ਜਗਰਾਉਂ, 07 ਮਾਰਚ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬੱਜਟ ਸ਼ੈਸ਼ਨ ਦੌਰਾਨ ਆਪਣੀ ਅਵਾਜ਼ ਬੁਲੰਦ ਕਰਦਿਆਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਬਿਜਲੀ ਦੇ ਖੰਬਿਆਂ ਉਪਰ ਲੱਗੇ ਨੀਵੇਂ ਬਿਜਲੀ ਮੀਟਰਾਂ ਅਤੇ ਖੰਬਿਆਂ ਉਪਰ ਤਾਰਾਂ ਦੇ ਇਕੱਠੇ ਹੋਏ ਜਾਲਾਂ ਦਾ ਮੁੱਦਾ ਚੁੱਕਿਆ। ਵਿਧਾਇਕਾ ਮਾਣੂੰਕੇ ਨੇ ਬੋਲਦਿਆਂ ਆਖਿਆ ਕਿ ਮੇਰੇ ਹਲਕਾ ਜਗਰਾਉਂ ਦੇ ਅਧੀਨ ਪੈਂਦੇ ਸ਼ਹਿਰ ਅਤੇ ਪਿੰਡਾਂ ਅੰਦਰ ਲੋਕਾਂ ਦੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਕੱਢਣ ਮੌਕੇ ਪ੍ਰਾਈਵੇਟ ਕੰਪਨੀ ਵੱਲੋਂ ਲੋਕਾਂ ਦੇ ਘਰਾਂ ਅਤੇ ਬਿਜਲੀ ਦੇ ਖੰਬਿਆਂ ਉਪਰ ਤਾਰਾਂ ਦੇ ਜਾਲ ਇਕੱਠੇ ਕਰ ਦਿੱਤੇ ਹਨ ਅਤੇ ਪ੍ਰੋਪਰ ਤਰੀਕੇ ਨਾਲ ਤਾਰਾਂ ਦੀ ਕੋਈ ਬਾਈਡਿੰਗ ਨਹੀਂ ਕੀਤੀ ਗਈ ਹੈ। ਬਹੁਤ ਥਾਵਾਂ ਤੇ ਬਿਜਲੀ ਦੇ ਮੀਟਰ ਵੀ ਨੀਵੇਂ ਲਗਾਏ ਗਏ ਹਨ, ਜੋ ਬਰਸਾਤਾਂ ਦੇ ਦਿਨਾਂ ਦੌਰਾਨ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ।
ਵਿਧਾਇਕਾ ਮਾਣੂੰਕੇ ਨੇ ਸੁਆਲ ਉਠਾਉਂਦਿਆਂ ਇਹ ਵੀ ਕਿਹਾ ਕਿ ਕਈ ਪਿੰਡਾਂ ਅੰਦਰ ਬਿਜਲੀ ਦੀਆਂ ਤਾਰਾਂ ਨੀਵੀਆਂ ਤੇ ਪੁਰਾਣੀਆਂ ਵੀ ਹੋ ਚੁੱਕੀਆਂ ਹਨ। ਇਸ ਲਈ ਇਹਨਾਂ ਢਿੱਲੀਆਂ ਤਾਰਾਂ ਨੂੰ ਪੈਡੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਬਦਲੀ ਕੀਤਾ ਜਾਵੇ ਅਤੇ ਢਿੱਲੀਆਂ ਤਾਰਾਂ ਨੂੰ ਕਸਿਆ ਜਾਵੇ। ਵਿਧਾਇਕਾ ਮਾਣੂੰਕੇ ਵੱਲੋਂ ਉਠਾਏ ਗਏ ਸੁਆਲਾਂ ਦਾ ਜੁਵਾਬ ਦਿੰਦੇ ਹੋਏ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਖਪਤਕਾਰਾਂ ਦੇ ਘਰੇਲੂ ਅਤੇ ਦੁਕਾਨਾਂ ਦੇ ਮੀਟਰ ਘਰਾਂ ਵਿੱਚੋਂ ਬਾਹਰ ਕੱਢਕੇ ਪਿੱਲਰ ਬਕਸ਼ਿਆਂ ਵਿੱਚ ਲਗਾਉਣ ਦਾ ਕੰਮ ਸਾਲ 2011-12 ਵਿੱਚ ਲਗਭਗ 10-11 ਸਾਲ ਪਹਿਲਾਂ ਮਹਾਂ ਸ਼ਕਤੀ ਪ੍ਰਾਈਵੇਟ ਕੰਪਨੀ ਬਠਿੰਡਾ ਵੱਲੋਂ ਕੀਤਾ ਗਿਆ ਸੀ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਨੀਵੇਂ ਪਿੱਲਰ ਬਕਸ਼ਿਆਂ ਕਾਰਨ ਕੋਈ ਹਾਦਸਾ ਨਹੀਂ ਵਾਪਰਿਆ। ਕੁੱਝ ਪਿੰਡਾਂ ਵਿੱਚ ਗਲੀਆਂ ਤੇ ਨਾਲੀਆਂ ਨਵੀਆਂ ਬਣਨ ਨਾਲ ਉਚੀਆਂ ਹੋ ਗਈਆਂ ਹਨ। ਜਿਸ ਨਾਲ ਬਕਸ਼ੇ ਤੇ ਉਪਰੋਂ ਲੰਘਦੀਆਂ ਤਾਰਾਂ ਨੀਵੀਆਂ ਹੋ ਗਈਆਂ ਹਨ ਅਤੇ ਕੁੱਝ ਥਾਵਾਂ ਤੇ ਇੰਟਰਨੈਟ ਤੇ ਟੈਲੀਫੋਨ ਦੀਆਂ ਤਾਰਾਂ ਬੰਨੀਆਂ ਹੋਣ ਕਾਰਨ ਤਾਰਾਂ ਦੇ ਜਾਲ ਬਣ ਗਏ ਹਨ।
ਉਹਨਾਂ ਕਿਹਾ ਕਿ ਨੀਵੇਂ ਹੋ ਚੁੱਕੇ ਬਕਸ਼ਿਆਂ ਨੂੰ ਸਾਈਟਾਂ ਚੈਕ ਕਰਕੇ ਉਚੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਉਪਰੰਤ ਵਿਧਾਇਕਾ ਮਾਣੂੰਕੇ ਨੇ ਫਿਰ ਆਖਿਆ ਕਿ ਮੇਰੇ ਹਲਕੇ ਦੇ ਪਿੰਡ ਡਾਂਗੀਆਂ ਵਿਖੇ ਪਿਛਲੇ ਦਿਨੀ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ। ਇਸ ਲਈ ਇਹ ਕੰਮ ਪੈਡੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ। ਇਸ 'ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਭਰੋਸ ਦਿਵਾਉਂਦਿਆਂ ਆਖਿਆ ਕਿ ਕੀਤੇ ਗਏ ਸਰਵੇ ਅਨੁਸਾਰ ਕੁੱਲ 20×1 ਸਾਈਜ਼ ਦੇ 157 ਪਿੱਲਰ ਬਕਸ਼ਿਆਂ ਨੂੰ ਬਦਲੀ ਕਰਨ ਦਾ ਤਖਮੀਨਾਂ ਪਾਸ ਕੀਤਾ ਜਾ ਚੁੱਕਾ ਹੈ ਅਤੇ ਤਾਰਾਂ ਨੂੰ ਸਾਈਟਾਂ ਚੈਕ ਕਰਕੇ ਉਚਾ ਚੁੱਕਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮੰਤਰੀ ਸਾਹਬ ਨੇ ਆਖਿਆ ਕਿ ਧਾਲੀਵਾਲ ਕਲੋਨੀ ਅਤੇ ਡਿਸਪੋਜ਼ਲ ਰੋਡ ਦੇ ਏਰੀਏ ਵਿੱਚ 20×1 ਸਾਈਜ਼ ਦੇ 5 ਨਵੇਂ ਪਿੱਲਰ ਬਕਸ਼ਿਆਂ ਨੂੰ 4×1 ਅਤੇ 6×1 ਸਾਈਜ਼ ਦੇ 25 ਮੀਟਰ ਬਕਸ਼ਿਆਂ ਨਾਲ ਬਦਲੀ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਬਚਦੇ 20×1 ਸਾਈਜ਼ ਦੇ 152 ਦੇ ਪਿੱਲਰ ਬਕਸ਼ਿਆਂ ਨੇ 4×1 ਅਤੇ 6×1 ਸਾਈਜ਼ ਦੇ ਲਗਭਗ 760 ਮੀਟਰ ਬਕਸ਼ੇ ਲਗਾਕੇ ਆਉਣ ਵਾਲੇ 4 ਮਹੀਨਿਆਂ ਵਿੱਚ ਬਦਲੀ ਕਰ ਦਿੱਤੇ ਜਾਣਗੇ ਅਤੇ ਢਿੱਲੀਆਂ ਤਾਰਾਂ ਨੂੰ ਵੀ ਉਚਾ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਵਿਧਇਕਾ ਮਾਣੂੰਕੇ ਨੇ ਅੱਜ ਵਿਧਾਨ ਸਭਾ ਵਿੱਚ ਪ੍ਰਾਈਵੇਟ ਬੱਸਾਂ ਦੀਆਂ ਮਨਮਰਜ਼ੀਆਂ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਇੱਕ ਪ੍ਰਾਈਵੇਟ ਬੱਸ ਨੇ ਜਗਰਾਉਂ ਹਲਕੇ ਪਿੰਡ ਗਾਲਿਬ ਖੁਰਦ ਵਿੱਚ ਪਿਛਲੇ ਇੱਕ ਸਾਲ ਤੋਂ ਬੱਸ ਹੀ ਨਹੀਂ ਚਲਾਈ। ਇਸ ਲਈ ਕਾਰਵਾਈ ਕੀਤੀ ਜਾਵੇ। ਉਕਤ ਤੋਂ ਇਲਾਵਾ ਬੀਬੀ ਮਾਣੂੰਕੇ ਨੇ ਅੱਜ ਅਪਾਹਜ਼ ਅਤੇ ਮੰਦਬੁੱਧੀ ਬੱਚਿਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਆਖਿਆ ਕਿ ਜੋ ਬੱਚੇ ਪ੍ਰਮਾਤਮਾਂ ਦੀ ਰਜ਼ਾ ਕਰਕੇ ਅੰਗਹੀਣ ਪੈਦਾ ਹੁੰਦੇ ਹਨ ਜਾਂ ਦਿਮਾਗੀ ਤੌਰਤੇ ਵਿਕਸਤ ਨਹੀਂ ਹੁੰਦੇ। ਬਹੁਤ ਸਾਰੇ ਬੱਚੇ ਮਾਪਿਆਂ ਵੱਲੋਂ ਬੇਕਦਰੀ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਕਈਆਂ ਦੇ ਮਾਪੇ ਨਹੀਂ ਰਹਿੰਦੇ, ਫਿਰ ਉਹਨਾਂ ਬੱਚਿਆਂ ਨੂੰ ਜ਼ਿੰਦਗੀ ਜਿਊਣਾ ਮੁਹਾਲ ਹੋ ਜਾਂਦਾ ਹੈ। ਇਸ ਲਈ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਅਜਿਹੇ ਬੱਚਿਆਂ ਨੂੰ ਜਨਮ ਸਮੇਂ ਤੋਂ ਹੀ ਪੈਨਸ਼ਨ ਲਗਾ ਦੇਣੀ ਚਾਹੀਦੀ ਹੈ ਅਤੇ ਇੱਕ ਆਸਾ ਵਰਕਰ ਦੀ ਡਿਊਟੀ ਲਗਾਈ ਜਾਵੇ ਕਿ ਉਹਨਾਂ ਬੱਚਿਆ ਦਾ ਹਫ਼ਤੇ ਬਾਅਦ ਚੈਕ-ਅੱਪ ਕਰੇ ਅਤੇ ਉਹਨਾਂ ਲਈ ਮੈਡੀਕਲ ਸਹੂਲਤ ਦਾ ਵੀ ਪ੍ਰਬੰਧ ਪਹਿਲ ਪੱਧਰ ਤੇ ਕੀਤਾ ਜਾਵੇ ਤਾਂ ਜੋ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਆਪਣਾ ਜੀਵਨ ਇੱਜ਼ਤ ਨਾਲ ਜਿਉਂ ਸਕਣ।
No comments:
Post a Comment