ ਹੈ | ਆਪਣੀ ਹੀ ਹਊਮੈ ਦਾ ਸ਼ਿਕਾਰ ਮਨੁੱਖ ਲੋਭ, ਮੋਹ, ਮਾਇਆ, ਨਫ਼ਰਤ ਅਤੇ ਹਿੰਸਾ ਵਿਚ ਧੱਸਦਾ ਜਾ ਰਿਹਾ ਹੈ | ਦੁਨੀਆ ਦੇ ਹਰ ਹਿੱਸੇ ਵਿਚ ਪੱਸਰੀ ਅਸਥਿਰਤਾ, ਬੇਚੈਨੀ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ |
ਸੰਸਾਰ ਨੂੰ ਅੱਜ ਸ਼ਾਂਤੀ, ਸਹਿਣਸ਼ੀਲਤਾ, ਸਚਾਈ, ਮਾਨਸਿਕ ਸੰਤੁਸ਼ਟੀ, ਨੈਤਿਕਤਾ ਅਤੇ ਦਿਆਨਤਦਾਰੀ ਦਾ ਸੁਨੇਹਾ ਦੇਣ ਦੀ ਜ਼ਰੂਰਤ ਹੈ | ਅਧਿਆਤਮ ਅਤੇ ਪਿਆਰ ਨਾਲ ਹੀ ਇਨ੍ਹਾਂ ਅਲਾਮਤਾਂ ਨੂੰ ਦੂਰ ਕੀਤਾ ਜਾ ਸਕਦਾ ਹੈ | ਇਸ ਦੀ ਪ੍ਰਾਪਤੀ ਲਈ ਧਰਮ ਹੀ ਇਕੋ-ਇਕ ਮਾਰਗ ਹੈ | ਸਾਂਝੀਵਾਲਤਾ, ਸੁੱਖ-ਸ਼ਾਂਤੀ, ਏਕਤਾ ਹੀ ਚੰਗੇ ਸਮਾਜ ਦੀ ਮਜ਼ਬੂਤ ਨੀਂਹ ਰੱਖ ਸਕਦੇ ਹਨ | ਇਸ ਮਕਸਦ ਨਾਲ ਹੀ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ |
ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਸਾਰੇ ਧਰਮਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ | ਰਾਧਾ ਸਵਾਮੀ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਜੀ, ਐਚ.ਐਚ. ਸਵਾਮੀ ਅਵਦੇਸ਼ਾਨੰਦ ਗਿਰੀ ਜੀ ਮਹਾਰਾਜ, ਐਚ.ਐਚ. ਜੈਨ ਅਚਾਰਿਆ, ਡਾ. ਲੋਕੇਸ਼ ਮੁਨੀ ਜੀ, ਹਾਜੀ ਸਯਦ ਸਲਮਾਨ ਚਿਸ਼ਤੀ (ਗੱਦੀ ਨਸ਼ੀਨ ਦਰਗਾਹ ਅਜਮੇਰ ਸ਼ਰੀਫ), ਬੋਧ ਸਮਾਜ, ਸੰਤ ਨਿਰੰਜਣ ਦਾਸ ਜੀ, ਡੇਰਾ ਬੱਲਾਂ ਵਾਲੇ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖ ਸੰਤ ਸਮਾਜ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ |
No comments:
Post a Comment