ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ
ਐਸ.ਏ.ਐਸ ਨਗਰ, 13 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕਰਦੇ ਹੋਏੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਮੌਜੂਦਾ ਫ਼ੋਟੋ ਵੋਟਰ ਸੂਚੀ ਵਿੱਚ ਦਰਜ ਸਮੁੱਚੇ ਵੋਟਰਾਂ ਦੇ ਡਾਟਾ ਨੂੰ ਆਧਾਰ ਡਾਟਾ ਨਾਲ ਜੋੜਨ ਲਈ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ ਤੇ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ ਹੁਣ ਤੱਕ 77.74 ਫ਼ੀਸਦ ਕੰਮ ਮੁਕੰਮਲ ਹੋ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਕੀ ਰਹਿੰਦੇ ਵੋਟਰਾਂ ਪਾਸੋਂ ਆਧਾਰ ਦੇ ਵੇਰਵੇ ਪ੍ਰਾਪਤ ਕਰਨ ਲਈ ਵੋਟਰਾਂ ਦੀ ਸਹੂਲਤ ਵਾਸਤੇ ਸਮੂਹ ਬੀ.ਐੱਲ.ਓਜ਼ ਮਿਤੀ 16 ਅਪ੍ਰੈਲ (ਦਿਨ ਐਤਵਾਰ) ਨੂੰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਘਰ-ਘਰ ਜਾ ਕੇ ਫਾਰਮ ਨੰ.6 ਬੀ ਇਕੱਤਰ ਕਰਨਗੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾਂ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਸਬੰਧਤ ਵੋਟਰ, ਫਾਰਮ ਨੰ.6 ਬੀ ਵਿੱਚ ਦਰਜ 11 ਕਿਸਮ ਦੇ ਦਸਤਾਵੇਜ਼ਾਂ ਵਿੱਚੋਂ ਕਿਸੇ ਇੱਕ ਦਸਤਾਵੇਜ਼ ਦੀ ਕਾਪੀ ਆਪਣੇ ਬੀ.ਐੱਲ.ਓਜ਼ ਪਾਸ ਜਮ੍ਹਾਂ ਕਰਵਾ ਸਕਦੇ ਹਨ ਜਾਂ ਕਮਿਸ਼ਨ ਦੀ “ਐਨ.ਵੀ.ਐਸ.ਪੀ ਡਾਟ ਇੰਨ” ਵੈਬਸਾਈਟ ਜਾਂ “ਵੋਟਰ ਹੈਲਪਲਾਈਨ” ਮੋਬਾਇਲ ਐਪ 'ਤੇ ਆਨਲਾਈਨ ਵੀ ਆਪਣਾ ਆਧਾਰ ਨੰਬਰ ਪ੍ਰਮਾਣਿਤ ਕਰ ਸਕਦੇ ਹਨ। ਉਹਨਾਂ ਨੇ ਸਪਸ਼ਟ ਕੀਤਾ ਕਿ ਵੋਟਰ ਵੱਲੋਂ ਆਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈ-ਇੱਛਤ ਹਨ।
ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਸ਼ੇਸ਼ ਕੈਂਪ ਦੌਰਾਨ ਉਹ ਸੁਪਰਵਾਈਜ਼ਰਾਂ ਅਤੇ ਬੀ.ਐੱਲ.ਓਜ਼ ਨੂੰ ਆਧਾਰ ਕਾਰਡ ਦੇ ਵੇਰਵੇ ਲਿੰਕ ਕਰਵਾਉਣ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਬਕਾਇਆ ਰਹਿੰਦਾ ਟੀਚਾ ਵੀ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
No comments:
Post a Comment