ਐੱਸ ਏ ਐੱਸ ਨਗਰ 02 ਮਾਰਚ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਵੱਲੋ ਆਤਮਾ ਸਕੀਮ ਅਧੀਨ ਪਿੰਡ ਬਦਰਪੁਰ ਬਲਾਕ ਖਰੜ ਵਿਖੇ ਕਿਸਾਨ ਭੁਪਿੰਦਰ ਸਿੰਘ ਦੇ ਫਾਰਮ 'ਤੇ ਸਮਾਰਟ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਸਬੰਧੀ ਕਿਸਾਨ ਗੋਸ਼ਟੀ ਕਰਵਾਈ ਗਈ।
ਇਸ ਮੌਕੇ ਡਾ.ਅਵਤਾਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਮਾਰਟ ਸੀਡਰ ਮਸ਼ੀਨ ਇਕ ਨਵੀਨਤਮ ਤਕਨੀਕ ਹੈ, ਜਿਸ ਨਾਲ ਸੁਪਰ ਸੀਡਰ ਮਸ਼ੀਨ ਦੇ ਮੁਕਾਬਲੇ ਘੱਟ ਹਾਰਸਪਾਵਰ ਵਾਲੇ ਟ੍ਰੈਕਟਰ ਨਾਲ ਅਸਾਨੀ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ ।
ਇਸ ਤਕਨੀਕ ਨਾਲ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਹਰਮੀਤ ਕੌਰ ਕੇ.ਵੀ.ਕੇ ਨੇ ਕਣਕ ਦੀ ਫਸਲ 'ਤੇ ਕੀੜੇ/ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਡਾ. ਗੁਰਦਿਆਲ ਕੁਮਾਰ ਅਤੇ ਡਾ. ਬੂਟਾ ਸਿੰਘ ਏ.ਡੀ.ਓ. ਨੇ ਖੇਤੀ ਮਸ਼ੀਨਰੀ ਅਤੇ ਕੁਆਲਿਟੀ ਕੰਟਰੋਲ ਬਾਰੇ ਦੱਸਿਆ।
ਡਾ. ਗੁਰਨਾਮ ਸਿੰਘ ਵੈਟਰਨਰੀ ਅਫਸਰ ਨੇ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਬਾਰੇ ਦੱਸਿਆ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਮਾਰਟ ਸੀਡਰ ਮਸ਼ੀਨ ਨਾਲ ਬੀਜੀ ਕਣਕ ਵਿੱਚ ਸੁਪਰ ਸੀਡਰ ਮਸ਼ੀਨ ਨਾਲ ਬੀਜੀ ਕਣਕ ਦੇ ਮੁਕਾਬਲੇ ਪਾਣੀ ਘੱਟ ਲੱਗਦਾ ਹੈ, ਨਦੀਨ ਘੱਟ ਉਗਦੇ ਹਨ ਅਤੇ ਚੂਹੇ ਵੀ ਘੱਟ ਨੁਕਸਾਨ ਕਰਦੇ ਹਨ। ਸ੍ਰੀਮਤੀ ਸਿੰਖਾ ਸਿੰਗਲਾ ਡੀ.ਪੀ.ਡੀ ਨੇ ਆਤਮਾ ਸਕੀਮ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ।
ਡਾ. ਜਗਦੀਪ ਸਿੰਘ ਬੀ.ਟੀ.ਐੱਮ ਨੇ ਸਟੇਜ ਦਾ ਸੰਚਾਲਨ ਕੀਤਾ।ਇਸ ਮੌਕੇ ਡਾ. ਅਜੈ ਕੁਮਾਰ ਏ.ਈ.ਓ., ਡਾ. ਸੁੱਚਾ ਸਿੰਘ ਏ.ਈ.ਓ., ਹਰਚੰਦ ਸਿੰਘ, ਦਿਵਿਆ ਏ.ਐਸ.ਆਈ ਕੁਲਵਿੰਦਰ ਸਿੰਘ, ਸਵਿੰਦਰ ਕੁਮਾਰ ਏ.ਟੀ.ਐਮ. ਅਤੇ ਕਿਸਾਨ ਸੁਖਵਿੰਦਰ ਸਿੰਘ, ਭਗਵੰਤ ਸਿੰਘ, ਅਵਤਾਰ ਸਿੰਘ ਹਾਜ਼ਰ ਸਨ।
No comments:
Post a Comment